Awaaz Qaum Di

ਨਾਜਾਇਜ਼ ਮਾਈਨਿੰਗ ਖ਼ਿਲਾਫ਼ ਰੈਵੇਨਿਊ ਤੇ ਮਾਈਨਿੰਗ ਵਿਭਾਗ ਸਖ਼ਤ

ਐਸ.ਏ.ਐਸ. ਨਗਰ (ਮੁਹਾਲੀ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਮਾਈਨਿੰਗ ਵਿਭਾਗ ਅਤੇ ਰੈਵੇਨਿਊ ਵਿਭਾਗ ਵੀ ਸਰਗਰਮ ਹੋ ਗਿਆ ਹੈ।
ਮੁਹਾਲੀ ਨੇੜਲੇ ਪਿੰਡ ਧਰਮਗੜ੍ਹ\ਕੋਰੇਮਾਜਰਾ ਦੇ ਖੇਤਾਂ ਵਿੱਚ ਹੋਈ ਨਾਜਾਇਜ਼ ਮਾਈਨਿੰਗ ਸਬੰਧੀ ਰੈਵੇਨਿਊ ਵਿਭਾਗ ਨੇ ਆਪਣੀ ਚੁੱਪੀ ਤੋੜਦਿਆਂ ਐੱਸਡੀਐਮ ਰਾਹੀਂ ਜ਼ਿਲ੍ਹਾ ਮਾਈਨਿੰਗ ਵਿਭਾਗ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ। ਹਾਲਾਂਕਿ ਪਹਿਲਾਂ ਮਾਈਨਿੰਗ ਅਧਿਕਾਰੀ ਇਹ ਕਹਿੰਦੇ ਆਏ ਹਨ ਕਿ ਹਾਲੇ ਤੱਕ ਉਨ੍ਹਾਂ ਨੂੰ ਰੈਵੇਨਿਊ ਵਿਭਾਗ ਦੀ ਕੋਈ ਲਿਖਤੀ ਰਿਪੋਰਟ ਨਹੀਂ ਮਿਲੀ ਹੈ ਅਤੇ ਜਿਹੜੀ ਰਿਪੋਰਟ ਬਾਰੇ ਅਧਿਕਾਰੀ ਗੱਲ ਕਰ ਰਹੇ ਹਨ, ਉਸ ਉੱਤੇ ਕਿਸੇ ਅਧਿਕਾਰੀ ਦੇ ਦਸਤਖ਼ਤ ਨਹੀਂ ਹਨ। ਹੁਣ ਪਟਵਾਰੀ ਰਜਿੰਦਰ ਸਿੰਘ ਨੇ ਆਪਣੀ ਹੱਥ ਲਿਖਤ ਦੋ ਪੰਨਿਆਂ ਦੀ ਰਿਪੋਰਟ ਵਿੱਚ ਸਬੰਧਤ ਜ਼ਮੀਨ ਮਾਲਕਾਂ ਦਾ ਵੇਰਵਾ ਦਰਜ ਕੀਤਾ ਹੈ।
ਪਟਵਾਰੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਨਾਲ ਮਿਲ ਕੇ ਪਿੰਡ ਧਰਮਗੜ੍ਹ\/ਕੋਰੇਮਾਜਰਾ ਦਾ ਮੌਕਾ ਦੇਖਣ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਜ਼ਮੀਨ ਮਾਲਕਾਂ ਦੇ ਨਾਂ ਲਿਖਤੀ ਰੂਪ ਵਿੱਚ ਦੱਸੇ ਗਏ ਹਨ। ਰਿਪੋਰਟ ਮੁਤਾਬਕ ਰੈਵੇਨਿਊ ਰਿਕਾਰਡ ਵਿੱਚ ਇਕ ਜੱਜ ਦੀ ਪਤਨੀ ਸਮੇਤ ਮਲਕੀਤ ਸਿੰਘ, ਅਜੈਬ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਮੰਜੂਬਾਲਾ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਹਰਜੀਤ ਕੌਰ, ਸਾਹਿਬ ਕੌਰ ਦੇ ਨਾਂ ਬੋਲਦੀ ਹੈ। ਇਨ੍ਹਾਂ ਵਿੱਚ ਕਈ ਵਿਅਕਤੀ ਹਿੱਸੇਦਾਰ ਵੀ ਹਨ। ਪਟਵਾਰੀ ਨੇ ਅਗਲੀ ਕਾਰਵਾਈ ਲਈ ਰਿਪੋਰਟ ਨਾਲ ਉਕਤ ਜ਼ਮੀਨ ਦੀ ਨਕਲ ਜਮ੍ਹਾਬੰਦੀ ਵੀ ਦਿੱਤੀ ਹੈ।
ਇਸ ਸਬੰਧੀ ਤਹਿਸੀਲਦਾਰ ਸੁਖਪਿੰਦਰ ਕੌਰ ਨੇ ਦੱਸਿਆ ਕਿ ਮਾਲ ਵਿਭਾਗ ਨੇ ਮਾਈਨਿੰਗ ਵਿਭਾਗ ਨੂੰ ਐੱਸਡੀਐਮ ਰਾਹੀਂ ਆਪਣੀ ਰਿਪੋਰਟ ਦੇ ਦਿੱਤੀ ਹੈ। ਜੇਕਰ ਅਧਿਕਾਰੀਆਂ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਲਿਖਤੀ ਰੂਪ ਵਿੱਚ ਮੰਗ ਸਕਦੇ ਹਨ। ਉਂਜ ਵੀ ਸਮੁੱਚੇ ਜ਼ਿਲ੍ਹੇ ਦੀ ਜ਼ਮੀਨ ਦਾ ਸਾਰਾ ਡਾਟਾ ਆਨਲਾਈਨ ਉਪਲਬਧ ਹੈ, ਉੱਥੋਂ ਵੀ ਹਾਸਲ ਕੀਤਾ ਜਾ ਸਕਦਾ ਹੈ।

ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਹੋਵੇਗੀ: ਡੀਸੀ
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਅਤੇ ਮਾਈਨਿੰਗ ਵਿਭਾਗ ਦੀ ਰਿਪੋਰਟ ਮਿਲਣ ਤੋਂ ਬਾਅਦ ਸਬੰਧਤ ਜ਼ਮੀਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਜੁਰਮਾਨਾ ਵਸੂਲਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਮਾਜਰੀ ਵਿੱਚ 10 ਗੈਰਕਾਨੂੰਨੀ ਕਰੱਸ਼ਰ ਸੀਲ ਕੀਤੇ ਗਏ ਹਨ ਅਤੇ ਮੌਜੂਦਾ ਸਮੇਂ ਵਿੱਚ 22 ਕਰੱਸ਼ਰ ਚਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮਾਈਨਿੰਗ ਵਿਭਾਗ ਅਤੇ ਪੁਲੀਸ ਨੂੰ ਆਦੇਸ਼ ਦਿੱਤੇ ਕਿ ਕਾਨੂੰਨੀ ਤੌਰ ’ਤੇ ਚੱਲ ਰਹੇ ਕਰੱਸ਼ਰਾਂ ਵਿੱਚ ਸਟਾਕ ਦੀ ਵੀ ਜਾਂਚ ਕੀਤੀ ਜਾਵੇ। ਜਿਹੜੀ ਜ਼ਮੀਨ ਵਿੱਚ ਗੈਰਕਾਨੂੰਨੀ ਮਾਈਨਿੰਗ ਹੁੰਦੀ ਹੈ, ਉਸ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੰਚਾਇਤ ਅਤੇ ਪੰਚਾਇਤ ਸਕੱਤਰਾਂ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਜੇ ਉਨ੍ਹਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਸਬੰਧਤ ਇਲਾਕੇ ਦਾ ਬੀਡੀਪੀਓ ਵੀ ਜ਼ਿੰਮੇਵਾਰ ਹੋਵੇਗਾ। PT

 

 

Follow me on Twitter

Contact Us