Awaaz Qaum Di

ਹੌਲਦਾਰ ਅਤੇ ਦੋ ਨੌਜਵਾਨ ਕਰੋੜਾਂ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ/ਖੰਨਾ : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਪੰਜਾਬ ਪੁਲੀਸ ਦੇ ਮੁਨਸ਼ੀ ਸਮੇਤ 3 ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਟੀਐੱਫ਼ ਮੁਖੀ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗੁਪਤ ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਰੋਡ ਸਥਿਤ ਰਾਮ ਸ਼ਰਨਮ ਮੋੜ ਕੋਲ ਇੱਕ ਆਈ-20 ਕਾਰ ਨੰਬਰ ਪੀਬੀ 10- ਡੀਈ 0694 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਸਵਾਰ 2 ਨੌਜਵਾਨਾਂ ਦੇ ਕਬਜ਼ੇ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਸ਼ਨਾਖਤ ਅਮਨਦੀਪ ਸਿੰਘ ਮੇਲੀ ਵਾਸੀ ਨਿਊ ਕਿਦਵਾਈ ਨਗਰ ਅਤੇ ਵਿਕਾਸ ਕੁਮਾਰ ਵਾਸੀ ਰਿਸ਼ੀ ਨਗਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਤਿਆਰ ਕੀਤੀ ਡਿਸਕਲੋਜ਼ਰ ਰਿਪੋਰਟ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਖੰਨਾ ਦੇ ਮੁਨਸ਼ੀ ਹੌਲਦਾਰ ਗਗਨਦੀਪ ਸਿੰਘ ਨੂੰ ਕਾਬੂ ਕਰਕੇ 385 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਉਸ ਨੇ ਆਪਣੀ ਆਈ-10 ਕਾਰ ਨੰਬਰ ਪੀਬੀ 10-ਐਫਪੀ 2902 ਅੰਦਰ ਛੁਪਾ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਪੌਣੇ 4 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਏਆਈਜੀ ਨੇ ਦੱਸਿਆ ਕਿ ਸੈਕਟਰ-39 ਕੋਲੋਂ ਜਦੋਂ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਨੂੰ ਕਾਬੂ ਕੀਤਾ ਗਿਆ ਤਾਂ ਏਸੀਪੀ ਪਵਨਜੀਤ ਸਿੰਘ ਦੀ ਹਾਜ਼ਰੀ ਵਿੱਚ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਸੈਕਟਰ 39 ਵਿੱਚ ਫਾਸਟ ਫੂਡ ਦੀ ਦੁਕਾਨ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਹੈਰੋਇਨ ਵੇਚਣ ਦਾ ਮੁਕੱਦਮਾ ਦਰਜ ਹੈ। ਵਿਕਾਸ ਕੁਮਾਰ ਵੀ ਮੋਬਾਈਲ ਹਾਰਡਵੇਅਰ ਦੇ ਨਾਲ ਨਾਲ ਬੈਂਕਾਂ ਵਿੱਚੋਂ ਕਰਜ਼ੇ ਦਿਵਾਉਣ ਦਾ ਕੰਮ ਕਰਦਾ ਹੈ। ਉਸ ਖ਼ਿਲਾਫ਼ ਵੀ ਥਾਣਾ ਟਿੱਬਾ ਵਿਚ ਮੁਕੱਦਮਾ ਦਰਜ ਹੈ।
ਉਨ੍ਹਾਂ ਦੱਸਿਆ ਕਿ ਮੁਨਸ਼ੀ ਗਗਨਦੀਪ ਸਿੰਘ 8 ਸਾਲ ਪਹਿਲਾਂ ਹੀ ਪੰਜਾਬ ਪੁਲੀਸ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ 7-8 ਮਹੀਨੇ ਪਹਿਲਾਂ ਹੀ ਮੁਨਸ਼ੀ ਲੱਗਾ ਸੀ। ਉਨ੍ਹਾਂ ਦੱਸਿਆ ਕਿ ਉਕਤ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। PT

 

 

Follow me on Twitter

Contact Us