Awaaz Qaum Di

ਡਿਪਟੀ ਕਮਿਸ਼ਨਰ ਨੇ ਕੀਤੀ ਸੁਵਿਧਾ ਕੇਂਦਰ ਦੀ ਅਚਨਚੇਤ ਚੈਕਿੰਗ-ਜਨਤਾ ਨੂੰ ਬਿਹਤਰ ਅਤੇ ਮਿੱਥੇ ਸਮੇਂ ਅੰਦਰ ਸੇਵਾਵਾਂ ਪ੍ਰਦਾਨ ਕਰਨਾ ਹੀ ਹੋਣਾ ਚਾਹੀਦੈ ਮੁੱਖ ਮੰਤਵ : ਡੀ.ਸੀ. ਰਾਏ-ਐਸ.ਡੀ.ਐਮ. ਨੇ ਚੈਕਿੰਗ ਦੌਰਾਨ ਏਜੰਟ ਕੀਤਾ ਕਾਬੂ

ਡਿਪਟੀ ਕਮਿਸ਼ਨਰ ਨੇ ਕੀਤੀ ਸੁਵਿਧਾ ਕੇਂਦਰ ਦੀ ਅਚਨਚੇਤ ਚੈਕਿੰਗ-ਜਨਤਾ ਨੂੰ ਬਿਹਤਰ ਅਤੇ ਮਿੱਥੇ ਸਮੇਂ ਅੰਦਰ ਸੇਵਾਵਾਂ ਪ੍ਰਦਾਨ ਕਰਨਾ ਹੀ ਹੋਣਾ ਚਾਹੀਦੈ ਮੁੱਖ ਮੰਤਵ : ਡੀ.ਸੀ. ਰਾਏ-ਐਸ.ਡੀ.ਐਮ. ਨੇ ਚੈਕਿੰਗ ਦੌਰਾਨ ਏਜੰਟ ਕੀਤਾ ਕਾਬੂ ਮਾਨਸਾ 07 ਜਨਵਰੀ : ਸੁਵਿਧਾ ਕੇਂਦਰ ਅੰਦਰਂ ਆਮ ਜਨਤਾ ਨੂੰ ਮਿਲਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਭੁਪਿੰਦਰ ਸਿੰਘ ਰਾਏ ਨੇ ਸੁਵਿਧਾ ਕੇਂਦਰ ਮਾਨਸਾ ਦੀ ਸਵੇਰੇ 09.05 ਮਿੰਟ ‘ਤੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਬਿਨ੍ਹਾਂ ਵਰਦੀ ਤੋਂ ਆਏ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸੁਵਿਧਾ ਕੇਂਦਰ ਦੀ ਵਰਦੀ ਪਾ ਕੇ ਹੀ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਵਰਦੀ ਤੋਂ ਆਮ ਲੋਕਾਂ ਨੂੰ ਸੁਵਿਧਾ ਕਰਮੀ ਦੀ ਪਹਿਚਾਣ ਹੁੰਦੀ ਹੈ ਅਤੇ ਉਹ ਸੇਵਾਵਾਂ ਲੈਣ ਲਈ ਉਨ੍ਹਾਂ ਦੀ ਮਦਦ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਚੈਕਿੰਗ ਦੌਰਾਨ ਪਾਇਆ ਕਿ ਸੁਵਿਧਾ ਕੇਂਦਰ ਵਿਚ ਸਫਾਈ ਦੀ ਘਾਟ ਪਾਈ ਜਾ ਰਹੀ ਸੀ ਅਤੇ ਪੁਰਾਣਾ ਸਾਮਾਨ ਬਿਖਰਿਆ ਪਿਆ ਸੀ, ਜਿਸ ‘ਤੇ ਸ਼੍ਰੀ ਰਾਏ ਨੇ ਸੁਵਿਧਾ ਇੰਚਾਰਜ ਨੂੰ ਹਦਾਇਤ ਕੀਤੀ ਕਿ ਸੁਵਿਧਾ ਕੇਂਦਰ ਵਿਚ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਉਨ੍ਹਾਂ ਸੁਵਿਧਾ ਕੇਂਦਰ ਵਿਚ ਬਣੇ ਕਾਊਂਟਰਾਂ ‘ਤੇ ਜਾ ਕੇ ਉਨ੍ਹਾਂ ਕਾਊਂਟਰਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸੁਵਿਧਾ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿਚ ਅਣਗਹਿਲੀ ਨਾ ਵਰਤੀ ਜਾਵੇ ਅਤੇ ਮਿੱਥੇ ਸਮੇਂ ਅੰਦਰ ਹੀ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਮਿਲਣ ਵਾਲੀਆਂ ਸੇਵਾਵਾਂ ਵਿਚ ਪਾਰਦਰਸ਼ਤਾ ਲਿਆਉਣਾ ਅਤੇ ਜਨਤਾ ਨੂੰ ਬਿਹਤਰ ਅਤੇ ਮਿੱਥੇ ਸਮੇਂ ਅੰਦਰ ਸੇਵਾਵਾਂ ਪ੍ਰਦਾਨ ਕਰਨ ਹੀ ਮੁੱਖ ਮੰਤਵ ਹੋਣਾ ਚਾਹੀਦਾ ਹੈ।
ਸ਼੍ਰੀ ਰਾਏ ਨੇ ਕਿਹਾ ਕਿ ਜੇਕਰ ਬਿਨੈਕਰਤਾ ਦੀ ਥਾਂ ‘ਤੇ ਕੋਈ ਹੋਰ ਵਿਅਕਤੀ ਉਸਦਾ ਕੰਮ ਕਰਵਾਉਣ ਲਈ ਸੁਵਿਧਾ ਕੇਂਦਰ ਆਉਂਦਾ ਹੈ, ਤਾਂ ਉਸ ਦੀ ਫਾਈਲ ਨੂੰ ਸਵੀਕਾਰ ਨਾ ਕੀਤਾ ਜਾਵੇ। ਕਿਉਂਕਿ ਸਬੰਧਿਤ ਕੰਮ ਲਈ ਬਿਨੈਕਰਤਾ ਦਾ ਖੁਦ ਹਾਜ਼ਰ ਹੋਣਾ ਲਾਜ਼ਮੀ ਹੈ।
ਉਧਰ ਦੂਜੇ ਪਾਸੇ ਡਿਪਟੀ ਕਮਿਸ਼ਨਰ ਸ਼੍ਰੀ ਭੁਪਿੰਦਰ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਮਾਨਸਾ ਸ਼੍ਰੀ ਰਕੇਸ਼ ਕੁਮਾਰ ਨੇ ਸੁਵਿਧਾ ਕੇਂਦਰ ਵਿਚ ਆਉਣ ਵਾਲੇ ਏਜੰਟਾਂ ‘ਤੇ ਸ਼ਿਕੰਜਾ ਕੱਸਣ ਲਈ ਛਾਪੇਮਾਰੀ ਕੀਤੀ, ਤਾਂ ਇਸ ਮੌਕੇ ਉਨ੍ਹਾਂ ਤਰਸੇਮ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਦੀ ਫਾਇਲ ਭਰਦੇ ਹੋਏ ਰੰਗੇ ਹੱਥੀ ਫੜਿਆ, ਜਿਸ ‘ਤੇ ਉਨ੍ਹਾਂ ਉਕਤ ਵਿਅਕਤੀ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਚੇਤਾਵਨੀ ਦੇ ਕੇ ਛੱਡ ਦਿੱਤਾ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਅਜਿਹੀ ਚੈਕਿੰਗ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਆਮ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਏਜੰਟਾਂ ਨੂੰ ਸੁਵਿਧਾ ਕੇਂਦਰਾਂ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 

Follow me on Twitter

Contact Us