Awaaz Qaum Di

ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਵਿਖੇ ਵਿਗਿਆਨ ਮੇਲਾ ਲਗਾਇਆ

ਬਟਾਲਾ – ਬੱਚਿਆਂ ਅੰਦਰ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਵਿਖੇ ਵਿਗਿਆਨ ਮੇਲਾ ਲਗਾਇਆ ਗਿਆ। ਸਕੂਲ ਦੀ ਸਾਇੰਸ ਅਧਿਆਪਕਾ ਸ੍ਰੀਮਤੀ ਨੈਨਸੀ ਦੀ ਅਗਵਾਈ ਹੇਠ ਇਸ ਵਿਗਿਆਨ ਮੇਲੇ ਵਿੱਚ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਗਿਆਨਿਕ ਵਿਸ਼ਿਆਂ ਨਾਲ ਸਬੰਧਤ ਕਿਰਿਆਵਾਂ ਕਰਕੇ ਵਿਖਾਈਆਂ ਗਈਆਂ। ਸਕੂਲੀ ਬੱਚਿਆਂ ਵਲੋਂ ਸੌਰ ਮੰਡਲ ਦੀ ਖੂਬਸੂਰਤ ਝਾਕੀ ਪੇਸ਼ ਕੀਤੀ ਗਈ ਜਿਸ ਤਹਿਤ ਬੱਚਿਆਂ ਨੇ ਸੂਰਜ ਸਮੇਤ ਇਸ ਦੇ ਅੱਠ ਗ੍ਰਹਿ ਬਣ ਕੇ ਉਨ੍ਹਾਂ ਦੀ ਵਿਸ਼ੇਸ਼ਤਾਵਾਂ ਨੂੰ ਬਿਆਨਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਥ੍ਰੀ-ਡੀ ਸੌਰ ਮੰਡਲ ਦੇ ਮਾਡਲ ਦੇ ਨਾਲ ਭੌਤਿਕ ਵਿਗਿਆਨ, ਜੀਵ ਵਿਗਿਆਨ ਤੇ ਰਸਾਇਣ ਵਿਗਿਆਨ ਨਾਲ ਸਬੰਧਤ ਵੱਖ-ਵੱਖ ਕਿਰਿਆਵਾਂ ਦੇ ਮਾਡਲ ਪੇਸ਼ ਕੀਤੇ। ਇਸ ਦੌਰਾਨ ਬੱਚਿਆਂ ਨੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਵੀ ਦਿੱਤਾ।

ਇਸ ਵਿਗਿਆਨ ਮੇਲੇ ਨੂੰ ਦੇਖਣ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ, ਗੁਰਦਾਸਪੁਰ ਤੋਂ ਸਾਇੰਸ ਦੇ ਡੀ.ਐੱਮ. ਨਰਿੰਦਰ ਕੁਮਾਰ ਸੈਣੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਡੀ.ਐੱਮ. ਨਰਿੰਦਰ ਕੁਮਾਰ ਸੈਣੀ ਨੇ ਇਸ ਵਿਗਿਆਨ ਮੇਲੇ ਦੀ ਕਾਮਯਾਬੀ ਲਈ ਸਾਇੰਸ ਅਧਿਆਪਕਾ ਸ੍ਰੀਮਤੀ ਨੈਨਸੀ ਅਤੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਵਿਗਿਆਨਕ ਰੁਚੀ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਮੇਲੇ ਕਰਵਾਉਣੇ ਬਹੁਤ ਜਰੂਰੀ ਹਨ।

ਉਨ੍ਹਾਂ ਕਿਹਾ ਬੁਰਜ ਅਰਾਈਆਂ ਸਕੂਲ ਵਿਖੇ ਬੱਚਿਆਂ ਨੇ ਸਾਇੰਸ ਮੇਲੇ ਜਰੀਏ ਆਪਣੀ ਵਿਗਿਆਨਕ ਸੂਝ ਨੂੰ ਬਾਖੂਬੀ ਪੇਸ਼ ਕੀਤਾ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਵਿਦਿਆਰਥੀ ਭਵਿੱਖ ਵਿੱਚ ਬੁਲੰਦੀਆਂ ਹਾਸਲ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ ਦੇ ਮੁੱਖ ਅਧਿਆਪਕ ਸੁਭਾਸ਼ ਚੰਦਰ, ਬੀ.ਐੱਮ. ਦੀਪਕ ਹਾਂਡਾ, ਬਲਜੀਤ ਸਿੰਘ, ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੇ ਅਧਿਆਪਕ ਕੁਲਦੀਪ ਸਿੰਘ, ਅਧਿਆਪਕਾ ਨੈਨਸੀ, ਗੁਰਿੰਦਰ ਕੌਰ, ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਸਿਮਰਜੀਤ ਕੌਰ ਤੋਂ ਇਲਾਵਾ ਸੇਵਾ ਮੁਕਤ ਐੱਸ.ਡੀ.ਓ. ਦਵਿੰਦਰ ਸਿੰਘ, ਸ੍ਰੀਮਤੀ ਰਜਵੰਤ ਕੌਰ, ਬੱਚਿਆਂ ਦੇ ਮਾਪੇ ਤੇ ਹੋਰ ਪਤਵੰਤੇ ਵੀ ਇਸ ਵਿਗਿਆਨ ਮੇਲੇ ਵਿੱਚ ਹਾਜ਼ਰ ਸਨ। ਇਸ ਮੌਕੇ ਵਿਗਿਆਨ ਮੇਲੇ ਵਿੱਚ ਸਭ ਤੋਂ ਬੇਹਤਰ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। BS

 

 

Follow me on Twitter

Contact Us