Awaaz Qaum Di

ਹੁਸ਼ਿਆਰਪੁਰ ਦੇ 9 ਪਿੰਡ ‘ਡਰੱਗ ਫਰੀ’ ਐਲਾਨੇ, ਕਰੜੇ ਮਾਪਦੰਡਾਂ ਦੀ ਕਸੌਟੀ ’ਤੇ ਖਰੇ ਉਤਰੇ

ਹੁਸ਼ਿਆਰਪੁਰ – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਉਦੋਂ ਬੂਰ ਪਿਆ, ਜਦੋਂ ਪੰਚਾਇਤਾਂ ਦੀ ਪਹਿਲਕਦਮੀ ਸਦਕਾ ਜ਼ਿਲ੍ਹਾ ਪ੍ਰਸਾਸ਼ਨ ਵਲੋਂ 9 ਪਿੰਡ ‘ਡਰੱਗ ਫਰੀ’ ਘੋਸ਼ਿਤ ਕੀਤੇ ਗਏ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਕੇਰੀਆਂ ਸਬ-ਡਵੀਜ਼ਨ ਅਧੀਨ ਪੈਂਦੇ ਇਕ ਪਿੰਡ ਬਹਿਬਲ ਮੰਜ, ਗੜ੍ਹਸ਼ੰਕਰ ਸਬ-ਡਵੀਜ਼ਨ ਅਧੀਨ ਪੈਂਦੇ 8 ਪਿੰਡਾਂ ਰਾਵਲ ਪਿੰਡੀ, ਕੰਬਾਲਾ, ਫਤਿਹਪੁਰ ਕਲਾਂ, ਡੇਰੋਂ, ਨਾਜਰਪੁਰ, ਮੁਕੰਦਪੁਰ, ਕੁਲੇਵਾਲ ਅਤੇ ਮੋਜੀਪੁਰ ਨੂੰ ‘ਡਰੱਗ ਫਰੀ’ ਪਿੰਡ ਘੋਸ਼ਿਤ ਕਰਨ ਦੇ ਸਰਟੀਫਿਕੇਟ ਸੌਂਪ ਕੇ ਸਨਮਾਨਿਤ ਕੀਤਾ।

ਡਿਪਟੀ ਕਮਿਸ਼ਨਰ ਨੇ ਪੰਚਾਇਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 9 ਪਿੰਡਾਂ ਨੂੰ ਡਰੱਗ ਫਰੀ ਘੋਸ਼ਿਤ ਕਰਕੇ ਪਹਿਲੇ ਦੌਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਬਾਕੀ ਪਿੰਡਾਂ ਨੂੰ ਵੀ ਪੰਚਾਇਤਾਂ ਦੀ ਪਹਿਲਕਦਮੀ ਸਦਕਾ ‘ਡਰੱਗ ਫਰੀ’ ਘੋਸ਼ਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਡਰੱਗ ਫਰੀ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਬਾਕੀ ਪਿੰਡਾਂ ਨੂੰ ਜਾਗਰੂਕ ਕਰਨ, ਤਾਂ ਜੋ ਜ਼ਿਲ੍ਹੇ ਦੇ ਬਾਕੀ ਪਿੰਡਾਂ ਨੂੰ ਵੀ ਸਿਹਤਮੰਦ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ‘ਡਰੱਗ ਫਰੀ’ ਬਣਾਉਣ ਲਈ ਪੰਚਾਇਤਾਂ ਦੀ ਭੂਮਿਕਾ ਕਾਫੀ ਅਹਿਮ ਹੁੰਦੀ ਹੈ, ਇਸ ਲਈ ਪੰਚਾਇਤਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਨੂੰ ਡਰੱਗ ਫਰੀ ਬਣਾਉਣ ਲਈ ਇਕਜੁੱਟਤਾ ਨਾਲ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਡਰੱਗ ਫਰੀ ਪਿੰਡਾਂ ਨੂੰ 26 ਜਨਵਰੀ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਵਿੱਚ ਪਹਿਲ ਦੇ ਆਧਾਰ ’ਤੇ ਵੱਖ-ਵੱਖ ਸਕੀਮਾਂ ਤਹਿਤ ਦਿੱਤੀਆਂ ਜਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ  ‘ਡਰੱਗ ਫਰੀ’ ਘੋਸ਼ਿਤ ਕੀਤੇ ਗਏ ਪਿੰਡਾਂ ਵਿਚ ਪਿਛਲੇ 5 ਸਾਲਾਂ ਤੋਂ ਐਨ.ਡੀ.ਪੀ.ਐਸ ਐਕਟ ਸਬੰਧੀ ਕੋਈ ਪਰਚਾ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਡਰੱਗ ਫਰੀ ਘੋਸ਼ਿਤ ਕਰਨ ਲਈ ਕੜੇ ਮਾਪਦੰਡ ਆਪਣਾਏ ਗਏ। ਪਿੰਡਾਂ ਦੇ ਮਾਸਟਰ ਟ੍ਰੇਨਰਾਂ, ਕਲੱਸਟਰ ਕੋਆਰਡੀਨੋਟਰਾਂ ਦੀ ਜਾਂਚ-ਪੜਤਾਲ ਤੋਂ ਬਾਅਦ ਸਬ-ਡਵੀਜ਼ਨਲ ਮਿਸ਼ਨ ਟੀਮ ਅਤੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਤੋਂ ਜਾਣਕਾਰੀ ਹਾਸਲ ਕਰਨ ਉਪਰੰਤ ਜੀ.ਓ.ਜੀ ਵਲੋਂ ਮੁੜ ਪੜਤਾਲ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨਲ ਮਿਸ਼ਨ ਟੀਮ ਵਲੋਂ ਆਮ ਇਜਲਾਸ ਵੀ ਕਰਵਾਇਆ ਗਿਆ ਅਤੇ ਪਿੰਡ ਵਾਸੀਆਂ ਤੋਂ ਸੁਝਾਅ ਤੇ ਇਤਰਾਜ਼ ਮੰਗੇ ਗਏ। ਕੋਈ ਇਤਰਾਜ਼ ਪੇਸ਼ ਨਾ ਹੋਣ ਅਤੇ ਪਿੰਡ ਨੂੰ ਡਰੱਗ ਫਰੀ ਬਣਾਉਣ ਦੇ ਦਿੱਤੇ ਸੁਝਾਅ ਤੋਂ ਬਾਅਦ ਸਿਹਤ ਵਿਭਾਗ ਵਲੋਂ ਰਿਪੋਰਟ ਹਾਸਲ ਕੀਤੀ ਗਈ, ਜਿਸ ਤਹਿਤ ਇਕ ਵੀ ਵਿਅਕਤੀ ਇਲਾਜ ਅਧੀਨ ਨਹੀਂ ਪਾਇਆ ਗਿਆ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਸਬੰਧੀ ਸੂਚਨਾ ਦੇਣ ਲਈ ਐਸ.ਟੀ.ਐਫ/ਨਾਰਕੋਟਿਕਸ ਸੈਲ ਹੁਸ਼ਿਆਰਪੁਰ ਦੇ ਡੀ.ਐਸ.ਪੀ. (94637-68905) ਤੋਂ ਇਲਾਵਾ ਹੈਲਪਲਾਈਨ ਨੰਬਰ-181 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਬਿਲਕੁੱਲ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਨੂੰ ਹਦਾਇਤ ਕੀਤੀ ਕਿ ਡਰੱਗ ਫਰੀ ਕੀਤੇ ਗਏ ਪਿੰਡਾਂ ਦੀ 15 ਦਿਨਾਂ ਬਾਅਦ ਚੈਕਿੰਗ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜੀ.ਓ.ਜੀ ਨੂੰ ਵੀ ਇਨ੍ਹਾਂ ਪਿੰਡਾਂ ਦੀ ਨਿਗਰਾਨੀ ਕਰਨ ਲਈ ਕਿਹਾ। ਇਸ ਮੌਕੇ ਐਸ.ਪੀ, ਨਾਰਕੋਟਿਕਸ ਮੈਡਮ ਮਨਜੀਤ ਕੌਰ, ਐਸ.ਡੀ.ਐਮ ਗੜ੍ਹਸ਼ੰਕਰ ਸ਼੍ਰੀ ਹਰਬੰਸ ਸਿੰਘ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਮਿਤ ਸਰੀਨ, ਜ਼ਿਲ੍ਹਾ ਮੁਖੀ ਜੀ.ਓ.ਜੀ ਬਿ੍ਰਗੇਡੀਅਰ (ਰਿਟਾ.) ਮਨੋਹਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ 9 ਪਿੰਡਾਂ ਦੀ ਪੰਚਾਇਤਾਂ ਹਾਜ਼ਰ ਸਨ।

 

 

Follow me on Twitter

Contact Us