Awaaz Qaum Di

ਮੈਂ ਇੱਕ ਪਿੰਡ ਦਾ ਛੱਪੜ ਬੋਲਦਾ ਆਂ

ਜਦੋਂ ਮਨੁੱਖ ਹਲੇ ਐਨਾ ਸਿਆਣਾ ਨਹੀਂ ਸੀ ਹੋਇਆ ਕਿ ਉਹ ਖੂਹ ਪੁੱਟਣ ਤੇ ਨਲਕੇ ਆਦਿ ਲਾ ਸਕਦਾ।ਉਸ ਸਮੇਂ ਤੋਂ ਪਹਿਲਾਂ ਮਨੁੱਖਾਂ ਦਾ ਜੀਵਨ ਬਸੇਰਾ ਮੇਰੇ ਤੇ ਹੀ ਨਿਰਭਰ ਸੀ। ਜੋ ਵੀ ਪਿੰਡ ਬੱਝਾ ਉਹ ਸਭ ਮੇਰੀ  ਗੋਂਦ ਵਿੱਚ ਹੀ ਬੱਝਾ। ਭਾਵ ਜਿਥੇ ਛੱਪੜ ਹੁੰਦਾ ਸੀ ਮਨੁੱਖ ਓਥੇ ਹੀ ਆਪਣਾ ਡੇਰਾ ਲਾ ਲੈਦਾ ਸੀ। ਮੈਂ ਹਮੇਸਾ ਮਨੁੱਖ ਦੀ ਜੀਅ ਭਰਕੇ ਸੇਵਾ ਕੀਤੀ। ਮੀਂਹ ਪੈਣ ਤੇ ਮੈਂ ਪਾਣੀ ਸਾਂਭ ਕੇ ਰੱਖਿਆ ਤਾਂ ਜੋ ਮਨੁੱਖ ਆਪਣੀਆਂ ਜਰੂਰਤਾਂ ਪੂਰੀਆ ਕਰ ਸਕੇ। ਇਕੱਲਾ ਪਾਣੀ ਹੀ ਨਹੀਂ ਜਦੋਂ ਕਿਤੇ ਔੜ ਲੱਗਦੀ ਤਾਂ ਮੈਂ ਮਨੁੱਖਾਂ ਲਈ ਇੱਟਾਂ, ਗਾਰਾ, ਮਿੱਟੀ ਆਦਿ ਦਿੱਤੀ ਜਿਸ ਨਾਲ ਉਹ ਆਪਣੇ ਰੇਣ ਬਸੇਰੇ ਤਿਆਰ ਕਰਦਾ ਸੀ।ਗੱਲ ਕੀ ਮੈਂ ਮਨੁੱਖ ਦੇ ਹਰ ਕੰਮ ਆਉਦਾ ਰਿਹਾ ਹਾਂ।ਮਨੁੱਖ ਨੇ ਵੀ ਮੈਂਨੂੰ ਬਹੁਤ ਪਿਆਰ ਦਿੱਤਾ ਮੇਰੇ ਨਾਲ ਹਰ ਖੁਸ਼ੀ ਸਾਂਝੀ ਕੀਤੀ। ਇਥੋਂ ਤੱਕ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਤੀਆਂ ਦਾ ਤਿਉਹਾਰ ਵੀ ਮੇਰੇ ਨਾਲ ਸਬੰਧਤ ਹੈ। ਪਹਿਲਾਂ ਇਹ ਮੇਰੇ ਭਰਨ ਦੀ ਖੁਸ਼ੀ ਵਿੱਚ ਰੱਬ ਦਾ ਧੰਨਵਾਦ ਕਰਨ ਲਈ ਲਾਈਆਂ ਜਾਂਦੀਆਂ ਸੀ। ਸੋ ਇਹ ਤੀਆਂ ਦਾ ਤਿਉਹਾਰ ਵੀ ਦੂਜੇ ਤਿਉਹਾਰਾਂ ਵਾਂਗ ਮੌਸਮੀ ਤਿਉਹਾਰ ਹੈ। ਇਥੇ ਇਕ ਬੋਲੀ ਵੀ ਮਸ਼ਹੁਰ ਹੈ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੋਗਾ ।
ਉਰਲੇ ਪਾਸੇ ਢਾਬ ਸੁਣੀਂਦੀ, ਪਰਲੇ ਪਾਸੇ ਟੋਭਾ ।
ਟੋਭੇ ‘ਤੇ ਇੱਕ ਸਾਧ ਸੁਣੀਂਦਾ, ਜਿਸ ਦੀ ਘਰ ਘਰ ਸੋਭਾ ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ ।
 ਲੱਕ ਮੇਰਾ ਪਤਲਾ ਜਿਹਾ, ਭਾਰ ਸਹਿਣ ਨਾ ਜੋਗਾ ।
               ਹੁਣ ਜਿਵੇ ਲੋਕਾਂ ਨੂੰ ਮੇਰੇ ਪਾਣੀ ਦੀ ਲੋੜ ਨਹੀਂ ਰਹੀ ਉਸੇ ਤਰ੍ਹਾਂ ਤੀਆਂ ਵੀ ਕਾਗ਼ਜੀ ਰਹਿ ਗਈਆ।
 ਪਹਿਲਾਂ ਮਨੁੱਖ ਮੇਰੇ ਕੋਲ ਕੋਲ ਰਹਿੰਦਾ ਸੀ ਮੇਰੇ ਤੋਂ ਪਾਣੀ ਲੈ ਕੇ ਉਹ ਪਸ਼ੂ ਪਾਲਦਾ ਪਹਿਲਾਂ ਪਹਿਲਾਂ ਤਾਂ ਉਹ ਪੀਣ ਲਈ ਵੀ ਪਾਣੀ ਮੈਥੋ ਹੀ ਲੈਂਦਾ ਸੀ। ਫਿਰ ਉਸ ਨੇ ਪੀਣ ਲਈ ਮੇਰਾ ਪੁੱਤ ਪੈਂਦਾ ਕਰ ਲਿਆ ਜਿਸ ਦਾ ਨਾਂਅ ਮਨੁੱਖ ਨੇ ਤਲਾਬ ਰੱਖ ਲਿਆ। ਉਹ ਮੇਰੀ ਵਰਤੋਂ ਪਸ਼ੂ ਨਵਾਉਣ, ਕਪੜੇ ਧੋਣ, ਆਪ ਨਹਾਉਣ, ਸਣ ਦੱਬਣ,ਆਦਿ ਕੰਮਾਂ ਲਈ ਕਰਨ ਲੱਗਾ। ਉਸ ਸਮੇਂ ਗਰਮੀ ਵਿੱਚ ਦੁਪਿਹਰ ਵੇਲੇ ਮੇਰੇ ਕੋਲ ਰੌਣਕ ਲੱਗੀ ਰਹਿੰਦੀ ਸੀ। ਮੇਰੇ ਦੁਆਲੇ ਲੱਗੇ ਬੋਹੜ, ਪਿੱਪਲ ਆਦਿ ਦਰਖਤਾਂ ਥੱਲੇ ਬੁੱਢੇ, ਬੱਚੇ,ਨੌਜਵਾਨ ਆਦਿ ਲੋਕ ਮੇਰੇ ਕੋਲ ਹੀ ਦੁਪਿਹਰਾ ਕੱਟਦੇ ਸਨ।ਮੇਰੀ ਐਨੀ ਕਦਰ ਸੀ ਹਰ ਗਾਂ ਮੱਝ ਸੂਣ ਤੇ ਉਸ ਦਾ ਪਹਿਲਾ ਦੁੱਧ ਮੈਨੂੰ ਪੀਣ ਲਈ ਦਿੱਤਾ ਜਾਂਦਾ ਸੀ। ਹਰ ਦੀਵਾਲੀ ਨੂੰ ਸਾਰੇ ਪਿੰਡ ਦੇ ਲੋਕਾਂ ਨੇ ਮੇਰੇ ਕੰਢੇ ਦੀਵਾ ਬਾਲਕੇ ਰੱਖਣਾ। ਉਹਨਾਂ ਦੀਵਿਆਂ ਦੀ ਲੋ ਜਦੋਂ ਮੇਰੀ ਪਾਣੀ ਵਿੱਚ ਦੀ ਦੇਖਣੀ ਤਾਂ ਬੜਾ ਮਨਮੋਹਿੱਕ ਦ੍ਰਿੱਸ਼ ਬਣਦਾ ਸੀ। ਇਹ ਮੇਰੀ ਜਵਾਨੀ ਦੀਆ ਗੱਲਾਂ ਹਨ। ਉਸ ਸਮੇਂ ਲੋਕ ਛੱਪੜ ਰੋਕਣ ਵਾਲੇ ਨੂੰ ਬਹੁਤ ਮਾੜਾ ਸਮਝਦੇ ਸੀ।
ਸਮੇਂ ਨੇ ਐਸੀ ਕਰਵਾਹਟ ਲਈ ਕਿ ਹੁਣ ਮੇਰੀ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ ਬਹੁਤੇ ਥਾਂਵਾਂ ਤੇ ਮੈਨੂੰ ਬਿੱਲਕੁਲ ਖਤਮ ਕਰ ਦਿੱਤਾ। ਮੈਨੂੰ ਖ਼ਤਮ ਕਰਨ ਵਿੱਚ ਸਭ ਤੋਂ ਵੱਡਾ ਹੱਥ ਸਾਧਾਂ ਸੰਤਾਂ ਦਾ ਹੈ। ਜਿਨ੍ਹਾਂ ਨੇ ਮੇਰੀ ਥਾਂ ਤੇ ਲੋਕਾਂ ਨੂੰ ਡਰਾ ਕੇ ਮੁਫ਼ਤ ਵਿੱਚ ਭਰਤ ਪਵਾ ਕੇ ਆਲੀਸ਼ਾਨ ਡੇਰੇ ਸਥਾਪਿਤ ਕਰ ਲਏ।
ਵੇਸੇ ਵੀ ਲੋਕਾਂ ਨੂੰ ਜਿੰਦਗੀ ਬਖ਼ਸ਼ਣ ਵਾਲਾ ਦੇਵਤਾ (ਛੱਪੜ) ਮਨੁੱਖ ਦੀਆਂ ਗ਼ਲਤੀਆ ਕਰਕੇ ਹੀ ਹੁਣ ਇਹ ਲੋਕਾਂ ਤੋਂ ਜਿੰਦਗੀ ਖੋਹਣ ਵਾਲਾ ਰਾਕਸ਼ ਬਣਾ ਗਿਆ ਹੈ। ਮੇਰੀ ਗੋਦ ਦਾ ਨਿੱਘ ਮਾਨਣ ਵਾਲੇ ਮਨੁੱਖ ਨੇ ਮੇਰੇ ਵਿੱਚ ਐਸਾ ਗੰਦ ਪਾਇਆ ਕੇ ਹੁਣ ਮੈਂ ਬਦਬੂ ਵਾਲਾ ਬਣ ਗਿਆ ਹਾਂ ਤੇ ਹੁਣ ਮਨੁੱਖ ਮੈਥੋ ਦੂਰ ਦੀ ਲੰਘਦਾ ਹੈ। ਸਰਕਾਰ ਮੈਨੂੰ ਸਾਫ਼ ਕਰਨ ਦੇ ਨਾਂਅ ਤੇ ਕਈ ਸਕੀਮਾਂ ਪਾਸ ਕਰਦੀ ਹੈ ਉਸ ਸਕੀਮ ਦੇ ਪੈਸੇ ਪਤਾ ਨਹੀਂ ਕਿਸ ਦੇ ਢਿੱਡ ਪੈਂਦੇ ਹਨ। ਮੇਰੀ ਹਾਲਤ ਹਰ ਰੋਜ ਖ਼ਰਾਬ ਹੋ ਰਹੀ ਹੈ। ਕਈ ਲੋਕ ਮੈਨੂੰ ਭਰ ਕੇ ਮੇਰੀ ਥਾਂ ਪਸ਼ੂ ਆਦਿ ਬੰਨਦੇ ਹਨ ਜਾਂ ਇਥੇ ਰੂੜੀ ਆਦਿ ਲਾ ਰਹੇ ਹਨ। ਜੋ ਮੈਨੂੰ ਕੁਝ ਚੰਗਾ ਲੱਗਦਾ ਹੈ। ਸਰਕਾਰ ਨੇ ਮੈਨੂੰ ਭਰਨ ਤੇ ਪਾ ਬੰਦੀ ਲਾ ਰੱਖੀ ਹੈ। ਮੈਂ ਚਹੁੰਦਾ ਹਾਂ ਮੈਨੂੰ ਲੋਕ ਭਰ ਹੀ ਲੈਣ ਮੈਂ ਆਪਣੀ ਜਵਾਨੀ ਵੇਲੇ ਦੇ ਹਾਣੀ ਕਿਸਾਨਾਂ ਵਾਂਗ ਖੁਦਕੁਸੀ ਕਰਨਾ ਚਹੁੰਦਾ ਹਾਂ। ਹੁਣ ਮੈਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਜੋ ਸੰਤ ਸੀਚੀਵਾਲ ਨੇ ਦਿਖਾਈ ਹੈ ਸੰਤ ਜੀ ਨੇ ਮੇਰੇ ਪਾਣੀ ਨੂੰ ਸਾਫ਼ ਕਰਕੇ ਖੇਤਾਂ ਦੀ ਪਿਆਸ ਬੁਝਾਉਣ ਦੀ ਕਾਢ ਕੱਢੀ ਹੈ। ਜੋ ਵਿਦੇਸ਼ੀ ਬੈਠੇ ਮੇਰੇ ਪੁੱਤਾਂ ਦੀ ਮੱਦਦ ਨਾਲ ਪਿੰਡਾਂ ਵਿੱਚ ਚਾਲੂ ਹੋ  ਰਹੀ ਹੈ। ਜੇ ਇਹ ਸਕੀਮ ਹਰ ਪਿੰਡ ਵਿੱਚ ਲਾਗੂ ਹੋ ਜਾਵੇ ਤਾਂ ਮੈਂ ਫਿਰ ਤੋਂ ਜਿਊਣ ਲਈ ਤਿਆਰ ਹਾਂ। ਹੁਣ ਮੈਂ ਇਸੇ ਉਡੀਕ ਵਿੱਚ ਜੀ ਰਿਹਾ ਹਾਂ ਕਿ ਮੈਂ ਮਨੁੱਖ ਦੀ ਪਿਆਸ ਦੀ ਥਾਂ ਖੇਤਾਂ ਦੀ ਪਿਆਸ ਬਝਾਉਣ ਦੇ ਕਾਬਲ ਕਦੋਂ ਹੁੰਦਾ ਹਾਂ। ਇਸੇ ਤਰ੍ਹਾਂ ਲੰਡੇ ਪਿੰਡ ਦੇ ਨੌਜਵਾਨਾ ਨੇ ਮੇਰੇ ਵਿਦੇਸ਼ੀ ਪੁੱਤਰਾਂ ਨਾਲ ਰਲ ਕੇ ਮੇਰੇ ਵਿੱਚੋਂ ਪਾਣੀ ਬੰਦ ਕਰਕੇ ਮੇਰੇ ਵਿੱਚ ਝਿੜੀ (ਜੰਗਲ) ਬਣਾ ਦਿੱਤਾ ਤਾਂ ਕਿ ਮੇਰੇ ਤੇ ਪੰਛੀ ਆ ਕੇ ਰਹਿਣ ਮੈਂ ਆਪਣੇ ਇਹਨਾਂ ਪੁੱਤਰਾਂ ਤੋਂ ਵੀ ਬਹੁਤ ਖੁਸ਼ ਹਾਂ। ਮੇਰੇ ਪੁੱਤਰੋ ਮੇਰੀ ਇਹ ਇੱਛਾ ਛੇਤੀ ਪੂਰੀ ਕਰੋ। ਤਾਂ ਕਿ ਮੈਂ ਕਿਸੇ ਨਾ ਕਿਸੇ ਰੁਪ ਵਿੱਚ ਲੁਕਾਈ ਦੇ ਕੰਮ ਆ ਸਕਾ।
ਤੁਹਾਡੇ ਹਰ ਪਿੰਡ ਦਾ ਤੀਂਆ ਵਾਲਾ ਛੱਪੜ।
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ
ਫੋਨ 94171-03413 GM

 

 

Follow me on Twitter

Contact Us