Awaaz Qaum Di

ਗੁਰੂ ਕਾ ਬੇਟਾ ਰੰਘਰੇਟਾ -ਭਾਈ ਜੈਤਾ/ਬਾਬਾ ਜੀਵਨ ਸਿੰਘ

(5 ਸਤੰਬਰ ਜਨਮ ਦਿਹਾੜੇ ਤੇ ਵਿਸ਼ੇਸ਼)
ਸਿੱਖ ਇਤਿਹਾਸ ਸਿੰਘਾਂ ਦੀਆਂ ਆਥਾਹ,ਵਿਲੱਖਣ ਅਤੇ ਅਦੁੱਤੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ।ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਸਮੇਂ ਧਰਤੀ ਤੇ ਅਵਤਾਰ ਧਾਰਿਆ,ਉਸ ਸਮੇਂ ਧਰਤੀ ਉੱਤੇ ਜ਼ਬਰ ਜ਼ੁਲਮ ,ਫਿਰਕਾਪ੍ਰਸਤੀ, ਲੁੱਟਾਂ-ਖੋਹਾਂ,ਵੈਰ-ਵਿਰੋਧ, ਜਾਤ-ਪਾਤ,ਊਚ-ਨੀਚ, ਭੇਦ-ਭਾਵ, ਆਦਿ ਦੀਆਂ ਜਿਆਦਤੀਆਂ ਕਾਰਨ ਇਨਸਾਨੀਅਤ ਦਾ ਘਾਣ ਪੂਰੇ ਜ਼ੋਰਾਂ ਤੇ ਸੀ।

ਪੂਰੀ ਮਨੁੱਖਤਾਂ ਗੈਰ-ਇਨਸਾਨੀਅਤ ਕੁਕਰਮਾਂ ਅਤੇ ਅਣਮਨੁੱਖੀ ਜ਼ੁਲਮ ਦਾ ਸ਼ਿਕਾਰ ਹੋਕੇ ਕੁਰਲਾਅ ਰਹੀ ਸੀ।ਜ਼ੁਲਮਾਂ ਦੀ ਇੰਤਹਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੇਵ ਜੀ ਉਚਾਰਨ ਕੀਤਾ ਸੀ,

“ਏਤੀ ਮਾਰ ਪਈ ਕੁਰਲਾਣੈ,

 ਤੈਂ ਕੀ ਦਰਦ ਨਾ ਆਇਆ //”

“ਗੁਰੂ ਜੀ ਨੇ ਮਨੁੱਖਤਾ ਦੀ ਭਲਾਈ, ਸਮਾਜਿਕ ਕੁਰੀਤੀਆਂ,ਖਾਸਕਰ ਔਰਤਾਂ ਤੇ ਜਬਰਦਸਤੀ ,ਸਤੀ ਪ੍ਰਥਾ ਆਦਿ ਖਿਲਾਫ ਆਵਾਜ਼ ਉਠਾ ਕੇ ਬਰਾਬਰਤਾ ਦਾ ਹੱਕ ਦਿਵਾਉਣ ਲਈ ਅਰੰਭੇ ਸ਼ੰਘਰਸ਼ ਅਤੇ ਸਿੱਖ ਧਰਮ ਦੇ ਲਾਏ ਬੂਟੇ ਨੂੰ ਸਾਰੇ ਗੁਰੂ ਸਹਿਬਾਨਾਂ ਨੇ ਆਪਣੇ ਖੂਨ ਨਾਲ ਸਿੰਜ ਕੇ ਪਾਲਿਆ ਅਤੇ ਭਰ ਜਵਾਨ ਕੀਤਾ।ਇਸ ਧਰਮ ਦੀ ਰਖਵਾਲੀ ਕਰਨ,ਇਸਦੀ ਆਨ,ਬਾਨ ਅਤੇ ਸ਼ਾਨ ਬਰਕਰਾਰ ਰੱਖਣ ਅਤੇ ਜ਼ਬਰ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ ਬਦਲੇ ਸਿੰਘ ਸੂਰਮਿਆਂ ਨੂੰ ਮੌਕੇ ਦੀਆਂ ਹਕੂਮਤਾਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ।ਕੁਰਬਾਨੀਆਂ ਦੇ ਥੰਮਾਂ,ਸੂਰਬੀਰਾਂ  ਅਤੇ ਸਿਰਲੱਥ ਯੋਧਿਆਂ ਨੇ ਗੁਰੂਆਂ ਦੀ ਆਗਿਆ ਦਾ ਪਾਲਣ ਕਰਦੇ ਹੋਏ ਹਸਦੇ ਹਸਦੇ ਸ਼ਹਾਦਤਾਂ ਦੇ ਜਾਮ ਪੀ ਕੇ ਇਤਿਹਾਸ ਚ ਅਦੁੱਤੀ, ਅਨੋਖੀ ਅਤੇ ਵਿਲੱਖਣ ਮਿਸ਼ਾਲ ਕਾਇਮ ਕੀਤੀ ਅਤੇ ਆਪਣੇ ਖ਼ੂਨ ਨਾਲ ਇਤਿਹਾਸ ਦੇ ਪੰਨੇ ਲਿਖੇ।     

  “ਨਾਲ ਖੂਨ ਦੇ ਲਿਖਦੇ ਸਿੱਖ ਇਤਿਹਾਸ ਖਾਲਸੇ ਦਾ” ਨੂੰ  ਸੱਚ ਸਾਬਿਤ ਕਰਨ ਲਈ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਦਾ ਜ਼ਿਕਰ ਹੁੰਦੇ ਹੀ ਭਾਈ ਜੀਵਨ ਸਿੰਘ ਜੀ ਦਾ ਨਾਂ ਵੀ ਇਤਿਹਾਸ ਦੀਆਂ ਉੱਪਰਲੀਆਂ ਸਫ਼ਾਂ ਵਿੱਚ ਆਉਂਦਾ ਹੈ। ਸਿੱਖ ਧਰਮ ਦੇ ਇਸ ਮਹਾਨ ਜਰਨੈਲ ਦਾ ਜਨਮ 5 ਸਤੰਬਰ1661 ਈਸਵੀ ਨੂੰ ਪਿਤਾ ਭਾਈ ਸਦਾ ਨੰਦ ਜੀ ਦੇ ਘਰ ਮਾਤਾ ਪ੍ਰੇਮੋ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ ਸੀ।ਭਾਵੇਂ ਭਾਈ ਜੈਤਾ ਜੀ ਦੇ ਜਨਮ ਅਤੇ ਸ਼ਹੀਦੀ ਦੀਆਂ ਤਰੀਕਾਂ ਸੰਬੰਧੀ ਇਤਿਹਾਸਕਾਰਾਂ ਵਿੱਚ ਮੱਤਭੇਦ ਹਨ,ਪਰ ਇਹਨਾਂ ਦੇ ਮਾਤਾ ਪਿਤਾ ਗੁਰੂ ਘਰ ਦੇ ਸ਼ਰਧਾਲੂ ਅਤੇ ਗੁਰੂ ਤੇਗ ਬਹਾਦਰ ਜੀ ਦੇ ਪੱਕੇ ਸਿੱਖ ਸਨ।ਜਦੋਂ ਉਹਨਾਂ ਦਾ ਜਨਮ ਹੋਇਆ ਸੀ, ਉਹਨਾਂ ਦੇ ਮਾਤਾ ਪਿਤਾ ਗੁਰੂ ਤੇਗ ਬਹਾਦਰ ਜੀ ਨਾਲ ਪੂਰਬ ਦੇਸ਼ਾਂ ਦੀ ਯਾਤਰਾ ਤੇ ਸਨ।ਭਾਈ ਜੈਤਾ ਜੀ ਦਾ ਬਚਪਨ ਵੀ ਪਟਨੇ ਸ਼ਹਿਰ ਦੀਆਂ ਗਲੀਆਂ ਵਿੱਚ ਗੁਜ਼ਰਿਆ।ਉਹਨਾਂ ਨੇ ਦਸਵੇਂ ਗੁਰੂ ਜੀ ਨਾਲ.ਹੀ ਵਿੱਦਿਆ ਹਾਸਲ ਕੀਤੀ ਸੀ ਅਤੇ ਇਕੱਠਿਆਂ ਨੇ ਹੀ ਸ਼ਾਸ਼ਤਰ ਵਿੱਦਿਆ, ਗਤਕਾ, ਤੀਰ ਅੰਦਾਜੀ,ਘੋੜ ਸਵਾਰੀ ਆਦਿ ਦੇ ਗੁਰ ਸਿੱਖੇ ਅਤੇ ਨਿਪੁੰਨਤਾ ਹਾਸਲ ਕੀਤੀ ਸੀ।

ਮੁਗਲ ਹਕੂਮਤ ਔਰੰਗਜ਼ੇਬ ਦੇ ਜ਼ੁਲਮਾਂ ਦੇ  ਸਤਾਏ ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਹਿੰਦੂ ਧਰਮ ਦੀ ਸਲਾਮਤੀ ਲਈ ਮੱਦਦ ਕਰਨ ਲਈ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਬੇਨਤੀ ਕਰਨ ਆਇਆ ਸੀ । ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਦਿੱਲੀ ਲਈ ਚੱਲੇ ਸਨ ਤਾਂ ਭਾਈ ਜੈਤਾ ਵੀ ਜਥੇ ਨਾਲ ਦਿੱਲੀ ਗਏ ਸਨ।”ਹਿੰਦ ਦੀ ਚਾਦਰ” ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 11 ਨਵੰਬਰ 1675 ਈਸਵੀ ਨੂੰ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਸੀ ਤਾਂ ਭਾਈ ਜੈਤਾ ਜੀ ਨੇ ਮੁਗਲ ਹਕੂਮਤ ਦੀ ਚੇਤਾਵਨੀ ਦੀ ਪਰਵਾਹ ਨਾ ਕਰਦਿਆਂ ਆਪਣੇ ਤਨ ਤੇ ਲੱਖ ਮੁਸੀਬਤਾਂ ਝੱਲਦਿਆਂ ਮੌਤ ਦਾ ਕੱਫਣ ਸਿਰ ਤੇ ਬੰਨ ਕੇ ਗੁਰੂ ਜੀ ਦਾ ਸੀਸ ਦਿੱਲੀ ਤੋਂ ਚੁੱਕ ਕੇ ਅਦਬ ਸਤਿਕਾਰ ਨਾਲ ਸੀਨੇ ਨਾਲ ਲਗਾ  ਆਨੰਦਪੁਰ ਪਹੁੰਚਾਇਆ ਸੀ ।ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਭਾਈ ਜੈਤਾ ਜੀ ਨੇ ਆਪਣੇ ਪਿਤਾ ਸਦਾ ਨੰਦ ਦਾ ਸੀਸ ਘੜੀ ਯੋਜਨਾ ਮੁਤਾਬਿਕ ਕੱਟ ਕੇ ਲਿਆਂਦਾ ਸੀ ਅਤੇ ਨੌਵੇਂ ਪਾਤਸ਼ਾਹ ਦੇ ਧੜ ਕੋਲ ਰੱਖਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਲਿਆ ਸੀ,ਇਹ ਯੋਜਨਾ ਉਹਨਾਂ ਆਪਣੇ ਪਿਤਾ ਨਾਲ ਮਿਲਕੇ ਇੱਕ ਰਾਤ ਪਹਿਲਾਂ ਬਣਾਈ ਸੀ। ਦਸਮ ਪਿਤਾ,ਸਰਬੰਸਦਾਨੀ,ਚੋਜੀ ਪ੍ਰੀਤਮ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ)ਨੇ ਭਾਈ ਜੈਤਾ ਨੂੰ ਘੁੱਟ ਕੇ ਗਲਵੱਕਡ਼ੀ ਵਿੱਚ ਲੈ ਆਪਣੇ ਸੀਨੇ ਲਗਾ ਲਿਆ ਸੀ ਅਤੇ “ਰੰਗਰੇਟੇ ਗੁਰੂ ਕੇ ਬੇਟੇ” ਦੇ ਖਿਤਾਬ ਨਾਲ ਨਿਵਾਜਿਆ ਸੀ।ਇਸ ਤਰ੍ਹਾਂ ਭਾਈ ਜੈਤਾ ਜੀ ਨੂੰ ਗੁਰੂ ਜੀ ਦਾ ਪੁੱਤਰ ਹੋਣ ਦਾ ਮਾਣ ਪ੍ਰਾਪਤ ਹੋਇਆ।ਬਲਦੇਵ ਸਿੰਘ ਸੜਕਨਾਮਾ ਨੇ ਆਪਣੀ ਖੋਜ ਭਰਪੂਰ ਪੁਸਤਕ ਵਿਚ ਉਹਨਾਂ ਨੂੰ “ਪੰਜਵਾਂ ਸਾਹਿਬਜ਼ਾਦਾ” ਦਾ ਖਿਤਾਬ ਦਿੱਤਾ ਹੈ।

ਉੱਧਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੁੱਤਰਾਂ ਦੀ ਮੱਦਦ ਨਾਲ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਸਤਿਕਾਰ ਸਹਿਤ ਰੂੰ ਦੇ ਗੱਡਿਆਂ ਵਿੱਚ ਲੁਕਾ ਕੇ ਆਪਣੇ ਘਰ ਲਿਜਾ ਕੇ ਅਤੇ ਆਪਣੇ ਘਰ ਨੂੰ ਅੱਗ ਲਗਾ ਕੇ ਸੰਸਕਾਰ ਕਰ ਦਿੱਤਾ ਸੀ। ਉਸੇ ਦਿਨ ਤੋਂ ਭਾਈ ਜੈਤਾ ਜੀ ਗੁਰੂ ਜੀ ਪਾਸ ਆਨੰਦਪੁਰ ਸਾਹਿਬ ਹੀ ਰਹਿਣ ਲੱਗ ਪਏ ਸਨ।

ਕਿਸੇ ਸ਼ਾਇਰ ਨੇ ਉਸ ਸਮੇਂ ਨੂੰ ਬਹੁਤ ਸੋਹਣੀਆਂ ਸਤਰਾਂ  ਵਿਚ ਕਲਮਬੱਧ ਕੀਤਾ ਹੈ:-

“ਵਰਤਿਆ ਭਾਣਾ ਦਿੱਲੀ ਚੌਂਕ ਚਾਂਦਨੀ,

ਦਿੱਤੀ ਕੁਰਬਾਨੀ ਨੋਵੇਂ ਗੁਰੂ ਆਪਣੀ,

ਧੜ ਨਾਲੋਂ ਸੀਸ ਜਦੋਂ ਵੱਖ ਕਰਿਆ,

ਆਲਮ ਸੀ ਸਾਰਾ ਉਦੋਂ ਪਿਆ ਡਰਿਆ,

ਚੁੱਕ ਸੀਸ ਘੁੱਟ ਸੀਨੇ ਨਾਲ ਲਾ ਲਿਆ

ਨ ਡਰੇ ‘ਨੇਰੀ ਝੁੱਲੀ ਤੋਂ

ਸੀਸ ਚੁੱਕ ‘ਨੰਦਪੁਰ ਵੱਲ ਚੱਲ ਪਿਆ

ਭਾਈ ਜੈਤਾ ਦਿੱਲੀ ਤੋਂ …”

ਇਸ ਸਮੇਂ ਭਾਈ ਜੈਤਾ ਜੀ ਤੋਂ ਗੁਰੂ ਜੀ ਨੇ ਪੁੱਛਿਆ ਸੀ ,” ਜਦੋਂ  ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਸਮੇਂ ਉੱਥੇ ਹੋਰ ਸਿੰਘ ਕਿੰਨੇ ਸਨ?” ਤਾਂ ਭਾਈ ਜੈਤਾ ਜੀ ਨੇ ਬਹੁਤ ਹੀ ਠਰੰਮੇ ਅਤੇ ਸਹਿਜਤਾ ਨਾਲ ਜਵਾਬ ਦਿੱਤਾ ਸੀ,”ਗੁਰੂ ਜੀ, ਸਿੰਘ ਤਾਂ ਹੋਣਗੇ, ਪਰ ਏਨੇ ਇਕੱਠ ਵਿੱਚ ਕਿਹੜਾ ਪਛਾਣ ਹੁੰਦੀ ਸੀ।”ਸ਼ਾਇਦ ਭਾਈ ਜੈਤਾ ਜੀ ਦੇ ਏਸੇ ਜਵਾਬ ਨਾਲ ਚੋਜੀ ਪ੍ਰੀਤਮ ਕਲਗੀਆਂ ਵਾਲੇ ਨੇ 1699 ਦੀ ਵਿਸਾਖੀ ਨੂੰ ਸਿੱਖ ਧਰਮ ਨੂੰ ਇੱਕ ਵੱਖਰੀ ਪਛਾਣ ਦਿੱਤੀ ਕਿ ਮੇਰਾ ਸਿੱਖ ਲੱਖਾਂ ਵਿੱਚ ਖੜ੍ਹਾ ਅਲੱਗ ਦਿਸੇ।ਆਪ ਵੀ ਪੰਜ ਪਿਆਰਿਆਂ ਤੋਂ ਪੰਜ ਕਰਾਰ ਅਤੇ ਅੰਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਸਨ ।ਇਸ ਦਿਨ ਭਾਈ ਜੈਤਾ ਜੀ ਵੀ ਗੁਰੂ ਜੀ ਤੋਂ  ਪਵਿੱਤਰ ਅੰਮ੍ਰਿਤ ਦੀ ਦਾਤ  ਪ੍ਰਾਪਤ ਕਰਕੇ ਭਾਈ ਜੀਵਨ ਸਿੰਘ ਬਣ ਗਏ।ਉਹਨਾਂ ਦਾ ਵਿਆਹ ਭਾਈ ਖਜਾਨ ਸਿੰਘ ਵਾਸੀ ਪੱਟੀ ਦੀ ਸਪੁੱਤਰੀ ਬੀਬੀ ਰਾਜ ਕੌਰ ਨਾਲ ਹੋਇਆ ਸੀ। ਉਹਨਾਂ ਦੇ ਘਰ ਚਾਰ ਪੁੱਤਰਾਂ ਭਾਈ ਗੁਰਦਿਆਲ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਸੁੱਖਾ ਸਿੰਘ ਅਤੇ ਭਾਈ ਸੇਵਾ ਸਿੰਘ ਨੇ ਜਨਮ ਲਿਆ।ਉਹਨਾਂ ਨੇ ਵੀ ਸਿੱਖ ਧਰਮ ਲਈ ਕੀਤੇ ਜਾਂਦੇ ਕੰਮਾਂ ਵਿੱਚ ਆਪਣਾ ਪੂਰਨ ਯੋਗਦਾਨ ਪਾਇਆ ਅਤੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕੀਤੀ।ਉਹ ਇੱਕ ਮਹਾਨ ਕਵੀ ਦਾ ਰੁਤਬਾ ਵੀ ਰੱਖਦੇ ਸਨ।ਗੁਰੂ ਜੀ ਦੇ 52 ਕਵੀਆਂ ਦੀ ਸੰਗਤ ਮਾਨਣ ਵੀ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਸੀ।

ਭਾਈ ਜੀਵਨ ਸਿੰਘ ਜੀ ਨੇ ਪੰਥਕ ਫੌਜ ਵੱਲੋਂ ਜ਼ੁਲਮ ਖਿਲਾਫ ਲੜ੍ਹੀ ਹਰ ਲੜਾਈ ਵਿੱਚ ਗੁਰੂ ਜੀ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਅਤੇ ਗੁਰੂ ਜੀ ਨਾਲ ਢਾਲ ਬਣਕੇ ਰਹੇ।ਜਦੋਂ 20 ਦਸੰਬਰ (6ਪੋਹ)1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਮੁਗਲਾਂ ਦੇ ਇਕਰਾਰਨਾਮੇ ਮੁਤਾਬਿਕ ਆਨੰਦਪੁਰ ਸਾਹਿਬ ਛੱਡਿਆ ਤਾਂ ਗੁਰੂ ਜੀ ਨੇ ਭਾਈ ਜੀਵਨ ਸਿੰਘ ਜੀ ਨਾਲ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਦੀ ਡਿਊਟੀ ਕਾਫਲੇ ਦੇ ਅਖੀਰ ਵਿੱਚ ਲਗਾਈ ਸੀ,ਕਿਉਂਕਿ ਗੁਰੂ ਜੀ ਜਾਣਦੇ ਸਨ ਕਿ ਮੁਗਲ ਹਕੂਮਤ ਆਪਣੇ ਵਾਅਦੇ ਤੋਂ ਜਰੂਰ ਮੁੱਕਰੇਗੀ ਅਤੇ ਉਹਨਾਂ ਦੀ ਫੌਜ਼ ਕਾਫਲੇ ਤੇ ਪਿੱਠ ਪਿੱਛੇ ਹਮਲਾ ਕਰੇਗੀ ਤਾਂ ਉਨ੍ਹਾਂ ਨਾਲ ਇਹ ਸਿਰਲੱਥ ਸੂਰਮੇ ਹੀ ਨਜਿੱਠਣ ਦੀ ਜੁਅਰਤ ਰੱਖਦੇ ਹਨ।ਸੋ ਇਹ ਸੂਰਬੀਰ ਯੋਧੇ ਗੁਰੂ ਜੀ ਦੀ ਕਸਵੱਟੀ ਉੱਪਰ ਖਰੇ ਉੱਤਰੇ ਅਤੇ ਕਾਫਲੇ ਦੀ ਪੂਰੀ ਹਿਫਾਜ਼ਤ ਕੀਤੀ।

ਜਦੋਂ ਸਰਸਾ ਨਦੀ ਤੋਂ ਗੁਰੂ ਦਾ ਪਰਿਵਾਰ ਵਿੱਛੜ ਗਿਆ ਤਾਂ ਭਾਈ ਜੀਵਨ ਸਿੰਘ ਜੀ ਗੁਰੂ ਜੀ ਨਾਲ 21 ਦਸੰਬਰ (7 ਪੋਹ) ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਆ ਗਏ।ਚਮਕੌਰ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਜੀ  ਗੁਰੂ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ  ਅਤੇ ਵੈਰੀਆਂ ਨਾਲ ਲੜਾਈ ਵਿੱਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ।

ਜਦੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਦਿਆਂ ਸ਼ਹੀਦੀ ਜਾਮ ਪੀ ਗਏ ਤਾਂ ਬਾਕੀ ਬਚੇ ਸਿੰਘਾਂ ਨੇ ਗੁਰੂ ਜੀ ਨੂੰ ਕੱਚੀ ਗੜ੍ਹੀ ਚੋਂ ਚਲੇ ਕੀਤੀ।ਗੁਰੂ ਜੀ ਨੇ ਇਨਕਾਰ ਕਰਦਿਆਂ ਕਿਹਾ ,”ਮੈਂ ਤੁਹਾਨੂੰ ਮੁਸ਼ਕਿਲ ਵਿੱਚ ਮਰਨ ਲਈ ਛੱਡ ਨਹੀਂ ਜਾਵਾਂਗਾ।”ਪੰਜ ਪਿਆਰੇ ਸਿੰਘਾਂ ਨੇ ਇਕੱਠੇ ਹੋਕੇ ਹੁਕਮ ਸੁਣਾਇਆ,”ਤੁਸੀਂ ਇੱਥੋਂ ਚਲੇ ਜਾਉ ਅਤੇ ਜਾਕੇ ਪੰਥ ਦੀ ਸੰਭਾਲ ਕਰੋ।” ਅੰਤ 23 ਦਸੰਬਰ (9 ਪੋਹ) ਨੂੰ ਪੰਜ ਪਿਆਰਿਆਂ ਦਾ ਹੁਕਮ ਪਾਕੇ ਗੁਰੂ ਜੀ ਆਪਣੀ ਦਸਤਾਰ ਅਤੇ ਕਲਗੀ ਭਾਈ ਸੰਗਤ ਸਿੰਘ ਜੀ ਦੇ ਸਿਰ ਸਜਾ ਕੇ ਤਾੜੀ ਮਾਰਕੇ ਗੜ੍ਹੀ ਛੱਡ ਗਏ। ਗੁਰੂ ਜੀ ਜਾਣ ਪਿੱਛੋਂ ਲੜਾਈ ਦੀ ਕਮਾਨ ਭਾਈ ਜੀਵਨ ਸਿੰਘ ਜੀ ਨੇ ਸੰਭਾਲੀ ਅਤੇ ਵੈਰੀਆਂ ਦੇ ਟਿੱਡੀ ਦਲ ਨੂੰ ਭਾਜੜਾਂ ਪਵਾਈਆਂ ਸਨ।ਅੰਤ ਵੈਰੀਆਂ ਨਾਲ ਟੱਕਰ ਲੈਂਦਿਆਂ 23 ਦਸੰਬਰ 1704 ਈਸਵੀ ਨੂੰ ਸਵੇਰੇ ਭਾਈ ਜੀਵਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ।ਇਸ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਸਪੁੱਤਰਾਂ ਭਾਈ ਸੁੱਖਾ ਸਿੰਘ , ਭਾਈ ਸੇਵਾ ਸਿੰਘ ਅਤੇ ਉਹਨਾਂ ਦੇ ਛੋਟੇ ਭਰਾ ਭਾਈ ਸੰਗਤ ਸਿੰਘ ਜੀ ਨੇ ਵੀ ਸ਼ਹੀਦੀ ਜਾਮ ਪੀਤਾ।ਉਹਨਾਂ ਗੁਰੂ ਜੀ ਦੇ ਥਾਪੜੇ ਨਾਲ ਹਰ ਲੜਾਈ ਵਿੱਚ ਫਤਿਹ ਪ੍ਰਾਪਤ ਕੀਤੀ।ਇਸ ਤਰ੍ਹਾਂ ਗੁਰੂ ਘਰ  ਦਾ ਇਹ ਅਨਿਨ ਸੇਵਕ ਆਪਣੀ ਸਾਰੀ ਜ਼ਿੰਦਗੀ ਸਿੱਖ ਧਰਮ ਅਤੇ ਪੰਥ ਦੇ ਲੇਖੇ ਲਾ ਗਿਆ।ਸਮੁੱਚੀ ਸਿੱਖ ਕੌਮ ਉਹਨਾਂ ਨੂੰ ਉਹਨਾਂ ਦੇ ਸਿੱਖ ਧਰਮ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।

ਇੰਜੀ.ਸਤਨਾਮ ਸਿੰਘ ਮੱਟੂਬੀਂਬੜ, ਸੰਗਰੂਰ।

9779708257 GM

 

 

Follow me on Twitter

Contact Us