Awaaz Qaum Di

ਦਿਹਾਤੀ ਪੁਲੀਸ ਨੇ ਤਿੰਨ ਨਾਇਜੀਰੀਅਨਾਂ ਸਮੇਤ 6 ਨਸ਼ਾਂ ਤਸਕਰ ਫੜੇ

ਜਲੰਧਰ/ਸ਼ਾਹਕੋਟ : ਦਿਹਾਤੀ ਪੁਲੀਸ ਨੇ ਨਸ਼ਾਂ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਤਿੰਨ ਨਾਇਜੀਰੀਅਨਾਂ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 2 ਕਿਲੋ 325 ਗ੍ਰਾਮ ਹੈਰੋਇਨ ਅਤੇ 88 ਕਿਲੋ ਚੂਰਾ ਪੋਸਤ ਵੀ ਬਰਾਮਦ ਕੀਤੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਸ਼ਾਹਕੋਟ ਵਿੱਚ ਨਸ਼ਿਆਂ ਖ਼ਿਲਾਫ਼ ਡੀਐੱਸਪੀ ਪਿਆਰਾ ਸਿੰਘ ਦੀ ਅਗਵਾਈ ਵਿਚ ਚਲਾਈ ਜਾ ਰਹੀ ਮੁਹਿੰਮ ਸਾਰਥਕ ਨਤੀਜੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਵਿਦੇਸ਼ੀ ਨਾਗਰਿਕ ਅਮੈਕਾ ਵਾਸੀ ਲਗੌਸ ਨਾਇਜੀਰੀਅਨ ਹਾਲ ਵਾਸੀ ਵਿਤਿਨ ਗਾਰਡਨ ਦਵਾਰਕਾ ਨਵੀਂ ਦਿੱਲੀ ਨੂੰ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਨਾਕਾਬੰਦੀ ਦੌਰਾਨ ਹੀ ਸਬ-ਇਸਪੈਕਟਰ ਪਰਗਟ ਸਿੰਘ ਨੇ ਕੇਨ ਮਾਈਕਲ ਵਾਸੀ ਅਕੋਬਾ ਅਜੇਜੀਆ ਲਗੌਸ ਨਾਇਜੀਰੀਅਨ ਹਾਲ ਵਾਸੀ ਨਵਾਡਾ ਉੱਤਮ ਨਗਰ ਨਵੀਂ ਦਿੱਲੀ ਅਤੇ ਐਕਵੈਗਵੋਲਵ ਐਂਥਨੀ ਵਾਸੀ ਅਕੈਬਾ ਅਜੇਜੀਆ ਲਗੌਸ ਨਾਇਜੀਰੀਅਨ ਹਾਲ ਵਾਸੀ ਨਵਾਡਾ ਉੱਤਮ ਨਗਰ ਨਵੀਂ ਦਿੱਲੀ ਨੂੰ 525 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਥਾਣਾ ਕਰਤਾਰਪੁਰ ਵਿੱਚ ਪੁਲੀਸ ਨੇ ਦੋ ਕਥਿਤ ਨਸ਼ਾਂ ਤਸਕਰਾਂ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਨਿਸ਼ਾਨ ਸਿੰਘ ਤੇ ਹਰਪ੍ਰੀਤ ਸਿੰਘ ਵਜੋਂ ਹੋਈ। ਦੋਵੇਂ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਦੋਵਾਂ ਤੋਂ 500-500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਇੱਕ ਹੋਰ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਦੋ ਜਣਿਆਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੀ ਇਨੋਵਾ ਕਾਰ ਵਿੱਚੋਂ 88 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੇ। ਕਥਿਤ ਦੋਸ਼ੀਆਂ ਦੀ ਪਛਾਣ ਜੈਲਾ ਅਤੇ ਇੰਦਰਜੀਤ ਸਿੰਘ ਉਰਫ ਜੀਤੀ ਦੋਵੇਂ ਵਾਸੀ ਕਿੰਗਰਾ ਚੋਅ ਵਾਲਾ ਵਜੋਂ ਹੋਈ। ਇਸੇ ਤਰ੍ਹਾਂ ਅਲਾਵਲਪੁਰ ਦੇ ਸ਼ਮਸ਼ਾਨ ਘਰ ਨੇੜਿਓਂ ਕਾਰ ’ਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਕਥਿਤ ਦੋਸ਼ੀ ਦੀ ਪਛਾਣ ਗੁਰਚਰਨ ਸਿੰਘ ਉਰਫ ਰਿੱਕੀ ਵਾਸੀ ਮਜੀਠਾ ਵਜੋਂ ਹੋਈ ਹੈ। PT

 

 

Follow me on Twitter

Contact Us