Awaaz Qaum Di

ਉਦਾਸੀ ਬਨਾਮ ਉਦਾਸੀਨਤਾ

– ਡਾ. ਹਰਦੀਪ ਕੌਰ ਸੰਧੂ
ਇਸ ਵਰ੍ਹੇ ਹਰ ਇੱਕ ਦੇ ਹਿੱਸੇ ਕੁਝ ਪਲ ਉਦਾਸੀ ਦੇ ਜ਼ਰੂਰ ਆਏ ਹੋਣਗੇ। ਲੱਖਾਂ ਲੋਕ ਉਦਾਸੀਨਤਾ (ਡਿਪਰੈਸ਼ਨ) ਦਾ ਸ਼ਿਕਾਰ ਹੋਏ ਹੋਣਗੇ। ਤਾਂ ਫ਼ੇਰ ਕੀ ਫ਼ਰਕ ਹੈ ਉਦਾਸੀ ਤੇ ਉਦਾਸੀਨਤਾ ਵਿੱਚ ?
ਅਸੀਂ ਉਦਾਸ ਹੋ ਜਾਂਦੇ ਹਾਂ ਜਦੋਂ ਕੁਝ ਅਜਿਹਾ ਹੋ ਜਾਵੇ ਜੋ ਅਸੀਂ ਨਹੀਂ ਚਾਹੁੰਦੇ। ਉਦਾਸੀ ਦਾ ਸਿੱਧਾ ਸਬੰਧ ਕਿਸੇ ਖ਼ਾਸ ਸਥਿਤੀ ਨਾਲ਼ ਹੁੰਦਾ ਹੈ। ਜਿਸ ਕਰਕੇ ਅਸੀਂ ਕਦੇ ਅਸ਼ਾਂਤ, ਨਿਢਾਲ, ਛਲਣੀ ਹੋਏ ਤੇ ਕਦੇ ਅਤਿਅੰਤ ਪੀੜਾ ‘ਚ ਮਹਿਸੂਸ ਕਰਦੇ ਹਾਂ ਜੋ ਸਿੱਧੇ ਤੌਰ ‘ਤੇ ਇਸ ਨੂੰ ਉਤਪੰਨ ਕਰਨ ਦੇ ਕਾਰਣ ਨਾਲ ਜੁੜਿਆ ਹੁੰਦਾ ਹੈ। ਜਦੋਂ ਤੁਸੀਂ ਕਿਸੇ ਇੱਕ ਕਾਰਣ ਕਰਕੇ ਉਦਾਸ ਹੁੰਦੇ ਹੋ ਤਾਂ ਤੁਸੀਂ ਕਿਸੇ ਦੂਜੇ ਕਾਰਣ ਕਰਕੇ ਖੁਸ਼ ਵੀ ਹੋ ਸਕਦੇ ਹੋ।


ਉਦਾਸੀ ਸਾਡੇ ਜੀਵਨ ਵਿੱਚ ਕਿਸੇ ਰੁੱਤ ਵਾਂਗ ਆਉਂਦੀ ਤੇ ਜਾਂਦੀ ਰਹਿੰਦੀ ਹੈ। ਉਦਾਸੀ ਨਾਕਾਰਾਤਮਿਕ ਨਹੀਂ ਹੁੰਦੀ ਤੇ ਨਾ ਕੋਈ ਅਜਿਹੀ ਸਥਿਤੀ ਹੁੰਦੀ ਹੈ ਜਿਸ ਤੋਂ ਬਚਿਆ ਜਾਣਾ ਚਾਹੀਦਾ ਹੋਵੇ। ਅਸਲ ਵਿੱਚ ਸਾਨੂੰ ਖੁਸ਼ੀ ਦਾ ਓਨਾ ਚਿਰ ਅਹਿਸਾਸ ਤੱਕ ਨਹੀਂ ਹੁੰਦਾ ਜੇ ਸਾਡੀ ਜ਼ਿੰਦਗੀ ਵਿੱਚ ਉਦਾਸੀ ਨਾ ਹੋਵੇ। ਖੁਸ਼ੀ ਲਈ ਉਦਾਸੀ ਰੂਪੀ ਵਿਰੋਧੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਦਾਸੀ ਸਾਨੂੰ ਯਾਦ ਕਰਵਾਉਂਦੀ ਰਹਿੰਦੀ ਹੈ ਕਿ ਅਸੀਂ ਆਪਣੀ ਕਿੰਨੀ ਕੁ ਪ੍ਰਵਾਹ ਕਰਦੇ ਹਾਂ। ਜ਼ਿੰਦਗੀ ‘ਚ ਕੁਝ ਜ਼ਿਆਦਾ ਹੀ ਵਿਅਸਤ ਹੋਣ ਦੀ ਕੀਮਤ ਅਸੀਂ ਇਸੇ ਰੂਪ ਵਿੱਚ ਅਦਾ ਕਰਦੇ ਹਾਂ।
ਉਦਾਸੀਨਤਾ (ਡਿਪਰੈਸ਼ਨ) ਇਸ ਤੋਂ ਬਹੁਤ ਵੱਖਰਾ ਹੁੰਦਾ ਹੈ –
ਜਿੱਥੇ ਉਦਾਸੀ ਕਿਸੇ ਖ਼ਾਸ ਸਥਿਤੀ ਕਰਕੇ ਉਤਪੰਨ ਹੁੰਦੀ ਹੈ ਉਥੇ ਉਦਾਸੀਨਤਾ ਹਰ ਸਥਿਤੀ ‘ਚ ਭਾਰੂ ਹੁੰਦੀ ਹੈ। ਉਦਾਸੀਨਤਾ ਉਦਾਸੀ ਨਾਲ਼ੋਂ ਲੰਮੇਰੇ ਸਮੇਂ ਲਈ ਟਿਕੀ ਰਹਿੰਦੀ ਹੈ ਤੇ ਸਾਡੀ ਜ਼ਿੰਦਗੀ ਦੇ ਵਧੇਰੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਿਸੇ ਅਜਿਹੀ ਐਨਕ ਵਰਗੀ ਹੁੰਦੀ ਹੈ ਜਿਸ ਵਿੱਚੋਂ ਵੇਖਦਿਆਂ ਸਾਨੂੰ ਸਭ ਕੁਝ ਨਾ ਪੱਖੀ ਤੇ ਨਾਕਾਰਾਤਮਿਕ (ਨੈਗੇਟਿਵ) ਵਿਖਾਈ ਦਿੰਦਾ ਹੈ- ਉਹ ਭਾਵੇਂ ਤੁਸੀਂ ਖੁਦ ਆਪ ਹੋਵੋ, ਦੂਜੇ ਹੋਣ ਜਾਂ ਤੁਹਾਡਾ ਚੌਗਿਰਦਾ ਤੇ ਤੁਹਾਡਾ ਭਵਿੱਖ। 
ਉਦਾਸੀਨਤਾ ਨੂੰ ਮਹਿਸੂਸ ਕਰਦਿਆਂ ਇੰਝ ਲੱਗਦੈ ਕਿ ਜਿਵੇਂ ਤੁਸੀਂ ਖੁਦ ਨੂੰ ਆਪਣੇ ਆਪ ਵਿੱਚ ਬੰਦ ਕਰ ਲਿਆ ਹੋਵੇ। ਇਹ ਕੇਵਲ ਢਹਿੰਦੀ ਮਨੋਦਸ਼ਾ ਹੀ ਨਹੀਂ ਹੁੰਦੀ ਸਗੋਂ ਅਸੀਂ ਅਜਿਹੀ ਸਥਿਤੀ ਵਿੱਚ ਆਪਣੀ ਜ਼ਿੰਦਗੀ ਦਾ ਕੋਈ ਇੱਕ ਪਲ ਮਾਨਣ ਤੋਂ ਵੀ ਵਾਂਝੇ ਹੋ ਜਾਂਦੇ ਹਾਂ। ਤੁਹਾਡਾ ਭਾਰ ਘਟ ਸਕਦੈ ਜਾਂ ਵੱਧ ਵੀ ਸਕਦੈ, ਨੀਂਦ ‘ਚ ਵਿਘਨ ਪੈਂਦੈ ਜਾਂ ਨੀਂਦ ਵਧੇਰੇ ਆਉਂਦੀ ਹੈ, ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ, ਧਿਆਨ ਕੇਂਦਰਿਤ ਨਹੀਂ ਹੁੰਦਾ ਤੇ ਕੋਈ ਵੀ ਫ਼ੈਸਲਾ ਲੈਣਾ ਬਹੁਤ ਔਖਾ ਲੱਗਦੈ। 
ਉਦਾਸੀਨਤਾ ਤੁਹਾਨੂੰ ਆਪਣੇ ਆਪ ਬਾਰੇ ਬਹੁਤ ਨਾਜ਼ੁਕ ਬਣਾ ਦਿੰਦੀ ਹੈ। ਕਦੇ ਕਦੇ ਤਾਂ ਤੁਹਾਨੂੰ ਇਹ ਲੱਗਣ ਲਾ ਦਿੰਦੀ ਹੈ ਤੁਸੀਂ ਬਿਲਕੁਲ ਬੇਕਾਰ ਹੋ। ਇਸ ਕਾਰਣ ਉਤਪੰਨ ਹੋਈ ਪੀੜਾ ਜਦੋਂ ਅਜਿਹੇ ਵਿਸ਼ਵਾਸ਼ ਨਾਲ ਗੁੰਨੀ ਜਾਵੇ ਕਿ ਭਵਿੱਖ ਵਿੱਚ ਤੁਹਾਡੇ ਲਈ ਕਿਸੇ ਤਰਾਂ ਦੇ ਕੋਈ ਸੁਧਾਰ ਦੀ ਕੋਈ ਉਮੀਦ ਜਾਂ ਕੋਈ ਵੀ ਆਸ ਬਾਕੀ ਹੀ ਨਹੀਂ ਬਚੀ ਤਾਂ ਤੁਸੀਂ ਅਜਿਹੇ ਮੋੜ ‘ਤੇ ਆਣ ਖਲੋਂਦੇ ਹੋ ਜਿੱਥੇ ਤੁਹਾਨੂੰ ਜ਼ਿੰਦਗੀ ਹੋਰ ਜਿਉਣ ਜੋਗੀ ਹੀ ਨਹੀਂ ਲੱਗਦੀ। 
ਲੋਕ ਇਹ ਗਲਤੀ ਆਮ ਕਰਦੇ ਨੇ ਜਦੋਂ ਉਹ ਉਦਾਸੀ ਨੂੰ ਨਜਿੱਠਣ ਦੇ ਤਰੀਕਿਆਂ ਨਾਲ਼ ਉਦਾਸੀਨਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਦਾਸੀ ਨਜਿੱਠਣ ਦੇ ਤਰੀਕੇ ਕੁਝ ਇਸ ਤਰਾਂ ਹੋਣਗੇ -“ਤੁਸੀਂ ਬਿਲਕੁਲ ਠੀਕ ਹੋ ਜਾਵੋਗੇ,” “ਆਪਣੀ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਯਾਦ ਕਰੋ ,” ਜਾਂ ” ਤੁਹਾਨੂੰ ਇਸ ਨਾਲ ਸਮਝੌਤਾ ਕਰਨਾ ਹੀ ਪਵੇਗਾ। ” ਉਹ ਅਕਸਰ ਉਦਾਸੀਨਤਾ ਨੂੰ ਤਰਜ਼ੀਹ ਦੇਣੀ ਭੁੱਲ ਜਾਂਦੇ ਨੇ। ਬੇਹਤਰ ਹੋਵੇਗਾ ਜੇ ਅਸੀਂ ਇਹ ਅਜਮਾਈਏ – ” ਮੈਂ ਤੇਰੇ ਨਾਲ਼ ਹਾਂ,” ” ਤੁਸੀਂ ਕਿਸੇ ਵੀ ਸਥਿਤੀ ‘ਚ ਇੱਕਲੇ ਨਹੀਂ ਹੋ” ” ਮੈਂ ਆਪ ਦੀ ਸਹਾਇਤਾ ਲਈ ਕੀ ਕਰ ਸਕਦਾ ਹਾਂ?

 

 

Follow me on Twitter

Contact Us