Awaaz Qaum Di

ਅਲਵਿਦਾ ਡਾਕਟਰ ਖੇਮ ਸਿੰਘ ਗਿੱਲ …ਗੁਰਭਜਨ ਗਿੱਲ

ਸੂਰਜ ਚੜ੍ਹਨੋਂ ਪਹਿਲਾਂ ਆਹ ਕੀ
ਦੱਸ ਨੀ ਧਰਤੀਏ ਦੱਸ ਕੀ ਹੋਇਆ?
ਲੈ ਗਏ ਡਾਢੇ ਸਿਰ ਤੋਂ ਅੰਬਰ, ਦਰਦ ਬਰੂਹੀਂ ਹਰ ਘਰ ਚੋਇਆ।
ਦਰਵੇਸ਼ਾਂ ਦੀ ਜੂਨ ਹੰਢਾਉਂਢਾ, ਬੋਹੜ ਬਿਰਖ਼ ਸੀ ਭਾਰਾ ਗਉਰਾ,
ਕਿਸ ਨੂੰ ਦਰਦ ਸੁਣਾਈਏ ਕਿੱਥੇ?
ਅੱਜ ਕਣਕਾਂ ਦਾ ਬਾਬਲ ਮੋਇਆ।

ਕਣਕ ਖੋਜ ਦੇ ਮੋਢੀਆਂ ਚੋਂ ਪ੍ਰਮੁੱਖ
ਡਾ: ਖੇਮ ਸਿੰਘ ਗਿੱਲ ਨਹੀਂ ਰਹੇ।
ਕਾਲੇ ਕੇ(ਮੋਗਾ) ਦੇ ਜੰਮਪਲ, ਆਖ਼ਰੀ ਸਾਹੀਂ ਤੀਕ ਕਿਚਲੂ ਨਗਰ ਲੁਧਿਆਣਾ ਵੱਸਦੇ ਰਹੇ ਡ: ਖੇਮ ਸਿੰਘ ਗਿੱਲ ਖ਼ਾਲਸਾ ਕਾਲਿਜ ਅੰਮ੍ਰਿਤਸਰ ਦੇ ਗਰੈਜੂਏਟ ਤੇ ਖੇਤੀ ਕਾਲਿਜ ਲੁਧਿਆਣਾ ਦੇ ਪੋਸਟ ਗਰੈਜੂਏਟ ਸਨ।
ਪੰਜਾਬ ਖੇਤੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਵਾਈਸ ਚਾਂਸਲਰ ਬਣਨ ਤੀਕ ਉਹ ਇਸ ਦੇ ਸਤਿਕਾਰਤ ਵਿਗਿਆਨੀ ਰਹੇ।
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵੱਲੋਂ ਚਲਾਈ ਵਿਦਿਅਕ ਲਹਿਰ ਅਧੀਨ ਬੜੂ ਸਾਹਿਬ ਸਥਿਤ ਅਕਾਲ ਟਰਸਟ ਵੱਲੋਂ ਅਕਾਲ ਯੂਨੀਵਰਸਿਟੀਆਂ ਤੇ ਪੰਜਾਬ ਚ ਅਕਾਲ ਅਕੈਡਮੀਆਂ ਦਾ ਜਾਲ ਫੈਲਾਉਣ ਚ ਉਹ ਆਪਣੇ ਸਹਿਪਾਠੀ ਤੇ ਸੰਤ ਡਾ: ਇਕਬਾਲ ਸਿੰਘ ਦੇ ਸਹਿਯੋਗੀ ਰਹੇ।
ਭਜਨੀਕ, ਸ਼ਾਂਤ ਸੂਰਤ, ਵਿਗਿਆਨ ਮੂਰਤ ਡਾ: ਖੇਮ ਸਿੰਘ ਗਿੱਲ ਦਾ ਚਲਾਣਾ ਦੁਖਦਾਈ ਤਾਂ ਹੈ ਪਰ ਤਸੱਲੀ ਹੈ ਕਿ ਉਹ ਪੂਰੀ ਜ਼ਿੰਦਗੀ ਚ ਨਵੇਂ ਨਵੇਲੇ ਰੰਗ ਭਰ ਗਏ।
ਹਰ ਵੇਲੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਲੇ ਡਾ: ਖੇਮ ਸਿੰਘ 1983 ਚ ਮੇਰੇ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਆਉਣ ਵੇਲੇ ਮੇਰੀ ਚੋਣ ਕਮੇਟੀ ਦੇ ਵੀ ਚੇਅਰਮੈਨ ਸਨ।
ਸੱਚੀਂ ਮਨ ਉਦਾਸ ਹੋਇਆ ਹੈ
ਸਵੇਰ ਸਾਰ ਇਹ ਖ਼ਬਰ ਸੁਣਕੇ।
ਸਮੁੱਚੇ ਵਿਗਿਆਨ ਜਗਤ, ਪਰਮਾਰਥ ਪਾਂਧੀਆਂ , ਪਰਿਵਾਰ ਤੇ ਸੰਸਾਰ ਲਈ ਇਹ ਦਿਵਸ ਪਹਿਲਾਂ ਜਿੰਨਾ ਚਾਨਣਾ ਨਹੀਂ ਹੋਵੇਗਾ।
ਨਮਨ!
ਡਾ: ਖੇਮ ਸਿੰਘ ਗਿੱਲ ਜੀ
ਚਰਨ ਬੰਦਨਾ BS

 

 

Follow me on Twitter

Contact Us