Awaaz Qaum Di

ਸੂਏ ਦੀ ਟੁੱਟੀ ਰੇਲਿੰਗ ਕਾਰਨ ਆਏ ਦਿਨ ਵਾਪਰਦੇ ਨੇ ਹਾਦਸੇ, ਅਵਾਰਾ ਗਾਂ ਡਿੱਗੀ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਵੱਡਾ ਹਾਦਸਾ

ਸੂਏ ਦੀ ਟੁੱਟੀ ਰੇਲਿੰਗ ਕਾਰਨ ਆਏ ਦਿਨ ਵਾਪਰਦੇ ਨੇ ਹਾਦਸੇ, ਅਵਾਰਾ ਗਾਂ ਡਿੱਗੀ
ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਵੱਡਾ ਹਾਦਸਾ
ਭਦੌੜ 07 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਸਥਾਨਕ ਬਾਜਾਖਾਨਾ ਰੋਡ ‘ਤੇ ਸਥਿਤ ਸੂਏ ਦੇ ਪੁਲ ਦੀ ਟੁੱਟੀ ਰੇਲਿੰਗ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਨੂੰ ਜਨਮ ਦਿੰਦੀ ਰਹਿੰਦੀ ਹੈ ਪ੍ਰੰਤੂ ਬਾਰ-ਬਾਰ ਅਖ਼ਬਾਰਾਂ ਦੀ ਸੁਰਖ਼ੀਆਂ ਬਣਨ ਦੇ ਬਾਵਜੂਦ ਪ੍ਰਸ਼ਾਸ਼ਨ ਹੈ ਕਿ ਟੱਸ ਤੋਂ ਮੱਸ ਨਹੀਂ ਹੋਇਆ ਅਤੇ ਕਿਸੇ ਵੱਡੇ ਹਾਦਸੇ ਦੇ ਹੋਣ ਦੀ ਉਡੀਕ ਵਿੱਚ ਹੱਥ ‘ਤੇ ਹੱਥ ਧਰੀ ਬੈਠਾ ਹੈ। ਜ਼ਿਕਰਯੋਗ ਹੈ ਕਿ ਸਥਾਨਕ ਬਾਜਾਖਾਨਾ ਰੋਡ ‘ਤੇ ਸਥਿਤ ਪੁਲ ਦੀ ਰੇਲਿੰਗ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ ਜਿਸ ਕਾਰਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਇਹਨਾਂ ਹਾਦਸਿਆਂ ਵਿੱਚ ਕਈ ਵਿਅਕਤੀ ਜਾਂ ਤਾਂ ਆਪਣੀ ਕੀਮਤੀ ਜਾਨ ਤੋਂ ਹੱਥ ਧੋ ਚੁੱਕੇ ਹਨ ਜਾਂ ਫ਼ਿਰ ਗੰਭੀਰ ਜ਼ਖਮੀ ਹੋ ਚੁੱਕੇ ਹਨ।
ਇਸ ਤਰ੍ਹਾਂ ਕਈ ਬੇਜ਼ੁਬਾਨ ਅਵਾਰਾ ਪਸ਼ੂ ਵੀ ਅਕਸਰ ਹਾਦਸਿਆ ਦਾ ਸ਼ਿਕਾਰ ਹੁੰਦੇ ਹੀ ਰਹਿੰਦੇ ਹਨ ਬੀਤੇ ਦਿਨੀਂ ਵੀ ਇੱਕ ਅਵਾਰਾ ਗਾਂ ਅਚਾਨਕ ਹੀ ਰੇਲਿੰਗ ਟੁੱਟੀ ਹੋਣ ਕਾਰਨ ਸੂਏ ਵਿੱਚ ਜਾ ਡਿੱਗੀ ਅਤੇ ਕੁਦਰਤੀ ਸੂਏ ਵਿੱਚ ਪਾਣੀ ਘੱਟ ਹੋਣ ਕਾਰਨ ਉਸਦੀ ਜਾਨ ਤਾਂ ਬਚ ਗਈ ਪ੍ਰੰਤੂ ਉਹ ਗੰਭੀਰ ਜ਼ਖਮੀ ਹੋ ਗਈ। ਸੂਏ ਵਿੱਚ ਡਿੱਗੀ ਗਾਂ ਨੂੰ ਗੁਰਲਾਲ ਸਿੰਘ, ਪਰਮਜੀਤ ਪੰਮਾ, ਪੀਨਾ ਕਲਸੀ, ਕਾਲਾ ਸਰਮਾਂ, ਸੇਵਕ ਜੰਗੀਆਣਾ, ਸ਼ਿਵਜੀ ਸਿੰਘ ਅਤੇ ਲੱਖਾ ਸਿੰਘ ਵੱਲੋਂ ਬੜੀ ਹੀ ਮਿਹਨਤ ਅਤੇ ਮੁਸ਼ਕਲ ਨਾਲ ਸੂਏ ਵਿੱਚ ਕੱਢਿਆ ਗਿਆ ਅਤੇ ਉਸਦੀ ਜਾਨ ਬਚਾਈ ਗਈ। ਇਸ ਮੌਕੇ ਉਕਤ ਵਿਅਕਤੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਾਜਾਖਾਨਾ ਰੋਡ ਦੇ ਨਿਵਾਸੀ ਹਨ ਅਤੇ ਅਕਸਰ ਹੀ ਇੱਥੇ ਅਜਿਹੇ ਮੰਦਭਾਗੇ ਹਾਦਸੇ ਵਾਪਰਦੇ ਰਹਿੰਦੇ ਹਨ ਪ੍ਰੰਤੂ ਪ੍ਰਸ਼ਾਸ਼ਨ ਇਹਨਾਂ ਪ੍ਰਤੀ ਬਿਲਕੁਲ ਸੰਜੀਦਾ ਨਹੀਂ ਹੈ। ਉਹਨਾਂ ਅੱਗੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਵੀ ਇੱਕ ਅਵਾਰਾ ਗਾਂ ਇੱਥੇ ਡਿੱਗ ਗਈ ਸੀ। ਕਿਸੇ ਵਕਤ ਵੀ ਪ੍ਰਾਸ਼ਸ਼ਨ ਦੀ ਅਣਗਹਿਲੀ ਕਾਰਨ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਇਸ ਪੁਲ ਉਪਰੋਂ ਰੋਜ਼ਾਨਾ ਹੀ ਹਜ਼ਾਰਾਂ ਵਾਹਨ ਗੁਜ਼ਰਦੇ ਹਨ, ਇਸ ਤੋਂ ਇਲਾਵਾ ਕਈ ਸਕੂਲ ਬੱਸਾਂ ਵੀ ਇਸ ਪੁਲ ਉਪਰ ਦੀ ਲੰਘਦੀਆਂ ਹਨ। ਉਹਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਪੁਲ ਦੀ ਟੁੱਟੀ ਰੇਲਿੰਗ ਨੂੰ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

 

 

Follow me on Twitter

Contact Us