Awaaz Qaum Di

ਕੈਨੇਡਾ : ਰੋਪੜ ਤੇ ਮੋਹਾਲੀ ਵਾਲਿਆਂ ਨੇ ਕਰਾਇਆ ਯਾਦਗਾਰੀ ਸਮਾਗਮ-ਜਸਬੀਰ ਗਿੱਲ ਤੇ ਬਿੰਦਰਖੀਆ ਦੀ ਬੀਵੀ ਕੀਤੇ ਸਨਮਾਨਿਤ

ਸਰੀ- ਰੋਪੜ ਡਿਸਟ੍ਰਿਕਟ ਕਲਚਰਲ ਐਸੋਸੀਏਸ਼ਨ ਵੱਲੋਂ ਕੈਨੇਡਾ ਵਸਦੇ ਰੋਪੜ ਅਤੇ ਮੋਹਾਲੀ ਜ਼ਿਲਿਆਂ ਦੇ ਨਿਵਾਸੀਆਂ ਦਾ ਸਲਾਨਾ ਸਮਾਗਮ ਬੰਬੇ ਬੈਂਕੁਇਟ ਹਾਲ, ਸਰੀ ਵਿਖੇ ਕਰਵਾਇਆ ਗਿਆ। ਢੇਸਾ ਭਰਾਵਾਂ (ਸੋਹਣ ਸਿੰਘ, ਨਾਹਰ ਸਿੰਘ ਅਤੇ ਮੈਂਡੀ ਢੇਸਾ), ਸੁਰਜੀਤ ਮਾਧੋਪੁਰੀ, ਪ੍ਰਿਤਪਾਲ ਗਿੱਲ ਅਤੇ ਅਵਿਨਾਸ਼ ਬਨਵੈਤ ਦੇ ਵਿਸ਼ੇਸ਼ ਸਹਿਯੋਗ ਸਦਕਾ ਇਸ ਪਰਿਵਾਰਕ ਮਿਲਣੀ ਪ੍ਰੋਗਰਾਮ ਦਾ ਸਭ ਨੇ ਆਨੰਦ ਮਾਣਿਆਂ।

ਸਮਾਗਮ ਵਿਚ ਬੋਲਦਿਆਂ ਡਾ. ਪ੍ਰਿਥੀਪਾਲ ਸੋਹੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੀ ਆਪਸੀ ਸਾਂਝ, ਮੇਲਜੋਲ ਦੀ ਭਾਵਨਾ ਅਤੇ ਤਾਂਘ ਦਾ ਪ੍ਰਗਟਾਵਾ ਕਰਦੇ ਹਨ। ਸਾਡਾ ਸੱਭਿਆਚਾਰਕ ਵਿਰਸਾ ਵੀ ਸਾਡੇ ਮਿਲਾਪੜੇ ਸੁਭਾਅ, ਸਦਭਾਵਨਾ, ਮੇਲਜੋਲ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਕਿਤੇ ਵੀ ਹੋਈਏ, ਪੰਜਾਬ ਪ੍ਰਤੀ ਆਪਣੀ ਖਿੱਚ, ਮੋਹ-ਪਿਆਰ ਨੂੰ ਕਦੇ ਵੀ ਮਨੋਂ ਵਿਸਾਰ ਨਹੀਂ ਸਕਦੇ ਅਤੇ ਇਸ ਤਰ੍ਹਾਂ ਦੇ ਸਮਾਗਮ ਰਚਾ ਕੇ ਅਸਲ ਵਿਚ ਅਸੀਂ ਪੰਜਾਬ ਪ੍ਰਤੀ ਆਪਣੀ ਭੁੱਖ ਨੂੰ ਤ੍ਰਿਪਤ ਕਰ ਰਹੇ ਹੁੰਦੇ ਹਾਂ। ਉਨ੍ਹਾਂ ਰੋਪੜ ਅਤੇ ਮੋਹਾਲੀ ਜ਼ਿਲਿਆਂ ਦੇ ਨਿਵਾਸੀਆਂ ਨੂੰ ਇਸ ਸ਼ਾਨਦਾਰ ਅਤੇ ਯਾਦਗਾਰੀ ਪ੍ਰੋਗਰਾਮ ਲਈ ਮੁਬਾਰਕਬਾਦ ਦਿੱਤੀ। ਪ੍ਰੋਗਰਾਮ ਵਿਚ ਹਰਚੰਦ ਸਿੰਘ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਮਾਸਟਰ ਅਮਰੀਕ ਸਿੰਘ ਲੇਹਲ, ਦਰਸ਼ਨ ਸੰਘਾ, ਸੁਰਜੀਤ ਮਾਧੋਪੁਰੀ, ਚਰਨਜੀਤ ਸਿੰਘ ਤੂਰ (ਵਿਨੀਪੈੱਗ), ਬਰਜਿੰਦਰ ਮਚਲਾ ਜੱਟ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਬੋਲੀਆਂ ਰਾਹੀਂ ਖੂਬ ਰੰਗ ਬੰਨਿਆਂ। ਅਮਰਜੀਤ ਸਿੰਘ ਅਤੇ ਰਾਣਾ ਢੋਲੀ ਦੇ ਢੋਲਾਂ ਦੀ ਤਾਲ ਨੇ ਸਭਨਾਂ ਦੇ ਮਨਾਂ ਵਿਚਲੀਆਂ ਨਾਚ-ਤਰੰਗਾਂ ਨੂੰ ਹਲੂਣਿਆਂ। ਲਾਲ ਕਮਲ ਦੇ ਗੀਤ ਅਤੇ ਸੰਗੀਤ ਨੇ ਹਰ ਇਕ ਦਾ ਮਨ ਮੋਹ ਲਿਆ।

ਸਮਾਗਮ ਦੌਰਾਨ ਅਮਰੀਕਾ ਤੋਂ ਆਏ ਇੰਜਨੀਅਰ ਜਸਬੀਰ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਅਵਿਨਾਸ਼ ਬਨਵੈਤ ਨੇ ਆਪਣੇ ਜਮਾਤੀ ਜਸਬੀਰ ਸਿੰਘ ਗਿੱਲ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਚਾਨਣਾਂ ਪਾਇਆ। ਜਸਬੀਰ ਸਿੰਘ ਗਿੱਲ ਨੇ ਬਹੁਤ ਹੀ ਰੌਚਕ ਸ਼ੈਲੀ ਰਾਹੀਂ ਆਪਣੇ ਬਚਪਨ ਅਤੇ ਮੁੱਢਲੀਆਂ ਤੰਗਦਸਤੀਆਂ ਬਾਰੇ ਖੁੱਲ੍ਹੇ ਮਨ ਨਾਲ ਗੱਲਾਂ ਕੀਤੀਆਂ ਅਤੇ ਫਿਰ ਇੰਜਨੀਅਰਿੰਗ ਕਰਨ ਉਪਰੰਤ ਨੌਕਰੀ ਨਾ ਮਿਲਣ, ਆਪਣੀ ਕੰਪਿਊਟਰ ਕੰਪਨੀ ਸਥਾਪਿਤ ਕਰਨ, ਆਪਣਾ ਸਾਫਟਵੇਅਰ ਤਿਆਰ ਕਰਨ ਅਤੇ ਫਿਰ ਕਾਰੋਬਾਰ ਦੀਆਂ ਬੁਲੰਦੀਆਂ ਛੁਹਣ ਦੀ ਦਿਲਚਸਪ ਅਤੇ ਗੌਰਵਮਈ ਗਾਥਾ ਦਾ ਵਰਨਣ ਕੀਤਾ।

ਇਸ ਸਮਾਗਮ ਵਿਚ ਮਰਹੂਮ ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦੀ ਸੁਪਤਨੀ ਪ੍ਰੀਤ ਬਿੰਦਰਖੀਆ ਵੀ ਹਾਜਰ ਸਨ ਅਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਰੇਡੀਓ ਹੋਸਟ ਵਿਜੇ ਵੈਭਵ ਸੈਣੀ, ਪ੍ਰਿਤਪਾਲ ਗਿੱਲ ਅਤੇ ਸੁਰਜੀਤ ਮਾਧੋਪੁਰੀ ਨੇ ਕੀਤਾ। ਸੋਹਣ ਸਿੰਘ ਢੇਸਾ, ਨਾਹਰ ਸਿੰਘ ਢੇਸਾ ਅਤੇ ਮੈਂਡੀ ਢੇਸਾ ਨੇ ਲੱਕੀ ਡਰਾਅ ਦੇ ਜੇਤੂਆਂ ਨੂੰ ਆਪਣੇ ਵੱਲੋਂ ਵਿਸ਼ੇਸ਼ ਇਨਾਮ ਵੀ ਦਿੱਤੇ। ਇੰਜਨੀਅਰ ਜਸਬੀਰ ਸਿੰਘ ਗਿੱਲ ਨੇ ਪ੍ਰਬੰਧਕਾਂ ਨੂੰ ਪੰਜ ਹਜਾਰ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਭਵਨ ਕੈਨੇਡਾ ਦੇ ਬਾਨੀ ਸੁੱਖੀ ਬਾਠ, ਐਨ.ਡੀ.ਪੀ. ਆਗੂ ਹਰਜੀਤ ਸਿੰਘ ਗਿੱਲ, ਪੰਜਾਬ ਤੋਂ ਆਏ ਕਾਂਗਰਸੀ ਆਗੂ ਲਖਵਿੰਦਰ ਸਿੰਘ, ਪਾਲ ਬਰਾੜ, ਗੈਰੀ ਬਰਾੜ, ਰੀਐਲਟਰ ਰਣਧੀਰ ਢਿੱਲੋਂ, ਸ਼ਾਇਰ ਹਰਦਮ ਮਾਨ, ਬਲਜੀਤ ਸਿੰਘ ਔਲਖ, ਇੰਦਰਪਾਲ ਸੰਧੂ, ਰਮਨ ਰਾਏ, ਪ੍ਰੋ. ਹਰਿੰਦਰ ਕੌਰ ਸੋਹੀ, ਰੀਐਲਟਰ ਹਰਜੀਤ ਸਿੰਘ ਵਿਰਕ, ਖੁਸ਼ਹਾਲ ਗਲੋਟੀ, ਪ੍ਰਿਤਪਾਲ ਸੰਧੂ ਅਤੇ ਹਰਜਿੰਦਰ ਸਿੰਘ ਚੀਮਾ ਨੇ ਸ਼ਿਰਕਤ ਕੀਤੀ।

 

 

Follow me on Twitter

Contact Us