Awaaz Qaum Di

ਕੈਨੇਡਾ ‘ਚ ਐਮ ਐਲ ਏ ਬਣਿਆ ਮੁਕਤਸਰ ਦਾ ਜੰਮਪਲ ਅਤੇ ਪੀ ਏ ਯੂ ਦਾ ਪੁੱਤਰ

 • ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਤੇ ਮੁਕਤਸਰ ਦੇ ਵਸਨੀਕ ਕਵੀ ਮਿੱਤਰ ਸ: ਮੰਗਲ ਸਿੰਘ ਬਰਾੜ ਲਈ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਲਈ ਅੱਜ ਦਾ ਦਿਨ ਵਡਭਾਗੀ ਚੜ੍ਹਿਆ ਹੈ ਕਿ ਉਨ੍ਹਾਂ ਦਾ ਵੱਡਾ ਪੁੱਤਰ ਦਿਲਜੀਤਪਾਲ ਸਿੰਘ ਬਰਾੜ (ਮੈਨੀਟੋਬਾ )ਕੈਨੇਡਾ ਦੇ ਸ਼ਹਿਰ ਵਿਨੀਪੈੱਗ ਤੋਂ ਵਿਧਾਇਕ ਚੁਣਿਆ ਗਿਆ ਹੈ।
  ਇਹ ਸੂਚਨਾ ਦਿੰਦਿਆਂ ਉਸ ਦੇ ਮਿੱਤਰ ਡਾ: ਅਨਿਲ ਸ਼ਰਮਾ ਨੂੰ ਚਾਅ ਨਾਲ ਸਾਹ ਚੜ੍ਹਿਆ ਹੋਇਆ ਸੀ।
  ਦਿਲਜੀਤਪਾਲ  ਪੰਜਾਬ ਖੇਤੀ ਯੂਨੀਵਰਸਿਟੀ 1992 ਚ ਪੜ੍ਹਨ ਆਇਆ ਤਾਂ ਸਰੀਰਕ ਕੱਦੋਂ ਨਿੱਕਾ ਹੋਣ ਦੇ ਬਾਵਜੂਦ ਹਰ ਖੇਤਰ ਚ ਚੰਗਾ ਕੱਦ ਕੱਢ ਗਿਆ। ਪੜ੍ਹਾਈ ਚ ਤਾਂ ਸਿਰਮੌਰ ਹੈ ਹੀ ਸੀ, ਭੰਗੜੇ ਦਾ ਵੀ ਕਪਤਾਨ ਤੇ ਮਗਰੋਂ ਕੋਚ ਬਣਿਆ। ਏਥੇ ਹੀ ਪੜ੍ਹਿਆ, ਏਥੇ ਹੀ ਪੜ੍ਹਾਇਆ ਤੇ ਭੂਮੀ ਵਿਗਿਆਨੀ ਨਵਨੀਤ ਕੌਰ ਨਾਲ ਵਿਆਹ ਹੋਇਆ। ਅੰਨਜਲ ਉਸ ਨੂੰ ਪਹਿਲਾਂ ਸੱਰੀ ਲੈ ਗਿਆ ਤੇ ਮਗਰੋਂ ਡਾ: ਨਿਰਮਲ ਸਿੰਘ ਹਰੀ ਦਾ ਸਨੇਹ ਵਿਨੀਪੈੱਗ ਲੈ ਗਿਆ।
  ਸਮਾਜਿਕ ਤੇ ਸਭਿਆਚਾਰਕ ਸਰਗਰਮੀਆਂ ਦਾ ਮੋਢੀ ਹੋਣ ਕਾਰਨ ਹੀ ਉਸ ਨੂੰ ਇਹ ਚੋਣ ਵੱਡੇ ਫਰਕ ਨਾਲ ਜਿੱਤਣੀ ਨਸੀਬ ਹੋਈ ਹੈ।
  ਦਿਲਜੀਤਪਾਲ ਨੂੰ ਲਿਖਣ ਪੜ੍ਹਨ ਦਾ ਚੰਗਾ ਸ਼ੌਕ ਹੈ। ਪੰਜਾਬੀ ਦੀ ਲਿਖਾਈ ਮੋਤੀਆਂ ਵਰਗੀ ਹੋਣ ਕਾਰਨ ਹੀ ਮੇਰਾ ਪਿਆਰ ਪਾਤਰ ਬਣ ਸਕਿਆ।
  ਪਸਾਰ ਸਿੱਖਿਆ ਵਿਭਾਗ ਚ  ਰੀਸਰਚ ਫੈਲੋ ਹੁੰਦਿਆਂ ਡਾ: ਸਰਜੀਤ ਸਿੰਘ ਗਿੱਲ ਤੇ ਮੈਂ ਉਸ ਤੋਂ ਚੰਗੀ ਖੇਤੀ ਮਾਸਿਕ ਮੈਗਜ਼ੀਨ ਲਈ ਸਮਾਜਿਕ ਮਸਲਿਆਂ ਤੇ ਲੇਖ ਲੜੀ ਲਿਖਵਾਈ ਜਿਸ ਨੂੰ ਵੱਖ ਵੱਖ ਅਖ਼ਬਾਰਾਂ ਨੇ ਉਦੋਂ ਨਾਲੋ ਨਾਲ ਨਿਰੰਤਰ ਛਾਪਿਆ। ਮਗਰੋਂ ਨੌਕਰੀ ਚ ਆਉਣ ਵੇਲੇ ਉਸ ਗੁਰਦਾਸਪੁਰ ਖੇਤਰੀ ਖੋਜ ਕੇਂਦਰ ਵੱਲੋਂ ਪੁਸਤਕ ਰੂਪ ਚ ਵੀ ਇਹ ਲੇਖ ਪ੍ਰਕਾਸ਼ਿਤ ਕੀਤੇ।
  ਉਸ ਦਾ ਲੰਮੇ ਕੱਦ ਬੁੱਤ ਵਾਲਾ ਨਿੱਕਾ ਵੀਰ ਡਾ: ਗੁਰ ਰੀਤਪਾਲ ਸਿੰਘ ਬਰਾੜ ਵਧੀਆ ਕਵਿਤਾ ਲਿਖਦਾ ਸੀ, ਯੂਨੀਵਰਸਿਟੀ ਦੇ ਨਾਟਕ ਮੇਲਿਆਂ ਚ ਉਹ ਕਈ ਸਾਲ ਸਰਵੋਤਮ ਕਵੀ ਤੇ ਸਰਵੋਤਮ ਅਦਾਕਾਰ ਰਿਹਾ।
  ਸ਼ੌਕ ਵਜੋਂ ਕੁਝ ਸਮਾਂ ਉਹ ਰੋ਼ਜ਼ਾਨਾ ਅਜੀਤ ਜਲੰਧਰ ਦੇ ਟੇਬਲ ਤੇ ਸਬ ਐਡੀਟਰ ਵੀ ਬਣਿਆ ।
  ਫ਼ਲ ਵਿਗਿਆਨੀ ਗੁਰ ਰੀਤਪਾਲ ਨੇ ਫਲੋਰਿਡਾ ਸਟੇਟ ਅਮਰੀਕਾ ਤੋਂ ਵਜ਼ੀਫ਼ੇ ਨਾਲ ਡਾਕਟਰੇਟ ਕੀਤੀ ਹੈ। ਇਸ ਵੇਲੇ ਫਰਿਜਨੋ ਚ ਖੇਤੀ ਮਹਿਕਮੇ ਦਾ ਉੱਚ ਵਿਗਿਆਨੀ ਹੈ।
  ਦਿਲਜੀਤਪਾਲ ਤੇ ਗੁਰ ਰੀਤਪਾਲ ਦੋਵੇਂ ਵੀਰ ਕਲਾਵੰਤ ਹਨ ਤੇ ਬਾਬਲ ਦੇ ਆਗਿਆਕਾਰ ਵੀ।
  ਅਸੀਸਾਂ ਤੇ ਅਰਦਾਸਾਂ ਨੇ ਦਿਲਜੀਤਪਾਲ ਦਾ ਕੱਦ ਹੋਰ ਉੱਚਾ ਕੀਤਾ ਹੈ। ਇਹ ਜਾਣਕਾਰੀ ਦੇਣ ਵਾਲੇ ਡਾ: ਅਨਿਲ ਸ਼ਰਮਾ ਨੇ ਦੱਸਦਿਆਂ ਕਿਹਾ ਕਿ ਤੁਹਾਡੇ ਪੁੱਤਰਾਂ ਚੋਂ ਇੱਕ ਨੇ ਆਹ ਕਮਾਲ ਕਰਵਾਈ ਹੈ, ਲੱਡੂ ਲੈ ਕੇ ਤੁਹਾਡੇ ਵੱਲ ਆ ਰਿਹਾਂ।
  ਯੂਨੀਵਰਸਿਟੀ ਚ ਵੀ ਵੰਡਾਂਗੇ, ਵਧਾਈ ਦੇਣ ਵਾਲਿਆਂ ਨੂੰ।
  ਆਖਰ ਪਹਿਲੀ ਵਾਰ ਪੀ ਏ ਯੂ ਦਾ ਕੋਈ ਪੁੱਤਰ ਪਰਦੇਸੀ ਧਰਤੀ ਤੇ ਲੋਕਤੰਤਰੀ ਨਿਜ਼ਾਮ ਦਾ ਵਿਧਾਇਕ ਬਣਿਆ ਹੈ।
  ਯੂਨੀਵਰਸਿਟੀ ਦੇ ਪ੍ਰਾਪਤੀ ਖਾਨੇ ਚ ਹੁਣ ਇੱਕ ਹੋਰ ਕਾਲਮ ਬਣਾਉਣਾ ਪਵੇਗਾ ਕਿ ਸਾਡੇ ਦਿਲਜੀਤਪਾਲ ਨੇ
  ਕੈਨੇਡਾ ਦੇ ਮੈਨੀਟੋਬਾ ਸੂਬੇ ਚ ਵਿਧਾਇਕ ਦੀ ਕੁਰਸੀ ਹਾਸਲ ਕੀਤੀ ਹੈ।
  ਮੁਬਾਰਕ
  ਦਿਲਜੀਤਪਾਲ ਪੁੱਤਰਾ
  ਹੋਰ ਮੱਲਾਂ ਮਾਰ
  ਮੂੰਹ ਮਿੱਠਾ ਕਰਦੇ ਰਹੀਏ।
  ਤੇਰੇ ਪੇਕੇ ਸਹੁਰੇ ਟੱਬਰ ਨੂੰ ਵਧਾਈਆਂ।ਗੁਰਭਜਨ ਗਿੱਲ
  11.9.2019 BS

 

 

Follow me on Twitter

Contact Us