Awaaz Qaum Di

ਸਦਾ ਅਮਰ ਰਹਿਣ ਜੱਗ ਤੇ , ਦੇਸ਼ ਲਈ ਜੋ ਮਾਰਦੇ …….।

13ਵੀਂ  ਬਰਸੀ ਤੇ ਵਿਸ਼ੇਸ਼ :-

ਹਰਜੀਤ ਕਾਤਿਲ ਸ਼ੇਰਪੁਰ
9680795479

ਅੱਜ ਅਸੀਂ ਜਿਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਲੱਖਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ , ਇਸ ਆਜ਼ਾਦੀ ਨੂੰ ਸਦਾ ਬਰਕਰਾਰ ਰੱਖਣ ਲਈ ਸਾਡੇ ਵਤਨ ਦੀਆਂ ਹੱਦਾਂ ਸਰਹੱਦਾਂ ‘ ਤੇ ਅੱਜ ਪੰਜਾਬ ਦੇ ਲੱਖਾਂ ਨੌਜਵਾਨ ਆਪਣੀ ਜਾਨ ਦੀਆਂ ਕੁਰਬਾਨੀਆਂ ਦੇ ਰਹੇ ਹਨ । ਅੱਗ ਵਾਂਗ ਤਪਦੀਆਂ ਰੇਤਾਂ , ਬਰਫ਼ ਵਾਂਗ ਠਰਦੀਆਂ ਪਹਾੜੀਆਂ , ਸੂਈਆਂ ਵਾਂਗ ਤਿੱਖੀਆਂ ਕੰਡੇਦਾਰ ਝਾੜੀਆਂ ਵਿੱਚ ਮਾਵਾਂ ਦੀ ਗੋਦ ਦਾ ਸ਼ਿੰਗਾਰ ਹੀਰਿਆਂ ਵਰਗੇ ਪੁੱਤ ਅੱਜ ਵੀ ਦੁਸ਼ਮਣਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਮੋਰਚਿਆਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਂਝ ਦੇਖਣ ਨੂੰ ਤਾਂ ਅਸੀਂ ਸਭ ਆਜ਼ਾਦ ਹਾਂ ਪਰ ਜਦੋਂ ਇਸ ਆਜ਼ਾਦੀ ਦੇ ਬਦਲੇ ਦਿੱਤੀਆਂ ਜਾ ਰਹੀਆਂ ਕੁਰਬਾਨੀਆਂ ਨੂੰ ਚੇਤੇ ਕਰਦੇ ਹਾਂ ਤਾਂ ਕਾਲਜਾ ਮੁੱਠੀ ਵਿੱਚ ਆ ਜਾਂਦਾ ਹੈ । ਇਸ ਲਹੂ ਭਿੱਜੇ ਇਤਿਹਾਸ ਨੂੰ ਕਿੰਨਾ ਵੀ ਲਿਖੀਏ ਖਤਮ ਨਹੀਂ ਹੁੰਦਾ। ਕਸਬਾ ਸ਼ੇਰਪੁਰ ਦਾ ਉਹ ਹੀਰਾ ਜੋ ਦੇਸ਼ ਦੀ ਰਾਖੀ ਕਰਦੇ ਸਮੇਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ 7 ਅਗਸਤ 2006 ਨੂੰ ਸਵੇਰੇ 6:30 ਵਜੇ ਬਾਰੀਪੁਰ ਪਿੰਡ ( ਜੰਮੂ ਕਸ਼ਮੀਰ) ਵਿਖੇ ਸ਼ਹੀਦੀ ਦਾ ਜਾਮ ਪੀ ਗਿਆ। ਇਹ ਹੀਰਾ ਸਮੁੱਚੇ ਪੰਜਾਬ ਦਾ ਹੀ ਨਹੀਂ, ਬਲਕਿ ਦੇਸ਼ ਦਾ ਮਾਣ ਬਣਿਆ ਗੁਰਪ੍ਰੀਤ ਸਿੰਘ ਉਰਫ ਰਾਜੂ ਹੈ। ਆਪਣੀ ਮਾਤਾ ਦਵਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਸੱਪਲ ਪੋਤਰਾ ਸਰਦਾਰ ਅਰਜਨ ਸਿੰਘ ਅਤੇ ਦੋਹਤਰਾ ਸਰਦਾਰ ਪ੍ਰੀਤਮ ਸਿੰਘ ਕੁਲਾਰ ਖੁਰਦ ਦਾ ਲਾਡਲਾ ਰਾਜੂ ਮਿਤੀ 14 ਨਵੰਬਰ 1985 ਨੂੰ ਜਨਮਿਆਂ। ਸ਼ੇਰਪੁਰ ਦੀ ਧਰਤੀ ਤੇ ਜਨਮੇ ਇਸ ਸੂਰਬੀਰ ਨੇ ਆਪਣੇ 21 ਸਾਲ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਉਹ ਕਾਰਨਾਮਾ ਦੇਸ਼ ਲਈ ਕੀਤਾ ਜਿਸ ਦਾ ਬਦਲਾ ਚੁਕਾਉਣ ਲਈ ਸਾਡੇ ਕੋਲ ਅੱਜ ਕੁਝ ਵੀ ਨਹੀਂ। ਗੁਰਪ੍ਰੀਤ ਸਿੰਘ ਰਾਜੂ ਨੇ ਆਪਣੀ ਪ੍ਰਾਇਮਰੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ -1 ਤੋਂ ਪ੍ਰਾਪਤ ਕੀਤੀ ਅਤੇ 10+2 ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸ਼ੇਰਪੁਰ ਤੋਂ ਪ੍ਰਾਪਤ ਕੀਤੀ। ਰਾਜੂ ਨੂੰ ਬਚਪਨ ਤੋਂ ਹੀ ਫੌਜੀਆਂ ਨਾਲ ਦੀ ਵਰਦੀ ਅਤੇ ਫੌਜੀਆਂ ਵਾਂਗ ਰੈਫਲ ਚੁੱਕਣ ਦਾ ਸ਼ੌਕ ਸੀ ਉਹ ਬਚਪਨ ਦੀਆਂ ਖੇਡਾਂ ਵਿੱਚ ਰਾਈਫਲ ਖਿਡਾਉਣੇ ਨਾਲ ਹੀ ਖੇਡਦਾ ਰਿਹਾ । +2 ਤੱਕ ਪੜ੍ਹਦੇ ਸਮੇਂ ਵੀ ਰਾਜੂ ਆਪਣੇ ਟੇਲਰ ਮਾਸਟਰ ਪਿਤਾ ਬਲਵਿੰਦਰ ਸਿੰਘ ਨੂੰ ਫੌਜੀਆਂ ਵਾਂਗ ਇੱਕੋ ਜਿਹੇ ਕੱਪੜੇ ਬਣਾਉਣ ਲਈ ਕਹਿੰਦਾ ਸੀ । ਗੁਰਪ੍ਰੀਤ ਸਿੰਘ ਰਾਜੂ ਦੀ ਦਿਲੀ ਇੱਛਾ +2 ਕਰਨ ਉਪਰੰਤ ਬੀਆਰਓ ਪਟਿਆਲਾ ਵਿਖੇ ਭਰਤੀ ਹੋ ਕੇ ਅਚਨਚੇਤ ਪੂਰੀ ਹੋਈ । ਉਂਝ ਉਸ ਦੇ ਫੌਜ ਵਿੱਚ ਭਰਤੀ ਹੋਣ ਸਬੰਧੀ ਕੋਈ ਖਿਲਾਫ ਨਹੀਂ ਸੀ । ਪਰ ਆਪਣੇ ਯਾਰਾਂ ਦੋਸਤਾਂ, ਮਿੱਤਰਾਂ ਵਿੱਚ ਉਹ ਰਾਜੂ ਡਾਕਟਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ।29 ਸਤੰਬਰ 2003 ਨੂੰ ਆਰਮੀ ਜੁਆਇਨ ਕਰਨ ਉਪਰੰਤ ਬੀ ਆਰ ਓ ਪਟਿਆਲਾ ਤੋਂ ਆਰਟੀ ਸੈਂਟਰ ਹੈਦਰਾਬਾਦ ਵਿਖੇ ਟਰੇਨਿੰਗ ਲਈ ਰਵਾਨਾ ਹੋਇਆ । ਟ੍ਰੇਨਿੰਗ ਤੋਂ ਗਿਆਰਾਂ ਮਹੀਨਿਆਂ ਬਾਅਦ ਪਹਿਲੀ ਡਿਊਟੀ 31 ਮੀਡੀਅਮ ਰੈਜਮੈਂਟ ਔਰੰਗਾਬਾਦ ਵਿਖੇ ਜੁਆਇਨ ਕੀਤੀ । ਇਸ ਤੋਂ ਬਾਅਦ ਪੂਰੀ ਯੂਨਿਟ ਦੀ ਬਦਲੀ ਸਿਆਚਿਨ ਗਲੇਸ਼ੀਅਰ ਪਰਤਾਪੁਰ ਦੀ ਹੋ ਗਈ। ਫੁੱਲਾਂ ਵਰਗੇ ਸਰੀਰ ਦੇ ਮਾਲਕ ਰਾਜੂ ਨੇ ਆਪਣੀ ਟ੍ਰੇਨਿੰਗ ਸਮੇਂ ਜਾਂ ਡਿਊਟੀ ਸਮੇਂ ਕਿਤੇ ਵੀ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਕਦੇ ਪਿੱਛੇ ਮੁੜ ਕੇ ਦੇਖਿਆ ਅੱਗੇ ਹੀ ਅੱਗੇ ਨਿਰੰਤਰ ਸ਼ੂਕਦੇ ਦਰਿਆ ਵਾਂਗ ਵੱਧਦਾ ਗਿਆ। ਗੁਰਪ੍ਰੀਤ ਸਿੰਘ ਰਾਜੂ ਫਰਵਰੀ 2006 ਨੂੰ 49 ਆਰ.ਆਰ ਡੈਪੂਟੇਸ਼ਨ ਤੇ ਕਾਜੀਕੁੰਡ (ਜੰਮੂ ਕਸ਼ਮੀਰ) ਵਿਖੇ ਚਲਾ ਗਿਆ। ਇੱਥੇ ਹੀ 7 ਅਗਸਤ 2006 ਨੂੰ ਸਵੇਰੇ 6.30 ਵਜੇ ਬਾਰੀਪੁਰ ਪਿੰਡ ਵਿਖੇ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀ ਗਿਆ। ਰਾਜੂ ਅਕਸਰ ਹੀ ਕਿਹਾ ਕਰਦਾ ਸੀ ਕਿ ਮੰਮੀ- ਪਾਪਾ ਮੇਰਾ ਜਨਮ ਦਿਨ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ( ਕਿਉਂਕਿ ਰਾਜੂ ਦਾ ਜਨਮ ਬਾਲ ਦਿਵਸ ਵਾਲੇ ਦਿਨ 14 ਨਵੰਬਰ ਦਾ ਸੀ ) ਪਰ ਜੇ ਕਦੇ ਆਪਣੇ ਦੇਸ਼ ਦੀ ਸੇਵਾ ਕਰਦਿਆਂ ਕੁਰਬਾਨੀ ਵੀ ਦੇਣੀ ਪਵੇ ਉਹ ਉਸੇ ਤਰਾਂ ਸਾਰਾ ਦੇਸ਼ ਮਨਾਏ । ਅੱਜ ਇਸ ਦੇਸ਼ ਦੇ ਮਹਾਨ ਨੌਜਵਾਨ ਸ਼ਹੀਦ ਦੀ 13 ਵੀਂ ਬਰਸੀ ‘ ਤੇ 7 ਅਗਸਤ ਨੂੰ ” ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਨੂੰ ਕਸਬਾ ਸ਼ੇਰਪੁਰ ਦੇ ਸਮੂਹ ਨਿਵਾਸੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ।  GM

 

 

Follow me on Twitter

Contact Us