Awaaz Qaum Di

ਹਰਿਆਣਾ ‘ਚ ਪੰਜਾਬ ਪੁਲਿਸ ‘ਤੇ ਹਮਲਾ – ਫਾਇਰਿੰਗ ਦੌਰਾਨ 6 ਮੁਲਾਜ਼ਮ ਜ਼ਖਮੀ

ਬਠਿੰਡਾ ਦੀ ਸੀ.ਆਈ.ਏ-1 ਪੁਲਿਸ ਦੀ ਟੀਮ ‘ਤੇ ਡਰੱਗ ਸਮਗਲਰਾਂ ਦੁਆਰਾ ਹਰਿਆਣਾ ਦੇ ਦੇਸੂ ਯੋਦੇ ਪਿੰਡ ‘ਚ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਟੀਮ ਉਕਤ ਪਿੰਡ ਦੇ ਕਿਸੇ ਨਸ਼ੇੜੀ ‘ਤੇ ਕੇਸ ਬਣਾ ਕੇ ਉਸਦੇ ਘਰ ਰੇਡ ਕਰਨ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਉਸ ਘਰ ‘ਚ ਜਾਂਦਿਆਂ ਹੀ ਹਮਲਾ ਹੋ ਗਿਆ।

ਸਮਗਲਰਾਂ ਵੱਲੋਂ ਦਰਜਨਾਂ ਦੇ ਹਿਸਾਬ ਨਾਲ ਗੋਲੀਆਂ ਚਲਾਈਆਂ ਗਈਆਂ। ਘਟਨਾ ‘ਚ ਦੋ ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਦੀ ਗੱਡੀ ‘ਤੇ ਵੀ ਹਮਲਾ ਕੀਤਾ ਗਿਆ ਹੈ।

ਬਠਿੰਡਾ ਐਸ.ਐਸ.ਪੀ ਨਾਨਕ ਸਿੰਘ ਨੇ ਬਾਬੂਸ਼ਾਹੀ ਨਾਲ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਜ਼ਖਮੀ ਪੁਲਿਸ ਕਰਮੀਆਂ ਨੂੰ ਬਠਿੰਡਾ ਤੇ ਡੱਬਵਾਲੀ ਹਸਪਤਾਲ ‘ਚ ਭਰਤੀ ਕਰਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਮੁਲਾਜ਼ਮ ਦੇ ਗੋਲੀ ਵੀ ਲੱਗੀ ਹੈ ਤੇ ਜ਼ੇਰੇ ਇਲਾਜ ਹੈ।

ਉਥੇ ਹੀ ਜਿਹੜੇ ਘਰ ‘ਚ ਪੁਲਿਸ ਰੇਡ ਮਾਰਨ ਗਈ ਸੀ, ਉਸ ਘਰ ਦੇ ਪਰਿਵਾਰ ਨੇ ਪੁਲਿਸ ‘ਤੇ ਦੋਸ਼ ਲਾਏ ਹਨ ਕਿ ਪੁਲਿਸ ਨੇ ਫਾਇਰਿੰਗ ਕੀਤੀ ਤੇ ਜਿਸ ‘ਚ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਹਲਾਕ ਹੋ ਗਿਆ। ਉਨ੍ਹਾਂ ਦੋਸ਼ ਲਾਏ ਨੇ ਕਿ ਗੋਲੀ ਮਾਰਨ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਜਿਸ ਨਾਲ ਇਹ ਲੱਗ ਸਕੇ ਕਿ ਉਸ ‘ਤੇ ਜਵਾਬੀ ਫਾਇਰਿੰਗ ਹੋਈ ਹੈ।

ਪਰ ਐਸ.ਪੀ.ਬਠਿੰਡਾ ਗੁਰਬਿੰਦਰ ਸਿੰਘ ਸੰਘਾ ਨੇ ਨਿਊਜ਼-18 ਨਾਲ ਗੱਲ ਕਰਦਿਆਂ ਦੱਸਿਆ ਕਿ 40 ਤੋਂ 50 ਬੰਦਿਆਂ ਨੇ ਪੁਲਿਸ ‘ਤੇ ਹਮਲਾ ਕੀਤਾ ਸੀ ਤੇ ਭੀੜ ਨੇ ਪੁਲਿਸ ਦੇ ਹਥਿਆਰ ਖੋਹ ਲਏ ਤੇ ਡੰਡਿਆਂ ਨਾਲ ਪੁਲਿਸ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਤੋਂ ਖੋਹੇ ਹੋਏ ਹਥਿਆਰ ਨਾਲ ਪਿੰਡ ਵਾਲਿਆਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਲੱਗੀ ਤੇ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਸਮਗਲਰਾਂ ਦਾ ਪਿੱਛਾ ਕਰਦੀ ਕਰਦੀ ਹਰਿਆਣਾ ਪਹੁੰਚ ਗਈ ਤੇ ਜਿਥੇ ਇਹ ਸਾਰੀ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਇੱਕ ਲੇੇਡੀ ਕਾਂਸਟੇਬਲ ਸਣੇ ਕੁੱਲ 7 ਮੁਲਾਾਜ਼ਮ ਰੇਡ ਕਰਨ ਗਏ ਸੀ ਜਿਨ੍ਹਾਂ ਵਿਚੋਂ 6 ਜ਼ਖਮੀ ਹੋਏ ਹਨ। BS

 

 

Follow me on Twitter

Contact Us