Awaaz Qaum Di

ਸੜਕ ਹਾਦਸੇ ‘ਚ ਦੋ ਮੌਤਾਂ ਹੋਣ ਉਪਰੰਤ ਆਵਾਰਾ ਪਸ਼ੂਆਂ ਨੂੰ ਲੈ ਕੇ ਵਧਿਆ ਲੋਕ ਰੋਹ

  • ਮਾਨਸਾ : ਬੀਤੇ ਦਿਨੀਂ ਸਥਾਨਕ ਓਵਰਬ੍ਰਿਜ ਲਾਗੇ ਲਾਵਾਰਿਸ ਪਸ਼ੂਆਂ ਕਾਰਨ ਸੜਕ ਹਾਦਸੇ ‘ਚ ਹੋਈ ਦੋ ਵਿਅਕਤੀਆਂ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਸ਼ਹਿਰੀਆਂ ਦਾ ਰੋਸ ਵਧ ਗਿਆ ਹੈ। ਇਸ ਸਬੰਧੀ ਸ਼ਹਿਰੀਆਂ ਨੇ ਮੰਗਲਵਾਰ ਨੂੰ ਇਕ ਮੀਟਿੰਗ ਲਕਸ਼ਮੀ ਨਾਰਾਇਣ ਮੰਦਰ ‘ਚ ਕਰਕੇ 13 ਸਤੰਬਰ ਨੂੰ ਮਾਨਸਾ ਬੰਦ ਦਾ ਸੱਦਾ ਦਿੱਤਾ ਹੈ। ਸ਼ਹਿਰੀਆਂ ਦਾ ਕਹਿਣਾ ਹੈ ਕਿ ਜੇਕਰ ਲਾਵਾਰਿਸ ਪਸ਼ੂਆਂ ਦਾ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਆਉਂਦੇ 48 ਘੰਟਿਆਂ ‘ਚ ਕੋਈ ਬੰਦੋਬਸਤ ਨਾ ਕੀਤਾ ਗਿਆ ਤਾਂ ਉਹ ਮਾਨਸਾ ਬੰਦ ਦੌਰਾਨ ਸਰਕਾਰ ਖਿਲਾਫ਼ ਧਰਨਾ ਮੁਜ਼ਾਹਰਾ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਤੋਂ ਕਿਸੇ ਨਾ ਕਿਸੇ ਰੂਪ ‘ਚ ਗਊ ਰੱਖਿਆ ਲਈ ਟੈਕਸ ਦੀ ਵਸੂਲੀ ਕਰ ਰਹੀ ਹੈ, ਪਰ ਸ਼ਹਿਰ ਦੀਆਂ ਸੜਕਾਂ ਦੇ ਇੰਨ੍ਹਾਂ ਪਸ਼ੂਆਂ ਦੀ ਗਿਣਤੀ ਵਧਣਾ ਜਾਰੀ ਹੈ, ਜਿਸ ਬਾਰੇ ਫਿਕਰਮੰਦੀ ਤਾਂ ਦੂਰ ਸਰਕਾਰ ਕੋਈ ਧਿਆਨ ਹੀ ਨਹੀਂ ਦੇ ਰਹੀ। ਮੀਟਿੰਗ ਦੌਰਾਨ ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ, ਸੈਕਟਰੀ ਮਨਜੀਤ ਸਦਿਉੜਾ, ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸ਼ਹਿਰ ‘ਚ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਹੈ, ਜਿਸ ਕਾਰਨ ਪਿਛਲੇ ਦਿਨਾਂ ਵਿੱਚ 4 ਤੋਂ ਵੱਧ ਮੌਤਾਂ ਇਕੱਲੇ ਮਾਨਸਾ ਸ਼ਹਿਰ ਵਿੱਚ ਹੋ ਚੁੱਕੀਆਂ ਹਨ। ਮੀਟਿੰਗ ‘ਚ ਸਭ ਤੋਂ ਪਹਿਲਾਂ ਬੀਤੇ ਦਿਨੀਂ ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਬਾਰੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ 13 ਸਤੰਬਰ ਨੂੰ ਮਾਨਸਾ ਸ਼ਹਿਰ ਨੂੰ ਮੁਕੰਮਲ ਬੰਦ ਰੱਖ ਕੇ ਸ਼ਹਿਰ ਦੀਆਂ ਸਾਰੀਆਂ ਵਪਾਰਕ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇੰਨ੍ਹਾਂ ਜਥੇਬੰਦੀਆਂ ਦੇ ਆਗੂ ਅਤੇ ਸ਼ਹਿਰੀ ਵਾਸੀ ਸਵੇਰੇ 10 ਵਜੇ ਤੋਂ ਭੁੱਖ ਹੜਤਾਲ ਉÎੱਪਰ ਬੈਠਣਗੇ। ਇਸ ਮੌਕੇ ਇਕੱਠ ਵਲੋਂ ਸਰਵਸੰਮਤੀ ਨਾਲ ਇਹ ਵੀ ਪਾਸ ਕੀਤਾ ਗਿਆ ਕਿ ਜੇਕਰ ਇਹ ਮਸਲਾ 12 ਸਤੰਬਰ ਤੱਕ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਦੇ ਮੰਤਰੀਆਂ ਤੇ ਨੁਮਾਇੰਦਿਆਂ ਦਾ ਮਾਨਸਾ ਸ਼ਹਿਰ ‘ਚ ਆਉਣ ‘ਤੇ ਬਾਈਕਾਟ ਕੀਤਾ ਜਾਵੇਗਾ। ਸਮੂਹ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਮਾਨਸਾ ਸ਼ਹਿਰ ‘ਚੋਂ 48 ਘੰਟਿਆਂ ਅੰਦਰ ਅਵਾਰਾ ਪਸ਼ੂ ਚੁੱਕਣ ਦਾ ਅਲਟੀਮੇਟਮ ਦਿੱਤਾ ਗਿਆ। ਇਸ ਤੋਂ ਇਲਾਵਾ ਅਮਰੀਕਨ ਨਸਲ ਦੇ ਪਸ਼ੂਆਂ ਦੀ ਖਰੀਦੋ-ਫਰੋਖਤ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮਾਨਸਾ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਵਲੋਂ ਜੋ ਗਊ ਸੈਸ ਵਸੂਲਿਆ ਜਾ ਰਿਹਾ ਹੈ, ਉਹ ਰਕਮ ਗਊਆਂ ਦੇ ਹਿੱਤਾਂ ਲਈ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਮਾਨਸਾ ਬਾਰ ਐਸੋਸੀਏਸ਼ਨ, ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਯੂਨੀਅਨ, ਪ੍ਰੇਮ ਅਰੋੜਾ ਜ਼ਿਲ੍ਹਾ ਸ਼ਹਿਰੀ ਪ੍ਰਧਾਲ ਸ੍ਰੋਅਦ, ਐਡਵੋਕੇਟ ਸੂਰਜ ਛਾਬੜਾ, ਸੁਮੀਰ ਛਾਬੜਾ, ਹਰਵਿੰਦਰ ਮਾਨਸ਼ਾਹੀਆ, ਡਾ. ਸੁਨੀਤ ਜਿੰਦਲ, ਪ੍ਰਸ਼ੋਤਮ ਜਿੰਦਲ, ਵਿਜੈ ਸਿੰਗਲਾ, ਮੱਘਰ ਮੱਲ ਖਿਆਲਾ, ਬਲਵਿੰਦਰ ਬਾਂਸਲ, ਅਰੁਣ ਬਿੱਟੂ ਭੰਮਾ, ਮਨਦੀਪ ਗੋਰਾ ਪ੍ਰਧਾਨ ਨਗਰ ਕੌਂਸਲ, ਪ੍ਰੇਮ ਅੱਗਰਵਾਲ, ਬਲਵਿੰਦਰ ਕਾਕਾ ਕੌਂਸਲਰ, ਕਾ. ਰਾਜਵਿੰਦਰ ਰਾਣਾ, ਕਾ. ਜਸਬੀਰ ਕੌਰ ਨੱਤ, ਬਲਜੀਤ ਸੇਠੀ, ਬਿਕਰਮਜੀਤ ਸਿੰਘ ਟੈਕਸਲਾ, ਬਿੱਕਰ ਸਿੰਘ ਮੰਘਾਣੀਆਂ, ਜਤਿੰਦਰ ਆਗਰਾ, ਬਲਕਰਨ ਬੱਲੀ ਆਦਿ ਆਗੂ ਹਾਜ਼ਰ ਸਨ। BS

 

 

Follow me on Twitter

Contact Us