Awaaz Qaum Di

ਸੰਤ ਸੀਚੇਵਾਲ ਦੀ ਅਗਵਾਈ ਹੇਠ 20 ਪਿੰਡਾਂ ਦੀ ਮੀਟਿੰਗ

ਜਲੰਧਰ : ਗੁਰੂ ਨਾਨਕ ਦੇਵ ਦੇ 550 ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਵਿੱਚ ਆਉਣ ਵਾਲੀ ਸੰਗਤ ਲਈ ਵਰਤਾਏ ਜਾਣ ਵਾਲੇ ਲੰਗਰਾਂ ਲਈ ਸਾਂਝੇ ਪ੍ਰਬੰਧ ਕਰਨ ਵਾਸਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਨਿਰਮਲ ਕੁਟੀਆ ਸੀਚੇਵਾਲ ਵਿੱਚ ਇਕ ਮੀਟਿੰਗ ਹੋਈ ਜਿਸ ਵਿੱਚ ਦੋਨਾਂ ਇਲਾਕੇ ਦੇ 20 ਦੇ ਕਰੀਬ ਪਿੰਡਾਂ ਤੋਂ ਆਈ ਸੰਗਤ ਨੇ ਹਿੱਸਾ ਲਿਆ।
ਇਸ ਦੌਰਾਨ ਸੰਤ ਸੀਚੇਵਾਲ ਨੇ ਸੁਝਾਅ ਰੱਖਿਆ ਕਿ 550ਵੇਂ ਪ੍ਰਕਾਸ਼ ਪੁਰਬ ਲਈ ਸੁਲਤਾਨਪੁਰ ਲੋਧੀ ਆਉਣ ਵਾਲੀ ਸੰਗਤ ਵਾਸਤੇ ਦੋ-ਤਿੰਨ ਹਫ਼ਤੇ ਪਹਿਲਾਂ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਜਾਵੇ ਤੇ ਇਸ ਲਈ ਪੰਜ-ਪੰਜ ਪਿੰਡ ਦੀ ਸੰਗਤ ਆਪਸ ਵਿੱਚ ਰਲ-ਮਿਲ ਕੇ ਲੰਗਰਾਂ ਦੀ ਸੇਵਾ ਕਰੇ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਆਉਣ ਵਾਲੀ ਸੰਗਤ ਲਈ ਚੋਣਵੀਆਂ ਥਾਵਾਂ ’ਤੇ ਹੀ ਲੰਗਰ ਲਗਾਏ ਜਾਣ। ਉਨ੍ਹਾਂ ਸੁਝਾਅ ਦਿੱਤਾ ਕਿ ਇਨ੍ਹਾਂ ਲੰਗਰਾਂ ਲਈ ਜੈਵਿਕ ਦਾਲਾਂ, ਸ਼ਬਜ਼ੀਆਂ ਦਾ ਪ੍ਰਬੰਧ ਕਰਨ ਲਈ ਹੁਣ ਤੋਂ ਹੀ ਵਿਉਂਤਵੰਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਕਤੂਬਰ-ਨਵੰਬਰ ਵਿੱਚ ਸੁਲਤਾਨਪੁਰ ਲੋਧੀ ’ਚ ਆਉਣ ਵਾਲੇ ਨਗਰ ਕੀਰਤਨਾਂ ’ਤੇ ਫੁੱਲਾਂ ਦੀ ਵਰਖਾ ਕਰਨ ਅਤੇ ਸਮਾਗਮਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਲਈ ਫੁੱਲਾਂ ਦੀ ਵੱਡੀ ਪੱਧਰ ’ਤੇ ਲੋੜ ਪਵੇਗੀ ਅਤੇ ਕਿਸਾਨ ਫੁੱਲਾਂ ਦੀ ਖੇਤੀ ਵੱਲ ਵੀ ਧਿਆਨ ਦੇਣ। ਉਨ੍ਹਾਂ ਪੇਸ਼ਕਸ਼ ਵੀ ਕੀਤੀ ਕਿ ਜਿਹੜੇ ਕਿਸਾਨ ਫੁੱਲਾਂ ਦੀ ਖੇਤੀ ਕਰਨ ਦੇ ਇੱਛੁਕ ਹਨ ਉਨ੍ਹਾਂ ਨੂੰ ਜ਼ਮੀਨ ਵੀ ਮੁੱਹਈਆ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਤਲਵੰਡੀ ਮਾਧੋ ਤੇ ਨਿਹਾਲੂਵਾਲ ਪਿੰਡਾਂ ਵਿੱਚ ਸਾਂਝੇ ਤੌਰ ’ਤੇ ਲੰਗਰ ਲਗਾਏ ਜਾਣਗੇ। ਪ੍ਰਕਾਸ਼ ਪੁਰਬ ਸਮੇਂ ਸਰਦੀ ਦਾ ਮੌਸਮ ਵੀ ਸ਼ੁਰੂ ਹੋ ਜਾਵੇਗਾ ਤੇ ਸੰਗਤ ਲਈ ਲੋੜੀਦੇ ਗਰਮ ਬਿਸਤਰੇ ਇਕੱਠੇ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਆਏ ਆਰਜੂ ਹਸਪਤਾਲ ਦੇ ਮੁਖੀ ਵੱਲੋਂ 50 ਕੰਬਲ ਸੰਗਤ ਲਈ ਦਾਨ ਕਰਨ ਦੀ ਸੇਵਾ ਲਈ ਗਈ ਅਤੇ ਸਮਾਗਮਾਂ ਦੌਰਾਨ ਸੰਗਤ ਲਈ ਮੁਫ਼ਤ ਡਾਕਟਰੀ ਸਹੂਲਤ ਮੁਹੱਈਆ ਕਰਨ ਦੀ ਪੇਸ਼ਕਸ਼ ਕੀਤੀ ਗਈ। ਸੰਤ ਸੀਚੇਵਾਲ ਵੱਲੋਂ ਸੰਗਤਾਂ ਲਈ ਯੋਗ ਪ੍ਰਬੰਧ ਕਰਨ ਵਾਸਤੇ ਪਿੰਡਾਂ ਵਿੱਚ ਪੰਜ ਮੈਂਬਰੀ ਕਮੇਟੀਆਂ ਬਣਾਂ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਦੀਆਂ ਕਮੇਟੀਆਂ ਵੀ ਜਲਦ ਬਣਾਈਆਂ ਜਾਣਗੀਆਂ। PT

 

 

Follow me on Twitter

Contact Us