Awaaz Qaum Di

‘ ਪੁੜ ‘

      ਜਦ ਉਹ ਆਪਣੇ ਸਹੁਰੇ ਘਰ ਨਵੀਂ ਨਵੀਂ ਵਿਆਹੀ ਆਈ ਤਾਂ ਸ਼ਾਮ ਨੂੰ ਉਸਦੇ ਪਤੀ ਨੇ ਮਜ਼ਦੂਰੀ ( ਦਿਹਾੜੀ ) ਕਰਕੇ ਦਾਰੂ ਨਾਲ ਡੱਕ ਕੇ ਘਰ ਵੜਣਾ ਤਾਂ ਉਸ ਨੇ ਚੁੱਪ ਚਾਪ ਕਮਰੇ ਅੰਦਰ ਵਾੜ ਕੇ ਰੋਟੀ ਟੁੱਕ ਖੁਆਉਣਾ ਤੇ ਆਪਣੇ ਸੱਸ ਸਹੁਰੇ ਤੱਕ ਇਸ ਗੱਲ ਦੀ  ਭਿਣਕ ਨਾ ਪੈਣ ਦੇਣੀ ਕਿ ਇਹ ਦਿਨੋਂ ਦਿਨ ਸ਼ਰਾਬੀ ਕਬਾਬੀ ਬਣਦਾ ਜਾ ਰਿਹਾ ਹੈ । ਉਸ ਦੀਆਂ ਕਰਤੂਤਾਂ ‘ਤੇ ਪਾਣੀ ਫੇਰਨਾ, ‘ ਨਾ ਮਾਂ ਜੀ ਤੁਹਾਡਾ ਪੁੱਤ ਤਾਂ  ਬਹੁਤ ਸਰੀਫ਼ ਬੰਦਾ ਹੈ । ‘
    ਜ਼ਿੰਦਗੀ ਏਸੇ ਤਰ੍ਹਾਂ ਤੁਰਦੀ ਗਈ । ਬੱਚੇ ਹੋਏ ਜਦ ਮੁੰਡਾ, ਕੁੜੀ ਸਕੂਲੇ ਪੜਣ ਲੱਗੇ ਤੇ ਕੁੱਝ ਸਮਝਦਾਰ ਹੋ ਗਏ, ਰਾਤ ਦੀ ਗੱਲਬਾਤਾ ਬਾਰੇ ਸੁਬਾਹ ਉੱਠ ਕੇ ਆਪਣੀ ਮਾਂ ਨੂੰ ਪੁੱਛਦੇ ਕਿ, ‘ ਬੇਬੇ ਰਾਤੀਂ ਬਾਪੂ ਤੇਰੇ ਨਾਲ ਕਿਉਂ ਖਹਿਬੜਦਾ ਸੀ ‘ ਤਾਂ ਉਸ ਨੇ ਹੱਸਦਿਆਂ ਹੋਇਆਂ ਕਹਿਣਾ ਕਿ,’ਮੈਥੋਂ ਦਾਲ ਸ਼ਬਜੀ ‘ਚ ਲੂਣ ਮਿਰਚ ਵੱਧ ਘੱਟ ਪੈ ਗਿਆ ਸੀ । ਕੋਈ ਗੱਲ ਨਹੀਂ ।’
   ਹੁਣ ਦੋਨੋਂ ਜੀਅ ਬਿਰਧ ਅਵਸਥਾ ‘ਚ ਚਲੇ ਗਏ, ਕੁੜੀ ਆਪਣੇ ਸਹੁਰੇ ਘਰ ਚਲੀ ਗਈ । ਮੁੰਡਾ ਦਿਹਾੜੀ ਦੱਪਾ ਕਰਨ ਲੱਗਿਆ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ । ਬਾਪ ਮੰਜੇ ‘ਤੇ ਬੈਠ ਗਿਆ, ਰੋਟੀ ਪਾਣੀ ਛਕ ਲੈਂਦਾ ।
  ਹੌਲੀ ਹੌਲੀ ਮੁੰਡਾ  ਵੀ ਨਸ਼ੇ ‘ਚ ਗੁਲਤਾਨ ਰਹਿਣ ਲੱਗ ਪਿਆ, ਜਦ ਘਰੇ ਆ ਕੇ ਭਾਂਡੇ ਭੰਨਦਾ ਤਾਂ ਬਾਪੂ ਥਾਏਂ ਹੀ ਸਹਿਮ ਜਾਂਦਾ ਤੇ ਰਾਤ ਕੱਟ ਲੈਂਦਾ । ਸਵੇਰੇ ਮੁੰਡੇ ਦੇ ਜਾਣ ਤੋਂ ਬਾਅਦ ਆਪਣੀ ਹਮਸਫਰ ਨੂੰ ਸ਼ੰਕੇ ਜਿਹੇ ਨਾਲ ਸਿਕਵਾ ਜਤਾਉਂਦਾ ਕਹਿੰਦਾ ਕਿ,’ ਤੂੰ ਮੇਰੇ ਕੋਲੋਂ ਕੋਈ ਗੁੱਝ ਰੱਖਦੀ ਏਂ ਕਿਤੇ ਆਪਣਾ ਸ਼ੇਰ ਪੁੱਤ ਨਸ਼ੇੜੀ ਤਾਂ ਨੀ ਹੋ ਗਿਆ  ?’
  ਅੱਗੋਂ ਗੱਲ ਟਾਲਣ ਦੇ ਰੌਂਅ ‘ਚ ਮੇਰਾ ਪੁੱਤ ਤਾਂ  ਨਿਰਾ ਸੋਨਾ ਹੈ,  ਕਹਿਕੇ,  ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਦਾਸ
ਕਰਨ ਲੱਗੀ ਕਿ, ‘ ਹੇ ਰੱਬਾ ਹੁਣ ਤੂੰ ਮੈਨੂੰ ਨਿੱਤ ਦਿਨ ਦੇ ਕਲੇਸ ਤੋਂ ਛੁਟਕਾਰਾ ਦੇ ਦੇ ਮੈਂ ਸਾਰੀ ਉਮਰ  ਚੱਕੀ ਦੇ ਪੁੜਾਂ ‘ਚ ਹੀ ਪਿਸਦੀ  ਨੇ ਆਪਣੀ ਦੇਹ ਗਾਲ ਲਈ । ਹੁਣ ਮੈਂ ਸੁਰਖਰੂ ਹੋ ਕੇ ਤੁਹਾਡੇ ਚਰਨਾਂ ‘ਚ ਆ ਸਕਾਂ ।’
ਗੁਰਮੀਤ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ ।
81465 93089 GM

 

 

Follow me on Twitter

Contact Us