Awaaz Qaum Di

‘ਉੱਡਤਾ ਪੰਜਾਬ’ ਦਾ ਦਾਗ਼ ਧੋਣ ਨਿਕਲੇ ਸਤਜੁਗੀ ਨੌਜਵਾਨ

ਬਠਿੰਡਾ : ‘ਉੱਡਤਾ ਪੰਜਾਬ’ ਦਾ ਦਾਗ ਧੋਣ ਵਾਲੇ ਸੈਂਕੜੇ ਗੱਭਰੂ ਹਨ ਜਿਨ੍ਹਾਂ ਨੂੰ ਸਮਾਜ ਸੇਵਾ ਦੀ ਖੁਮਾਰੀ ਚੜ੍ਹੀ ਹੋਈ ਹੈ। ਇਹ ਨੌਜਵਾਨ ਕਿਸੇ ਚਰਚਾ ਦੇ ਮੁਥਾਜ ਨਹੀਂ ਹਨ ਜੋ ਪੰਜਾਬ ਦਾ ਮੋਢਾ ਬਣੇ ਹੋਏ ਹਨ। ਸਟੱਡੀ ਵੀਜ਼ੇ ਦੇ ਇਨ੍ਹਾਂ ਲਈ ਕੋਈ ਮਾਅਣੇ ਨਹੀਂ। ਨਾ ਹੀ ਚਿੱਟਾ ਇਨ੍ਹਾਂ ਨੂੰ ਮਿਸ਼ਨ ਤੋਂ ਭਟਕਾ ਸਕਿਆ ਹੈ।
ਬੁਢਲਾਡਾ ਦੀ ‘ਨੇਕੀ ਫਾਊਂਡੇਸ਼ਨ’ ਦੀ ਗੱਲ ਛੇੜਿਓ। ਪਤਾ ਲੱਗੇਗਾ ਕਿ ਕਿਵੇਂ ਨੌਜਵਾਨ ਸੁਖਚੈਨ ਸਿੰਘ ਤੇ ਉਸ ਦੇ ਸਾਥੀ ਗੁਰਬਤ ਦੇ ਭੰਨਿਆਂ ਦੇ ਦਰਦੀ ਬਣੇ ਹੋਏ ਹਨ। ਬੁਢਲਾਡੇ ਇੱਕ ਦੁਕਾਨ ਕਿਰਾਏ ’ਤੇ ਲਈ, ਇੱਕ ਮੁਲਾਜ਼ਮ ਰੱਖਿਆ। ਹੋਕਾ ਦੇ ਦਿੱਤਾ ਕਿ ਪਾਉਣ ਯੋਗ ਕੱਪੜੇ ਦਾਨ ਕਰੋ। ਡੇਢ ਸਾਲ ਤੋਂ ਸਰਦੇ-ਪੁੱਜਦੇ ਲੋਕ ਵਾਧੂ ਕੱਪੜੇ ਦੁਕਾਨ ’ਚ ਰੱਖ ਜਾਂਦੇ ਹਨ, ਲੋੜਵੰਦ ਰੋਜ਼ਾਨਾ ਚੁੱਕ ਕੇ ਲੈ ਜਾਂਦੇ ਹਨ।ਬਠਿੰਡਾ ਦੇ ਪਿੰਡ ਕੋਟਸ਼ਮੀਰ ਦਾ ਨੌਜਵਾਨ ਮਨਜੀਤ ਸਿੰਘ ਗੋਰਾ ਕਿੱਤੇ ਪੱਖੋਂ ਦੋਧੀ ਹੈ, ਮਿਸ਼ਨ ਖੂਨਦਾਨ ਦਾ ਲੈ ਕੇ ਚੱਲਿਆ। 31 ਵਾਰ ਖੂਨਦਾਨ ਕੀਤਾ। ਉਸ ਤੋਂ ਵੱਡਾ ਮਿਸ਼ਨ ਪਿੰਡਾਂ ’ਚ ਖੂਨਦਾਨ ਦੀ ਲਹਿਰ ਖੜ੍ਹੀ ਕਰ ਰਿਹਾ ਹੈ। ਜਿਸ ਘਰ ਦੁੱਧ ਪਾਉਣ ਜਾਂਦੈ, ਖੂਨਦਾਨ ਦਾ ਹੋਕਾ ਵੀ ਦਿੰਦੈ। ਭੈਣ ਦਾ ਵਿਆਹ ਕੀਤਾ, ਖੂਨਦਾਨ ਕੈਂਪ ਲਾ ਕੇ, ਬਰਾਤੀ ਵੀ ਖੂਨਦਾਨ ਕਰਨ ਲਈ ਨਿੱਤਰੇ। ਅੱਗਿਓਂ ਭੈਣ ਦੀਆਂ ਨਣਦਾਂ ਦੇ ਵਿਆਹ ਮੌਕੇ ਵੀ ਖੂਨਦਾਨ ਕੈਂਪ ਲੱਗੇ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਪੋਜੋਕੇ ਉਤਾੜ ਦੇ ਨੌਜਵਾਨ ਵਿਕਰਮ ਸਿੰਘ ਨੂੰ ਸਟੇਟ ਐਵਾਰਡ ਮਿਲਿਆ ਹੈ। ਪਿੰਡ ਦੇ ਛੱਪੜ ’ਚ ਬੱਚੇ ਡੁੱਬ ਗਏ, ਬਚਾਓ ਲਈ ਜ਼ਿੰਦਗੀ ਦਾਅ ’ਤੇ ਲਾ ਦਿੱਤੀ। ਸੜਕ ’ਤੇ ਜ਼ਖ਼ਮੀ ਜਦੋਂ ਦੇਖਦਾ ਹੈ, ਸਭ ਕੁਝ ਛੱਡ ਹਸਪਤਾਲ ਵੱਲ ਦੌੜਦਾ ਹੈ। ਪਿੰਡ ਨੂੰ ਨਮੂਨੇ ਦਾ ਬਣਾ ਦਿੱਤਾ ਹੈ। 55 ਗ਼ਰੀਬਾਂ ਨੂੰ ਸਰਕਾਰੀ ਸਕੀਮ ਤਹਿਤ ਮਕਾਨ ਬਣਾ ਕੇ ਦੇ ਦਿੱਤੇ ਹਨ।
ਤਲਵੰਡੀ ਸਾਬੋ ਦੇ ਤੀਹ ਪਿੰਡਾਂ ’ਚ ਕਮਾਲੂ ਵਾਲੇ ਮੁੰਡੇ ਮੇਜਰ ਸਿੰਘ ਨੂੰ ਕੋਈ ਭੁੱਲਿਆ ਨਹੀਂ। ਕਿਤੇ ਕੋਈ ਨਸ਼ੇੜੀ ਮਿਲ ਜਾਵੇ, ਨਸ਼ਾ ਛੁਡਾਉਣ ਲਈ ਪਿੱਛੇ ਹੀ ਪੈ ਜਾਂਦੈ। ਕਿਤੇ ਤਸਕਰ ਮਿਲ ਜਾਵੇ, ਫਿਰ ਪੁਲੀਸ ਦੇ ਪਿੱਛੇ ਪੈ ਜਾਂਦੈ। ਤਸਕਰ ਉਸ ਦੇ ਦੁਸ਼ਮਣ ਬਣੇ ਹਨ ਤੇ ਉਹ ਦੋਸਤ ਬਣ ਕੇ ਨਸ਼ੇੜੀਆਂ ਨੂੰ ਨਵੀਂ ਰਾਹ ਦਿਖਾ ਰਿਹਾ ਹੈ। ਰਾਏਖਾਨਾ ਵਾਲਾ ਰਾਜਵਿੰਦਰ ਅਪਾਹਜ ਹੈ, ਕੁਦਰਤ ਉਸ ਦਾ ਜਜ਼ਬਾ ਨਹੀਂ ਭੰਨ ਸਕੀ। ਮਾਂ ਬੋਲੀ ਪੰਜਾਬੀ ਲਈ ਬੀੜਾ ਚੁੱਕਿਆ। ਕੌਮੀ ਮਾਰਗਾਂ ’ਤੇ ਕਾਲੇ ਪੋਚੇ ਫੇਰ ਦਿੱਤੇ। ਪੰਜਾਬੀ ਦੀ ਹਿਫ਼ਾਜ਼ਤ ਲਈ ਕੁੱਦਿਆ ਹੈ। ਖੂਨਦਾਨ ਤੇ ਹਰਿਆਲੀ ਮੁਹਿੰਮ ਲਈ ਕੰਮ ਵੱਖਰਾ ਕਰਦਾ ਹੈ।
ਹੁਸ਼ਿਆਰਪੁਰ ਦੇ ਪਿੰਡ ਧਾਮੀਆ ਦੀ ਇਕਵਿੰਦਰ ਕੌਰ ਘਰ ਘਰ ਅਲਖ ਜਗ੍ਹਾ ਰਹੀ ਹੈ। ਹੁਸ਼ਿਆਰਪੁਰ ਦੇ ਕਰੀਬ 400 ਪਿੰਡਾਂ ਵਿੱਚ ਉਸ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ। ਇਸ ਨੌਜਵਾਨ ਲੜਕੀ ਨੇ ਜਲੰਧਰ ਦੇ ਸਲੱਮ ਇਲਾਕਿਆਂ ’ਚ ਕੁੜੀਆਂ ਨੂੰ ਖੇਡਾਂ ਰਾਹੀਂ ਜਾਗਰੂਕ ਕੀਤਾ। ਹੁਣ ਇਹ ਫਤਹਿਗੜ੍ਹ ਸਾਹਿਬ ਦੇ ਪ੍ਰਾਇਮਰੀ ਸਕੂਲਾਂ ’ਚ ਕੰਮ ਕਰ ਰਹੀ ਹੈ। ਬਠਿੰਡਾ ਦੇ ਪਿੰਡ ਸੁੱਖਾ ਸਿੰਘ ਵਾਲਾ ਦੇ ਨੌਜਵਾਨਾਂ ਨੇ ਹਰਿਆਲੀ ਦਾ ਬੀੜਾ ਚੁੱਕਿਆ। ਫਰੀਦਕੋਟ ਦੀ ਸੀਰ ਸੁਸਾਇਟੀ ਵਾਲੇ ਵੀ ਕਿਤੇ ਵੀ ਖਾਲੀ ਥਾਂ ਦੇਖਦੇ ਹਨ, ਪੌਦੇ ਲਾਉਣ ਪੁੱਜ ਜਾਂਦੇ ਹਨ। ਸੰਗਰੂਰ ਜ਼ਿਲ੍ਹੇ ਵਿੱਚ ਭਾਨ ਸਿੰਘ ਜੱਸੀ ਉਰਫ ਜੱਸੀ ਪੇਧਨੀ ਪਿੰਡਾਂ ਵਿੱਚ ਜੋਗੀਆਂ ਤੇ ਸਪੇਰਿਆਂ ਦੇ ਬੱਚਿਆਂ ਨੂੰ ਪੜ੍ਹਾਉਣ ਖਾਤਰ ਦਿਨ-ਰਾਤ ਜਾਗ ਰਿਹਾ ਹੈ। ਪੰਜ ਜ਼ਿਲ੍ਹਿਆਂ ’ਚ ਉਸ ਦੀ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਟਰੱਸਟ ਬਿਨਾਂ ਕਿਸੇ ਸਰਕਾਰੀ ਮਦਦ ਤੋਂ 1200 ਬੱਚਿਆਂ ਨੂੰ ਪੜ੍ਹਾ ਰਹੀ ਹੈ। ਜੱਸੀ ਪੇਧਨੀ ਦੱਸਦਾ ਹੈ ਕਿ 24 ਅਧਿਆਪਕ ਸ਼ਾਮ ਵਕਤ ਇਨ੍ਹਾਂ ਬੱਚਿਆਂ ਨੂੰ ਮੁਫਤ ਪੜ੍ਹਾਉਂਦੇ ਹਨ। ਇਵੇਂ ਹੀ ਬਠਿੰਡਾ ਦਾ ਨੌਜਵਾਨ ਸੋਨੂੰ ਮਹੇਸ਼ਵਰੀ ਫੋਨ ਨਹੀਂ ਖੜਕਣ ਦਿੰਦਾ, ਹਾਦਸੇ ਵਾਲੇ ਥਾਂ ਪਹਿਲਾਂ ਪੁੱਜ ਜਾਂਦਾ ਹੈ। PT

 

 

Follow me on Twitter

Contact Us