Awaaz Qaum Di

ਹੁਣ ਕਾਂਗਰਸੀ ਨੇ ਢਾਹਿਆ ਗਰਭਵਤੀ ਦਲਿਤ ਔਰਤ ‘ਤੇ ਕਹਿਰ

ਅਬੋਹਰ ਤੇ ਸੰਗਰੂਰ ਕਾਂਡ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਹੋਡਲਾਂ ਕਲਾਂ ਦੀ ਅੱਠ ਮਹੀਨੇ ਦੀ ਗਰਭਵਤੀ ਦਲਿਤ ਔਰਤ ਦੀ ਇਕ ਕਾਂਗਰਸੀ ਆਗੂ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਕਰਨ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਇਹ ਤਣਾਅ ਉਸ ਵੇਲੇ ਹੋਰ ਵਧ ਗਿਆ, ਜਦੋਂ ਭੀਖੀ ਪੁਲਿਸ ਵੱਲੋਂ ਪੀੜਤ ਔਰਤ ਹਰਪ੍ਰੀਤ ਕੌਰ ਦੇ ਬਿਆਨਾਂ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਮਾਮੂਲੀ ਧਾਰਾਵਾਂ ਲਾਈਆਂ ਗਈਆਂ।
ਪੁਲਿਸ ਦੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਜਦੋਂ ਪਿੰਡ ਵਿੱਚ ਲਲਕਾਰ ਰੈਲੀ ਰੱਖੀ ਤਾਂ ਡੀ.ਐਸ.ਪੀ. ਰੁਪਿੰਦਰ ਭਾਰਦਵਾਜ, ਭੀਖੀ ਪੁਲਿਸ ਨੂੰ ਲੈ ਕੇ ਪਿੰਡ ਹੋਡਲਾਂ ਕਲਾਂ ਪਹੁੰਚ ਗਏ। ਉਨ੍ਹਾਂ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਤਣਾਅ ਨੂੰ ਠੱਲ੍ਹਣ ਦਾ ਉਪਰਾਲਾ ਕੀਤਾ। ਜਥੇਬੰਦੀ ਨੇ ਮਾਮਲੇ ਵਿੱਚ ਢਿੱਲ-ਮੱਸ ਰਹਿਣ ‘ਤੇ 6 ਜਨਵਰੀ ਨੂੰ ਥਾਣਾ ਭੀਖੀ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਗਈ।
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਦੱਸਿਆ ਕਿ ਰਾਜ ਵਿੱਚ ਮਾੜੇ ਪੁਲੀਸ ਪ੍ਰਬੰਧਾਂ ਕਾਰਨ ਦਲਿਤਾਂ ਉੱਪਰ ਦਿਨੋਂ-ਦਿਨ ਗੈਰਮਨੁੱਖੀ ਕਾਰੇ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਹੁਣ ਹੋਡਲਾਂ ਕਲਾਂ ਵਿੱਚ ਅੱਠ ਮਹੀਨੇ ਦੀ ਗਰਭਵਤੀ ਔਰਤ ਦੀ ਇਕ ਕਾਂਗਰਸੀ ਆਗੂ ਵੱਲੋਂ ਘਰ ਆ ਕੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਹੈ। ਇਸ ਦੀ ਪੁਲਿਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਮਾਮੂਲੀ ਧਾਰਾਵਾਂ ਲਾਈਆਂ ਗਈਆਂ ਹਨ। ਉਨ੍ਹਾਂ ਪੁਲੀਸ ਦੇ ਪੱਖਪਾਤੀ ਰਵੱਈਏ ਦਾ ਉਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵਿਰੋਧ ਕੀਤਾ।

 

 

Follow me on Twitter

Contact Us