Awaaz Qaum Di

ਪਿਛਲੇ ਦੋ ਹਫ਼ਤਿਆਂ ‘ਚ 150 ਤੋਂ ਵੱਧ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ‘ਚ ਭੇਜਿਆ – ਘਨਸ਼ਿਆਮ ਥੋਰੀ

ਸੰਗਰੂਰ – ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੇਸਹਾਰਾ ਪਸ਼ੂ ਧੰਨ ਨੂੰ ਸੰਗਰੂਰ ਸ਼ਹਿਰ ਤੋਂ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਤਹਿਤ ਪਿਛਲੇ ਇੱਕ ਹਫ਼ਤੇ ਵਿੱਚ 150 ਤੋਂ ਵੱਧ ਬੇਸਹਾਰਾ ਪਸ਼ੂ ਧੰਨ ਨੂੰ ਸ਼ਹਿਰ ਵਿੱਚੋਂ ਬਾਹਰ ਤਬਦੀਲ ਕੀਤਾ ਜਾ ਚੁੱਕਾ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਦੋ ਹਫ਼ਤਿਆਂ ਦੇ ਅੰਦਰ-ਅੰਦਰ ਸੰਗਰੂਰ ਸ਼ਹਿਰ ਵਿੱਚੋਂ ਮੁਕੰਮਲ ਤੌਰ ‘ਤੇ ਬੇਸਹਾਰਾ ਪਸ਼ੂ ਧੰਨ ਨੂੰ ਢੁਕਵੀਂਆਂ ਗਊਸ਼ਾਲਾਵਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਪੂਰਨ ਤੌਰ ‘ਤੇ ਰਾਹਤ ਮਿਲ ਜਾਵੇਗੀ।

ਜ਼ਿਕਰਯੋਗ ਹੈ ਕਿ ਸੰਗਰੂਰ ਵਿੱਚ ਮੁੱਖ ਸੜਕਾਂ, ਗਲੀ ਮੁਹੱਲਿਆਂ ਤੇ ਜਨਤਕ ਸਥਾਨਾਂ ‘ਤੇ ਬੇਸਹਾਰਾ ਪਸ਼ੂ ਧੰਨ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਦੇ ਯਤਨਾਂ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਵੱਲੋਂ ਸਮੂਹ ਨਗਰ ਕੌਂਸਲਾਂ ਦੇ ਕਾਰਜਸਾਧਕ ਅਧਿਕਾਰੀਆਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਸਾਰਥਕ ਕਦਮ ਪੁੱਟਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਨੂੰ ਅਮਲੀ ਤੌਰ ‘ਤੇ ਜਾਮਾ ਪਹਿਨਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਨਗਰ ਕੌਂਸਲ ਸੰਗਰੂਰ ਦੇ ਈ.ਓ ਸ਼੍ਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਬੇਸਹਾਰਾ ਪਸ਼ੂ ਧੰਨ ਤੋਂ ਮੁਕਤੀ ਦਿਵਾਉਣ ਲਈ ਪ੍ਰਾਈਵੇਟ ਤੌਰ ‘ਤੇ 10 ਮੈਂਬਰੀ ਟੀਮ ਲਗਾਈ ਹੈ ਜੋ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੁਰੱਖਿਅਤ ਢੰਗ ਨਾਲ ਇਨ੍ਹਾਂ ਪਸ਼ੂਆਂ ਨੂੰ ਕਾਬੂ ਕਰਦੀ ਹੈ ਅਤੇ ਟਰਾਲੀਆਂ ਆਦਿ ਰਾਹੀਂ ਸਰਕਾਰੀ ਗਊਸ਼ਾਲਾ ਝਨੇੜੀ ਅਤੇ ਬਰਨਾਲਾ ਰੋਡ ‘ਤੇ ਸਥਿਤ ਗਊਸ਼ਾਲਾ ਵਿਖੇ ਲਿਜਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਊਸ਼ਾਲਾਵਾਂ ਵਿੱਚ ਪਸ਼ੂ ਧੰਨ ਦੀ ਸੁਚੱਜੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਮੌਸਮ ਦੇ ਅਨੁਕੂਲ ਵਾਤਾਵਰਣ ਤੇ ਹਰਾ ਚਾਰਾ, ਤੂੜੀ, ਪਰਾਲੀ, ਪਾਣੀ ਆਦਿ ਮੁਹੱਈਆ ਕਰਵਾਇਆ ਜਾਂਦਾ ਹੈ। BS
 

 

 

Follow me on Twitter

Contact Us