Awaaz Qaum Di

ਸਵਾਈਨ ਫਲੂ: ਕਾਰਨ, ਲੱਛਣ ਤੇ ਇਲਾਜ

ਡਾ. ਸਿਮਰਦੀਪ ਕੌਰ
ਮੈਡੀਕਲ ਅਫਸਰ, ਸਿਹਤ ਵਿਭਾਗ,
ਸਵਾਈਨ ਫਲੂ ਇੱਕ ਕਿਸਮ ਦੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਜਿਸਦਾ ਨਾਮ ਐਚ. ਇਨਫਲੂਏਂਜਾ-ਏ ਹੈ। ਇਸ ਵਾਇਰਸ ਦੀ ਅੱਗੇ ਇੱਕ ਕਿਸਮ ਐਚ-1 ਐਨ-1 ਹੈ ਜੋ ਖਾਸ ਸਵਾਈਨ ਫਲੂ ਨਾਲ ਸੰਬੰਧ ਰੱਖਦੀ ਹੈ। ‘ਸਵਾਈਨ’ ਦਾ ਭਾਵ ਹੈ ਸੂਰ ਅਤੇ ‘ਫਲੂ‘ ਦਾ ਅਰਥ ਹੈ ਜ਼ੁਕਾਮ ਤੇ ਖਿਚਵੇਂ ਸਾਹ ਦੇ ਲੱਛਣਾਂ ਨਾਲ ਦਿਖਣ ਵਾਲੀ ਬਿਮਾਰੀ। 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਇਹ ਵਾਇਰਸ ਸਿਰਫ ਸੂਰਾਂ ਵਿੱਚ ਹੀ ਸੀ। 1970 ਤੋਂ 80 ਵਿੱਚ ਅਮਰੀਕਾ ’ਚ ਹੋਈਆਂ ਖੋਜਾਂ ਵਿੱਚ ਮਨੁੱਖਾਂ ’ਚ ਇਸ ਵਾਇਰਸ ਦੀ ਹੋਂਦ ਮਿਲੀ।

ਉਸ ਮੌਕੇ ਇਸ ਬਿਮਾਰੀ ਨਾਲ ਪੀੜਤ ਵਿਅਕਤੀਆਂ ਦੀ ਸੰਖਿਆ ਘੱਟ ਹੋਣ ਕਾਰਨ ਇਸ ਵੱਲ ਬਹੁਤੀ ਗੌਰ ਨਾ ਕੀਤੀ ਗਈ। 2009 ਵਿੱਚ ਮੈਕਸਿਕੋ ਅਤੇ ਉੱਤਰੀ ਆਇਰਲੈਂਡ ਵਿੱਚ ਇਸ ਦੀ ਮਹਾਂਮਾਰੀ ਨੇ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਕਈ ਖੋਜ ਸੰਸਥਾਵਾਂ ਦਾ ਧਿਆਨ ਕੇਂਦ੍ਰਿਤ ਕੀਤਾ। ਇਸ ਤੋਂ ਬਾਅਦ ਵਾਇਰਸ ਵਿਰੋਧੀ ਟੀਕਾਕਰਨ ਅਤੇ ਇਸਦੇ ਇਲਾਜ ਦੀ ਖੋਜ ਜ਼ੋਰ ਫੜ ਗਈ। 2015 ਦੌਰਾਨ ਭਾਰਤ ਵਿੱਚ ਸਵਾਇਨ ਫਲੂ ਦੀ ਮਹਾਂਮਾਰੀ ਨੇ ਸੈਂਕੜੇ ਲੋਕਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ। ਇਸ ਦੇ ਸਭ ਤੋਂ ਵੱਧ ਗ੍ਰਸਤ ਮਰੀਜ਼ ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਵੇਖਣ ਨੂੰ ਮਿਲੇ ਹਨ। ਹਾਲ ਹੀ ਵਿੱਚ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਇਸ ਬਿਮਾਰੀ ਨਾਲ ਪੀੜਤ ਕਈ ਕੇਸ ਸਾਹਮਣੇ ਆਏ ਹਨ।
ਕਾਰਨ: ਇਹ ਵਾਇਰਸ ਪਹਿਲਾਂ ਪਹਿਲ ਸਿਰਫ ਸੂਰਾਂ ਵਿੱਚ ਸੀ। ਮਨੁੱਖ ਦੇ ਉਨ੍ਹਾਂ ਬਿਮਾਰ ਸੂਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਇਸਨੇ ਮਨੁੱਖ ਜਾਤੀ ’ਤੇ ਆਪਣਾ ਸ਼ਿਕੰਜ਼ਾ ਕੱਸਿਆ। ਹਰ ਵਾਰ ਜ਼ਰੂਰੀ ਨਹੀਂ ਕਿ ਇਹ ਬਿਮਾਰੀ ਸੂਰਾਂ ਦੇ ਸੰਪਰਕ ਵਿੱਚ ਆਉਣ ਨਾਲ ਹੀ ਹੋਵੇ। ਕਿਸੇ ਸਵਾਈਨ ਫਲੂ ਨਾਲ ਗ੍ਰਸਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਸਾਹ ਰਾਹੀਂ ਇਹ ਬੜੀ ਤੀਬਰਤਾ ਨਾਲ ਫੈਲਦੀ ਹੈ। ਇਸੇ ਲਈ ਮਰੀਜ਼ ਦੀ ਅਲਿਹਦਗੀ ਬਣਾਈ ਰੱਖਣਾ ਅਤਿ ਜ਼ਰੂਰੀ ਹੈ। ਸੰਘਣੀ ਆਬਾਦੀ ਵਾਲੇ ਖੇਤਰਾਂ ਅਤੇ ਘੱਟ ਹਵਾਦਾਰ ਘਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਵਿੱਚ ਇਹ ਜ਼ਿਆਦਾ ਫੈਲਦਾ ਹੈ।
ਪਛਾਣ: ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਨਾਲ ਗ੍ਰਸਤ ਮਰੀਜ਼ਾਂ ਦੀ ਪਛਾਣ ਲਈ ਉਨ੍ਹਾਂ ਨੂੰ ਤਿੰਨ ਪ੍ਰਕਾਰ ਦੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਵਿਅਕਤੀ ਆਉਂਦੇ ਹਨ ਜਿਹੜੇ ਹਾਲ ਹੀ ਵਿੱਚ ਇਸ ਬਿਮਾਰੀ ਨਾਲ ਪੀੜਤ ਮਨੁੱਖ ਦੇ ਸੰਪਰਕ ਵਿੱਚ ਆਏ ਹਨ; ਦੂਸਰੇ ਜਿਹੜੇ ਮਹਾਂਮਾਰੀ ਵਾਲੇ ਖੇਤਰ ਦਾ ਦੌਰਾ ਕਰਕੇ ਆਏ ਹਨ। ਇਸ ਸ਼੍ਰੇਣੀ ਵਿੱਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਵਿੱਚ ਬੁਖ਼ਾਰ, ਅਚਾਨਕ ਸਾਹ ਲੈਣ ਵਿੱਚ ਤਕਲੀਫ, ਥਕਾਨ ਅਤੇ ਕਮਜ਼ੋਰੀ ਆਦਿ ਲੱਛਣ ਦਿਖਾਈ ਦਿੰਦੇ ਹਨ। ਇਨ੍ਹ਼ਾਂ ਨੂੰ ਸੰਭਾਵਿਤ ਮਰੀਜ਼ਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਤੀਸਰੀ ਸ਼੍ਰੇਣੀ ਵਿੱੱਚ ਉਨ੍ਹਾਂ ਮਰੀਜ਼ਾਂ ਨੂੰ ਰੱੱਖਿਆ ਜਾਂਦਾ ਹੈ ਜਿਨ੍ਹਾਂ ਵਿੱਚ ਐਚ-1 ਐਨ-1 ਦੇ ਪੁਖ਼ਤਾ ਸਬੂਤ ਮਿਲਦੇ ਹਨ। ਇਨ੍ਹਾਂ ਦੀ ਸੰਭਾਲ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ।
ਲੱਛਣ: ਵਾਇਰਸ ਨਾਲ ਸੰਪਰਕ ਹੋਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਬੁਖ਼ਾਰ, ਸਿਰ ਦਰਦ, ਜ਼ੁਕਾਮ, ਖਾਂਸੀ, ਲਗਾਤਾਰ ਛਿੱਕਾਂ, ਅਚਾਨਕ ਕਮਜ਼ੋਰੀ ਮਹਿਸੂਸ ਹੋਣਾ, ਗਲੇ ਵਿੱਚ ਖਰਾਸ਼ ਰਹਿਣੀ ਇਤਿਆਦਿ ਲੱਛਣ ਵੇਖਣ ਨੂੰ ਮਿਲਦੇ ਹਨ। ਇਸ ਸਮੇਂ ਦੌਰਾਨ ਹੀ ਡਾਕਟਰ ਦੀ ਸਲਾਹ ਨਾਲ ਸਵਾਈਨ ਫਲੂ ਦੇ ਵਾਇਰਸ ਦੀ ਜਾਂਚ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਅਤੇ ਕਈ ਜ਼ਰੂਰੀ ਅੰਗਾਂ ਜਿਵੇਂ ਫੇਫੜੇ ਅਤੇ ਸਾਹ ਪ੍ਰਣਾਲੀ ਉੱਪਰ ਕਾਬੂ ਪਾ ਲੈਂਦਾ ਹੈ। ਤੀਬਰਤਾ ਨਾਲ ਫੈਲਣ ਕਰਕੇ ਨਮੂਨੀਏ ਦੇ ਲੱਛਣ ਵੀ ਵੇਖਣ ਨੂੰ ਮਿਲਦੇ ਹਨ। ਛਾਤੀ ਵਿੱਚ ਤੇਜ਼ ਦਰਦ, ਬਲਗਮ ਵਿੱਚ ਖੂਨ, ਸਰੀਰ ਦਾ ਨੀਲਾ ਪੈਣਾ ਆਦਿ ਦੇ ਨਾਲ ਕਈ ਮਰੀਜ਼ਾਂ ਵਿੱਚ ਅਚਾਨਕ ਬੇਹੋਸ਼ੀ ਅਤੇ ਦੌਰੇ ਪੈਣ ਦੇ ਲੱਛਣ ਵੀ ਵੇਖਣ ਨੂੰ ਮਿਲਦੇ ਹਨ। ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਸਦਾ ਗੁਰਦਿਆਂ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ।
ਸਾਵਧਾਨੀਆਂ: ਵਾਇਰਸ ਨਾਲ ਹੋਣ ਵਾਲੀ ਕੋਈ ਵੀ ਬਿਮਾਰੀ ਨੂੰ ਫੈਲਣ ਤੋਂ ਰੋਕਣਾ, ਇਸਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਬਿਮਾਰੀ ਸਾਹ ਰਾਹੀਂ ਫੈਲਦੀ ਹੈ। ਜੇ ਤੁਸੀਂ ਫਲੂ ਤੋਂ ਪੀੜਤ ਹੋ ਤਾਂ ਛਿੱਕਣ ਜਾਂ ਖੰਘਣ ਵੇਲੇ ਰੁਮਾਲ ਨਾਲ ਨੱਕ ਅਤੇ ਮੂੰਹ ਢਕਣਾ ਯਕੀਨੀ ਬਣਾਓ। ਕਿਸੇ ਵਾਇਰਸ ਗ੍ਰਸਤ ਮਰੀਜ਼ ਨੂੰ ਮਿਲਣ ਵੇਲੇ ਐਨ-95 ਨਾਮ ਦੇ ਇੱਕ ਖਾਸ ਕਿਸਮ ਦੇ ਮਾਸਕ (ਨਕਾਬ) ਨਾਲ ਨੱਕ ਅਤੇ ਮੂੰਹ ਜ਼ਰੂਰ ਢਕੋ। ਆਮ ਮਿਲਣ ਵਾਲੇ ਮਾਸਕ ਦੇ ਮੁਕਾਬਲੇ ਐਨ-95 ਦੇ ਸੁਰਾਖ ਕਾਫੀ ਛੋਟੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਵਾਇਰਸ ਦਾ ਪਾਰ ਹੋ ਜਾਣਾ ਨਾਮੁਮਕਿਨ ਹੁੰਦਾ ਹੈ। ਮਰੀਜ਼ ਨੂੰ ਮਿਲਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਫ ਕਰੋ। ਹਸਪਤਾਲਾਂ, ਲੈਬੋਰੇਟਰੀਆਂ ਆਦਿ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਖਾਸ ਸਾਵਧਾਨੀ ਰੱਖਣੀ ਚਾਹੀਦੀ ਹੈ। ਹਸਪਤਾਲਾਂ ਵਿੱਚ ਅਲੱਗ ਤੋਂ ਸਵਾਇਨ ਫਲੂ ਵਾਰਡ ਬਣਾਏ ਜਾਂਦੇ ਹਨ। ਇਸ ਲਈ ਘਰ ਵਿੱਚ ਵੀ ਮਰੀਜ਼ ਦੀ ਬਾਕੀ ਪਰਿਵਾਰਕ ਮੈਂਬਰਾਂ ਨਾਲੋਂ ਅਲਿਹਦਗੀ ਬਣਾਈ ਰੱਖਣੀ ਅਤਿ ਜ਼ਰੂਰੀ ਹੈ।
ਰੋਕਥਾਮ ਦੇ ਢੰਗ: ਸਵਾਇਨ ਫਲੂ ਦੇ ਸ਼ੁਰੂਆਤੀ ਲੱਛਣਾਂ ਵਿੱਚ ਹੀ ਇਸਦੀ ਜਾਂਚ ਹੋ ਜਾਣਾ ਰੋਕਥਾਮ ਨੂੰ ਕਾਫੀ ਆਸਾਨ ਕਰ ਦਿੰਦਾ ਹੈ। ਛਾਤੀ ਦਾ ਐਕਸਰੇ ਅਤੇ ਕੁਝ ਖਾਸ ਕਿਸਮ ਦੇ ਖੂਨ ਅਤੇ ਨਜ਼ਲੇ ਦੇ ਟੈਸਟਾਂ ਵਿੱਚ ਵਾਇਰਸ ਦੀ ਹੋਂਦ ਦਾ ਜਲਦੀ ਪਤਾ ਲੱਗ ਜਾਂਦਾ ਹੈ। ਓਸਲਟਾਮੀਵਿਰ ਨਾਮ ਦੀ ਦਵਾਈ ਇਸ ਵਾਇਰਸ ਨਾਲ ਲੜਨ ਵਿੱਚ ਕਾਫੀ ਹੱਦ ਤੱਕ ਸਫਲ ਰਹੀ ਹੈ। ਡਾਕਟਰ ਦੀ ਸਲਾਹ ਉਪ੍ਰੰਤ ਦੱਸੀ ਦਵਾਈ ਨੂੰ ਨਿਯਮਿਤ ਸਮੇਂ ਅਨੁਸਾਰ ਲਓ। ਸਾਹ ਰਾਹੀਂ ਸਰੀਰ ਵਿੱਚ ਆਕਸੀਜਨ ਦੀ ਪੂਰਤੀ ਨਾ ਹੋਣ ਸਦਕਾ ਲਗਾਤਾਰ ਖਿੱਚਵਾਂ ਸਾਹ ਆਉਣ ਦੀ ਸੂਰਤ ਵਿੱਚ ਹਸਪਤਾਲ ਦਾਖਿਲ ਹੋ ਕੇ ਇਲਾਜ ਕਰਵਾਉਣ ਵਿੱਚ ਗੁਰੇਜ਼ ਨਾ ਕਰੋ। ਸਰੀਰ ਵਿੱਚ ਹੋਈ ਪਾਣੀ ਦੀ ਕਮੀ ਦੀ ਪੂਰਤੀ ਲਈ ਤਰਲ ਪਦਾਰਥਾਂ ਦਾ ਸੇਵਨ ਵਧਾਓ। ਜਿਆਦਾ ਤਲੀਆਂ, ਖੱਟੀਆਂ ਅਤੇ ਠੰਡੀਆਂ ਚੀਜਾਂ ਤੋਂ ਪ੍ਰਹੇਜ ਰੱਖੋ। ਘਰ ਦੀ ਅਤੇ ਆਸ ਪਾਸ ਦੀ ਸਫਾਈ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ।

 

 

Follow me on Twitter

Contact Us