Awaaz Qaum Di

ਮੇਰੀ ਪਤਨੀ

ਗਰਮੀਆਂ ਦੇ ਦਿਨ ਸਨ।ਰਾਤ ਦੇ ਨੌਂ ਵੱਜਣ ਵਾਲੇ ਸਨ।ਮੈਂ ਤੇ ਮੇਰੀ ਪਤਨੀ ਰਾਤ ਦੀ ਰੋਟੀ ਖਾਣ ਪਿੱਛੋਂ ਸੌਣ ਦੀ ਤਿਆਰੀ ਕਰ ਰਹੇ ਸਾਂ।ਅਚਾਨਕ ਸਾਡੇ ਘਰ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ।ਮੈਂ ਬਾਹਰ ਨਿਕਲ ਕੇ ਵੇਖਿਆ, ਸਾਡੇ ਘਰ ਦੇ ਲਾਗੇ ਦੇ ਦਸ, ਬਾਰਾਂ ਘਰਾਂ ਵਿੱਚ ਵੀ ਬਿਜਲੀ ਨਹੀਂ ਸੀ।ਹੌਲੀ, ਹੌਲੀ ਪਤਾ ਲੱਗਾ ਕਿ ਦਸ,ਬਾਰਾਂ ਘਰਾਂ ਦੀ ਬਿਜਲੀ ਦੀ ਸਪਲਾਈ ਤਾਰਾਂ ਦੇ ਜਲ ਕਾਰਨ ਬੰਦ ਹੋਈ ਸੀ।

ਮੇਰੀ ਪਤਨੀ ਗਰਮੀ ਬਹੁਤ ਮੰਨਦੀ ਹੈ।ਮੈਂ ਵੇਖਿਆ, ਉਹ ਪਸੀਨੋ ਪਸੀਨੀ ਹੋਈ ਪਈ ਸੀ।ਮੇਰਾ ਵੱਡਾ ਭਰਾ ਮੇਰੇ ਕੋਲੋਂ ੫੦੦ ਮੀਟਰ ਦੀ ਦੂਰੀ ਤੇ ਰਹਿੰਦਾ ਹੈ।ਮੇਰੀ ਪਤਨੀ ਨੇ ਮੇਰੇ ਭਤੀਜੇ ਨੂੰ ਫੋਨ ਕਰਕੇ ਆਖਿਆ, “ਜੀਤੇ, ਤੁਹਾਡੇ ਘਰ ਬਿਜਲੀ ਹੈਗੀ ਆ?ਸਾਡੇ ਦਸ, ਬਾਰਾਂ ਘਰਾਂ ਦੀ ਬਿਜਲੀ ਦੀ ਸਪਲਾਈ ਤਾਰਾਂ ਦੇ ਜਲ ਕਾਰਨ ਬੰਦ ਹੋ ਗਈ ਆ।”

“ਹਾਂ, ਹੈਗੀ ਆ, ਚਾਚੀ ਜੀ।”ਜੀਤੇ ਨੇ ਜਵਾਬ ਦਿੱਤਾ।

“ਮੈਂ ਤੁਹਾਡੇ ਘਰੇ ਸੌਣ ਆਉਣ ਲੱਗੀ ਆਂ।”ਮੇਰੀ ਪਤਨੀ ਨੇ ਜੀਤੇ ਨੂੰ ਆਖਿਆ।

ਫੇਰ ਉਹ ਮੈਨੂੰ ਮੁਖ਼ਾਤਿਬ ਹੋ ਕੇ ਬੋਲੀ, “ਮੈਂ ਜੀਤੇ ਹੋਰਾਂ ਦੇ ਘਰ ਸੌਣ ਚੱਲੀ ਆਂ। ਮੇਰੇ ਕੋਲੋਂ ਸਾਰੀ ਰਾਤ ਬਿਜਲੀ ਬਗੈਰ ਕੱਟਣੀ ਬੜੀ ਔਖੀ ਆ।ਜੇ ਤੁਸੀਂ ਮੇਰੇ ਨਾਲ ਆਉਣਾ, ਤਾਂ ਆ ਜਾਓ।”

“ਜੇ ਤੂੰ ਜਾਣਾ ਆਂ, ਤਾਂ ਜਾਹ, ਮੈਂ ਆਪਣਾ ਘਰ ਨ੍ਹੀ ਛੱਡ ਸਕਦਾ।”

ਮੇਰੀ ਏਨੀ ਕਹਿਣ ਦੀ ਦੇਰ ਸੀ ਕਿ ਉਹ ਮੇਰੇ ਵੱਡੇ ਭਰਾ ਦੇ ਘਰ ਸੌਣ ਲਈ ਚਲੀ ਗਈ।

ਘਰ ਵਿੱਚ ਬਿਜਲੀ ਦੀ ਸਪਲਾਈ ਬੰਦ ਹੋਣਾ ਕੋਈ ਵੱਡੀ ਗੱਲ ਨਹੀਂ ਸੀ। ਹਾਲੇ ਸਾਡੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀਆਂ ਕੁ ਮੁਸੀਬਤਾਂ ਆਉਣੀਆਂ ਸਨ? ਕਿਤੇ ਉਹ ਮੁਸੀਬਤਾਂ ਵਿੱਚ ਵੀ ਮੈਨੂੰ ਕੱਲਾ ਨਾ ਛੱਡ ਜਾਵੇ, ਮੈਂ ਇਹ ਸੋਚ ਕੇ ਚਿੰਤਾ ‘ਚ ਡੁੱਬ ਗਿਆ।

ਮਹਿੰਦਰ ਸਿੰਘ ਮਾਨ

ਪਿੰਡ ਤੇ ਡਾਕ ਰੱਕੜਾਂ ਢਾਹਾ

{ਸ.ਭ.ਸ.ਨਗਰ} 9915803554

 

 

Follow me on Twitter

Contact Us