Awaaz Qaum Di

ਪੰਜਾਬ ਸਰਕਾਰ ਸੂਬੇ ਵਿਚਲੀ ਕੌਮਾਂਤਰੀ ਸਰਹੱਦ ਨੂੰ ਕਸ਼ਮੀਰ ਦੀ ਤਰਜ਼ ‘ਤੇ ਸੰਵਦੇਨਸ਼ੀਲ ਕਰਾਰ ਦੇਣ ਦੀ ਕੇਂਦਰ ਸਰਕਾਰ ਤੋਂ ਕਰੇਗੀ ਮੰਗ- ਸੁਖਬੀਰ ਸਿੰਘ ਬਾਦਲ

ਪੰਜਾਬ ਸਰਕਾਰ ਸੂਬੇ ਵਿਚਲੀ ਕੌਮਾਂਤਰੀ ਸਰਹੱਦ ਨੂੰ ਕਸ਼ਮੀਰ ਦੀ ਤਰਜ਼ ‘ਤੇ ਸੰਵਦੇਨਸ਼ੀਲ ਕਰਾਰ ਦੇਣ ਦੀ ਕੇਂਦਰ ਸਰਕਾਰ ਤੋਂ ਕਰੇਗੀ ਮੰਗ- ਸੁਖਬੀਰ ਸਿੰਘ ਬਾਦਲ ਪਠਾਨਕੋਟ ਵਿਚ ਡੀ.ਆਈ.ਜੀ. ਪੱਧਰ ਦਾ ਅਧਿਕਾਰੀ ਸਰਹੱਦੀ ਸੁਰੱਖਿਆ ਲਈ ਕੀਤਾ ਜਾਵੇਗਾ ਤਾਇਨਾਤ ਰਾਜ ਸਰਕਾਰ ਵੱਲੋਂ ਸਰਹੱਦ ‘ਤੇ ਦੂਜੀ ਕਤਾਰ ਦੀ ਸੁਰੱਖਿਆ ਸ਼ੁਰੂ ਕਰਨ ਬਾਰੇ ਯੋਜਨਾ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਰਾਮਾਂ ਮੰਡੀ ਤੋਂ ਦੂਜੀ ਰੇਲ ਗੱਡੀ ਨੂੰ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦਿਖਾਈ ਝੰਡੀ ਸਾਲਾਸਰ ਧਾਮ ਲਈ ਵੀ ਬਠਿੰਡਾ ਤੋਂ ਚਾਰ ਬੱਸਾਂ ਕੀਤੀਆਂ ਰਵਾਨਾ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਮੰਗ ਅਨੁਸਾਰ ਰੇਲ ਗੱਡੀਆਂ ਅਤੇ ਬੱਸਾਂ ਦੀ ਗਿਣਤੀ ਅਤੇ ਗੇੜੇ ਵਧਾਉਣ ਬਾਰੇ ਵਿਚਾਰਾਂ
ਬਠਿੰਡਾ, 7 ਜਨਵਰੀ (ਐਡਵੋਕੇਟ ਐਚ ਐਸ ਨਰੂਲਾ ) : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਸੂਬੇ ਵਿਚ ਪੈਂਦੀ ਕੌਮਾਂਤਰੀ ਸਰਹੱਦ ਨੂੰ ਜੰਮੂ-ਕਸ਼ਮੀਰ ਦੀ ਤਰਜ਼ ‘ਤੇ ਨਾਜ਼ੁਕ ਕਰਾਰ ਦੇਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰੱਹਦ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਉਸੇ ਤਰ੍ਹਾਂ ਪੰਜਾਬ ਵਿਚਲੀ ਕੌਮਾਂਤਰੀ ਸਰਹੱਦ ‘ਤੇ ਵੀ ਸੁਰੱਖਿਆ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।
ਇੱਥੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਰਾਜਸਥਾਨ ਦੇ ਸਾਲਾਸਰ ਧਾਮ ਲਈ ਚਾਰ ਬੱਸਾਂ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਲੱਗਦੀ ਕੌਮਾਂਤਰੀ ਸਰੱਹਦ ‘ਤੇ ਸੁਰੱਖਿਆ ਜ਼ਿਆਦਾ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨਾਲ ਗੱਲ ਕਰਕੇ ਖਾਸ ਬਟਾਲੀਅਨਾਂ ਤਾਇਨਾਤ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਹੱਦ ‘ਤੇ ਦੂਜੀ ਕਤਾਰ ਦਾ ਸੁਰੱਖਿਆ ਕਵਚ ਸ਼ੁਰੂ ਕਰਨ ਬਾਰੇ ਵੀ ਯੋਜਨਾ ਬਣਾ ਰਹੀ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਵਿਚ ਪੰਜਾਬ ਪੁਲਿਸ ਦੀ ਭੂਮਿਕਾ ਦਲੇਰਾਨਾ ਰਹੀ ਹੈ ਅਤੇ ਸਰਹੱਦੀ ਸੁਰੱਖਿਆ ਦੀ ਹੋਰ ਮਜ਼ਬੂਤੀ ਲਈ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਵਿਚ ਡੀਆਈਜੀ ਪੱਧਰ ਦਾ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ। ਉੱਧਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਠਾਨਕੋਟ ਅੱਤਵਾਦੀ ਹਮਲੇ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਹੱਦਾਂ ‘ਤੇ ਹੋਰ ਚੌਕਸੀ ਵਧਾਈ ਜਾਵੇਗੀ ਅਤੇ ਅੱਤਵਾਦੀ ਕਾਰਵਾਈਆਂ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਰਾਮਾਂ ਮੰਡੀ ਰੇਲਵੇ ਸਟੇਸ਼ਨ ਤੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਦੂਜੀ ਰੇਲ ਗੱਡੀ ਨੂੰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਹਰੀ ਝੰਡੀ ਦੇ ਕੇ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਮੰਗ ਅਨੁਸਾਰ ਰੇਲ ਗੱਡੀਆਂ ਅਤੇ ਬੱਸਾਂ ਦੀ ਗਿਣਤੀ ਅਤੇ ਗੇੜੇ ਵਧਾਉਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵਿਚ ਤੀਰਥ ਯਾਤਰਾ ਯੋਜਨਾ ਲਈ ਭਾਰੀ ਉਤਸ਼ਾਹ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਕੇ ਹਰੇਕ ਹਲਕੇ ਤੋਂ ਰੇਲ ਗੱਡੀਆਂ ਅਤੇ ਬੱਸਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ਅਤੇ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਜਮੇਰ ਸ਼ਰੀਫ ਅਤੇ ਮਾਤਾ ਵੈਸ਼ਨੋ ਦੇਵੀ ਲਈ ਵੀ ਸ਼ਰਧਾਲੂਆਂ ਨੂੰ ਲੈ ਕੇ ਜਾਇਆ ਜਾਵੇਗਾ।
ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਰੇਲ ਗੱਡੀ ਵਿਚ ਜਾ ਕੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਵੀ ਜਾਵੇ।ਹਜ਼ੂਰ ਸਾਹਿਬ ਦੀ ਯਾਤਰਾ ਲਈ ਤਲਵੰਡੀ ਸਾਬੋ ਤੋਂ ਜਾ ਰਹੇ 65 ਸਾਲਾਂ ਸ਼ਰਧਾਲੂ ਗੁਰਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਪ੍ਰਸ਼ੰਸਾਯੋਗ ਹੈ ਅਤੇ ਇਸ ਯੋਜਨਾ ਕਰਕੇ ਉਹ ਪਹਿਲੀ ਵਾਰ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਜਾ ਰਹੇ ਹਨ। ਇਕ ਹੋਰ ਬਜ਼ੁਰਗ ਸ਼ਰਧਾਲੂ ਹਰਦੇਵ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਵੀ ਪਹਿਲੀ ਵਾਰ ਜਾ ਰਹੇ ਹਨ ਅਤੇ ਉਨ੍ਹਾਂ ਇਸ ਮੁਫਤ ਯਾਤਰਾ ਬਾਰੇ ਉੱਪ ਮੁੱਖ ਮੰਤਰੀ ਨੂੰ ਦੁਆਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੇ ਆਮ ਲੋਕਾਂ ਵਿਚ ਸਰਕਾਰ ਦੇ ਅਕਸ ਵਿਚ ਸਕਾਰਾਤਮਕ ਵਾਧਾ ਕੀਤਾ ਹੈ।
ਇਸ ਤੋਂ ਬਾਅਦ ਬਠਿੰਡਾ ਤੋਂ ਚਾਰ ਬੱਸਾਂ ਨੂੰ ਸਾਲਾਸਰ ਧਾਮ ਲਈ ਰਵਾਨਾ ਕਰਨ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਬਗਲਾਵਾਲੀ ਧਰਮਸ਼ਾਲਾ ਸ੍ਰੀ ਹਨੂੰਮਾਨ ਮੰਦਿਰ ਵਿਖੇ ਮੱਥਾ ਟੇਕਿਆ। ਇਨ੍ਹਾਂ ਬੱਸਾਂ ਵਿਚ 200 ਦੇ ਕਰੀਬ ਸ਼ਰਧਾਲੂ ਯਾਤਰਾ ਕਰ ਰਹੇ ਹਨ। ਸਾਲਾਸਰ ਧਾਮ ਲਈ ਜਾਣ ਵਾਲੇ ਸ਼ਰਧਾਲੂਆਂ ਵਿਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਇਕ ਸ਼ਰਧਾਲੂ ਦੀਪਿਕਾ ਬਾਂਸਲ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਸਾਲਾਸਰ ਧਾਮ ਵਿਖੇ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਅਤੇ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਉੱਥੇ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਸੰਪਰਕ ਕੀਤਾ ਅਤੇ ਅੱਜ ਉਹ ਆਪਣੇ ਦੋਵੇਂ ਬੱਚਿਆ ਨਾਲ ਸਾਲਾਸਰ ਵਿਖੇ ਜਾ ਰਹੀ ਹੈ।
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਸ਼੍ਰੀ ਆਰ. ਵੈਂਕਟਰਤਨਮ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਮੀਤ ਕੁਮਾਰ ਜਾਰੰਗਲ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਬਠਿੰਡਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਡਾ. ਓਮ ਪ੍ਰਕਾਸ਼ ਸ਼ਰਮਾ, ਜ਼ਿਲ੍ਹਾ ਪ੍ਰੈਸ ਸਕੱਤਰ, ਰਣਜੀਤ ਲੰਬੀ, ਮਨਜੀਤ ਲਾਲਬਾਈ ਆਦਿ ਹਾਜ਼ਰ ਸਨ।

 

 

Follow me on Twitter

Contact Us