Awaaz Qaum Di

ਕੌਮ ‘ਚ ਬੰਦੀ ਸਿੰਘਾਂ ਦੀ ਰਿਹਾਈ ਦੀ ਖੁਸ਼ੀ ਅਤੇ ਪੁਲਸੀਆਂ ਦੀ ਰਿਹਾਈ ਦਾ ਪਿੱਟ ਸਿਆਪਾ

ਭਾਰਤ ਸਰਕਾਰ ਦੀ ਇਹ ਨੀਤੀ ਬਣ ਚੁੱਕੀ ਹੈ ਕਿ ਜੇਕਰ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨਾਲ਼ ਨਜਿੱਠਣ ਦਾ ਕੋਈ ਹੋਰ ਰਾਹ ਨਹੀਂ ਬਚਿਆ ਤਾਂ ਇੱਕ ਸਿੱਖ ਨੂੰ ਰਿਹਾਅ ਕਰਕੇ ਪੰਜਾਹ ਹੋਰ ਬੇਦੋਸ਼ੇ ਸਿੱਖਾਂ ਨੂੰ ਜੇਲ੍ਹਾਂ ‘ਚ ਡੱਕ ਦਿੱਤਾ ਜਾਵੇ ਤੇ ਸਿੱਖਾਂ ਦੀ ਅਣਖ਼ ਤੇ ਗ਼ੈਰਤ ‘ਤੇ ਭਾਰੀ ਸੱਟ ਮਾਰੀ ਜਾਵੇ। ਸਿੱਖਾਂ ਨੂੰ ਹਰ ਪਲ ਸਤਾਇਆ ਤੇ ਖਪਾਇਆ ਜਾਵੇ। ਸਿੱਖਾਂ ਦੀਆਂ ਭਾਵਨਾਵਾਂ, ਹਿੱਤਾਂ ਤੇ ਜਜ਼ਬਾਤਾਂ ਨੂੰ ਦਰੜਿਆ ਜਾਵੇ। ਸਿੱਖ ਇੱਕ ਪਲ ਵੀ ਇਸ ਦੇਸ਼ ‘ਚ ਚੈਨ ਨਾਲ਼ ਨਾ ਬੈਠ ਸਕਣ। ਸਰਕਾਰ ਕੂਟਨੀਤੀ ਰਾਹੀਂ ਇੱਕ ਖੁਸ਼ੀ ਦੇ ਕੇ ਸੌ ਹੋਰ ਨਵੇਂ ਦੁੱਖ ਸਿੱਖਾਂ ਦੀ ਝੋਲ਼ੀ ‘ਚ ਪਾ ਰਹੀ ਹੈ। ਸਿੱਖਾਂ ਨੂੰ ਥਕਾਉਣ ਅਤੇ ਹਰਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿੱਖਾਂ ਨੂੰ ਵਰਗਲ਼ਾ ਕੇ ਭਾਰਤੀ ਮੁੱਖ ਧਾਰਾ ਜੋ ਅਸਲ ‘ਚ ਹਿੰਦੂ ਮੁੱਖ ਧਾਰਾ ਹੈ ‘ਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਆਪਣੀ ਜ਼ਮੀਰ ਵੇਚ ਚੁੱਕੇ ਕਈ ਸਿੱਖ ਜੋ ਬਾਦਲਾਂ ਦੇ ਪਿੱਠੂ ਅਤੇ ਕਾਂਗਰਸ ਤੇ ਭਾਜਪਾਈਆਂ ਦੇ ਝੋਲ਼ੀਚੁੱਕ ਤੇ ਚਾਪਲੂਸ ਬਣ ਚੁੱਕੇ ਹਨ। ਉਹ ਅਖ਼ਬਾਰਾਂ ਤੇ ਚੈੱਨਲਾਂ ‘ਤੇ ਸਿੱਧੇ-ਪੁੱਠੇ ਜਿਹੇ ਹੋ ਕੇ ਮੋਦੀ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਅਖੇ, ਮੋਦੀ ਸਰਕਾਰ ਨੇ ਬੜੀ ਵੱਡੀ ਮਿਹਰਬਾਨੀ ਤੇ ਅਹਿਸਾਨ ਕਰ ਦਿੱਤਾ ਜੋ ਕਿ ਉਹ ੯ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਜਾ ਰਹੀ ਹੈ। ਅਜਿਹੇ ਸਿੱਖਾਂ ਦੀ ਦਸ਼ਾ ‘ਤੇ ਹਾਸਾ ਤੇ ਤਰਸ ਆਉਂਦਾ ਹੈ ਕਿ ਇਹ ਕਿਸ ਹੱਦ ਤਕ ਗਿਰ ਚੁੱਕੇ ਹਨ ਤੇ ਕੌਮ ਦੇ ਸਵੈ-ਅਭਿਮਾਨ ਤੇ ਅਣਖ਼ ਨੂੰ ਰੋਲ਼ਣ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

ਅਸੀਂ ਇਹਨਾਂ ਭੋਲ਼ੇ-ਭਾਲ਼ੇ ਜਾਂ ਅਕਲੋਂ ਅੰਨ੍ਹੇ ਭੇਖੀ ਸਿੱਖਾਂ ਨੂੰ ਦਸ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲੈ ਕੇ ਸਾਡੇ ‘ਤੇ ਕੋਈ ਅਹਿਸਾਨ ਨਹੀਂ ਕਰ ਰਹੀ, ਸਗੋਂ ਜੇਲ੍ਹਾਂ ‘ਚੋਂ ਰਿਹਾਈਆਂ ਇਹਨਾਂ ਸਿੰਘਾਂ ਦਾ ਸੰਵਿਧਾਨਕ ਅਤੇ ਮਨੁੱਖੀ ਹੱਕ ਹੈ। ਉਹ ਬੇਦੋਸ਼ੇ ਅਤੇ ਗ਼ੈਰ-ਕਨੂੰਨੀ ਢੰਗ ਨਾਲ਼ ਜੇਲ੍ਹਾਂ ‘ਚ ਡੱਕੇ ਹੋਏ ਹਨ।

ਉਹਨਾਂ ਸਿੰਘਾਂ ਨੇ ਜੋ ਕੀਤਾ ਆਪਣੇ ਧਰਮ, ਕੌਮ, ਪੰਥ, ਪੰਜਾਬ ਤੇ ਗੁਰੂ ਲਈ ਕੀਤਾ। ਸਰਕਾਰ ਨੇ ਇਹਨਾਂ ਸਿੰਘਾਂ ਨੂੰ ਸੰਘਰਸ਼ੀ ਰਾਹਾਂ ‘ਤੇ ਚੱਲਣ ਲਈ ਮਜ਼ਬੂਰ ਕੀਤਾ ਸੀ। ਕੋਈ ਵੀ ਸਿੱਖ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਹਿਣ ਨਹੀਂ ਕਰ ਸਕਦਾ। ਜਦ ਹਿੰਦੂ ਹਾਕਮਾਂ ਨੇ ਦਿੱਲੀ ‘ਚ ਸਾਡੇ ਗਲ਼ਾਂ ‘ਚ ਟਾਇਰ ਪਾ ਕੇ ਸਾਨੂੰ ਸਾੜਿਆ, ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੀਆਂ ਧੀਆਂ-ਭੈਣਾਂ ਦੀ ਪੱਤ ਰੋਲੀ ਫਿਰ ਸਾਡੇ ਸਿੰਘਾਂ-ਸੂਰਮਿਆਂ ਨੂੰ ਦਸਮੇਸ਼ ਪਾਤਸ਼ਾਹ ਜੀ ਦੱਸੇ ਸਿਧਾਂਤ ਅਨੁਸਾਰ ਹਥਿਆਰਬੰਦ ਸੰਘਰਸ਼ ਦੇ ਰਾਹ ‘ਤੇ ਚੱਲਣਾ ਪਿਆ ਤੇ ਸਿੰਘਾਂ ਨੇ ਚੁਣ-ਚੁਣ ਕੇ ਉਹਨਾਂ ਦੁਸ਼ਟਾਂ ਨੂੰ ਸੋਧਿਆ ਜੋ ਸਾਡੀ ਕੌਮ ਅਤੇ ਮਨੁੱਖਤਾ ਦੇ ਵੈਰੀ ਸਨ। ਬਹੁਤਾਂਤ ਸੂਰਮੇ ਸ਼ਹੀਦੀਆਂ ਪਾ ਗਏ ਤੇ ਕਈ ਹਾਲੇ ਤਕ ਤਿੰਨ-ਚਾਰ ਦਹਾਕੇ ਬੀਤਣ ‘ਤੇ ਵੀ ਸਰਕਾਰ ਨੇ ਜੇਲ੍ਹਾਂ ‘ਚ ਡੱਕੇ ਹੋਏ ਹਨ ਤਾਂ ਜੋ ਸਾਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ।

ਕੌਮ ਲੰਮੇ ਸਮੇਂ ਤੋਂ ਇਹਨਾਂ ਯੋਧਿਆਂ ਦੀ ਰਿਹਾਈ ਲਈ ਸੰਘਰਸ਼ ਅਤੇ ਹੋਰ ਯਤਨ ਕਰਦੀ ਆ ਰਹੀ ਹੈ। ਭਾਈ ਗੁਰਬਖਸ਼ ਸਿੰਘ ਜੀ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ ਅੰਤਰ-ਰਾਸ਼ਟਰੀ ਪੱਧਰ ‘ਤੇ ਬੁਲੰਦ ਕੀਤੀ, ਸਿੰਘਾਂ ਨੂੰ ਉਸ ਸਮੇਂ ਪੈਰੌਲਾਂ ਮਿਲ਼ਣੀਆਂ ਸ਼ੁਰੂ ਹੋਈਆਂ, ਜੋ ਕੌਮ ਦੀ ਆਪਣੇ ਬਲਬੂਤੇ ਤੇ ਪਹਿਲੀ ਜਿੱਤ ਸੀ, ਨਾ ਕਿ ਸਰਕਾਰ ਦੀ ਮਿਹਰਬਾਨੀ। ਭਾਈ ਗੁਰਬਖਸ਼ ਸਿੰਘ ਤੋਂ ਬਾਅਦ ਬਾਪੂ ਸੂਰਤ ਸਿੰਘ ਜੀ ਖ਼ਾਲਸਾ ਨੇ ਮੋਰਚਾ ਸਾਂਭ ਲਿਆ, ਤੇ ਕੌਮ ਦਾ ਬਜ਼ੁਰਗ ਜਰਨੈਲ ਆਪਣੇ ਕੌਮੀ ਹੱਕਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮ ਹੋ ਗਿਆ, ਵੱਡੀ ਉਮਰੇ ਵੀ ਸਰਕਾਰ ਸਾਹਮਣੇ ਇੱਕ ਮਜ਼ਬੂਤ ਥੰੰਮ੍ਹ ਬਣ ਕੇ ਖੜ੍ਹ ਗਿਆ ਤੇ ਬਾਪੂ ਜੀ ਅਜੇ ਤਕ ਵੀ ਡਟੇ ਹੋਏ ਹਨ। ਪੂਰੀ ਕੌਮ ਨੇ ਦੇਸ਼ਾਂ-ਵਿਦੇਸ਼ਾਂ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਢਿਆ, ਅਸੀਂ ਵੀ ‘ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ’ ਜਥੇਬੰਦੀ ਵੱਲੋਂ ਅਨੇਕਾਂ ਮਾਰਚ ਕੱਢੇ ਤੇ ਕੌਮੀ ਸੇਵਾਵਾਂ ‘ਚ ਆਪਣਾ ਯੋਗਦਾਨ ਪਾਇਆ ਤੇ ਅੱਜ ਸੰਘਰਸ਼ ਸਦਕਾ ਹੀ ਪ੍ਰਾਪਤੀਆਂ ਸਾਡੀ ਕੌਮ ਦੀ ਝੋਲ਼ੀ ‘ਚ ਪੈ ਰਹੀਆਂ ਹਨ। ਇਹ ਸਾਡੀ ਕੌਮ ਦੀ, ਪੰਥ ਦੀ ਅਤੇ ਧਰਮ ਦੀ ਅਤੇ ਸੰਘਰਸ਼ ਦੀ ਜਿੱਤ ਹੈ। ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਦੀ ਘਾਲਣਾ, ਉਹਨਾਂ ਦੇ ਯਤਨਾਂ ਅਤੇ ਸਿਰੜ ਦੀ ਜਿੱਤ ਹੈ। ਇਸ ਜਿੱਤ ਨੂੰ ਗ਼ੈਰਾਂ (ਮੋਦੀ, ਭਾਜਪਾ, ਬਾਦਲ ਦਲ, ਅਤੇ ਆਰ.ਐੱਸ.ਐੱਸ.) ਦੀ ਝੋਲ਼ੀ ‘ਚ ਪਾ ਕੇ ਅਸੀਂ ਇਤਿਹਾਸਕ ਗ਼ਲਤੀ ਕਰ ਰਹੇ ਹਾਂ ਤੇ ਜਾਣੇ-ਅਨਜਾਣੇ ਸ਼ਾਨਾਮੱਤੇ ਇਤਿਹਾਸ ਦਾ ਵਹਿਣ ਪੁੱਠਾ ਮੋੜ ਰਹੇ ਹਾਂ। ਸਿਆਸੀ ਪਾਰਟੀਆਂ ਦੀ ਝੋਲ਼ੀ ‘ਚ ਇਸ ਜਿੱਤ ਨੂੰ ਪਾਉਣ ਵਾਲ਼ੇ ਉਹਨਾਂ ਸਿੱਖਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਆਪਣੇ ਨਿੱਜੀ ਸੁਆਰਥਾਂ ਖ਼ਾਤਰ ਕੌਮੀ ਸੰਘਰਸ਼ ਨੂੰ ਵਿਅਰਥ ਤੇ ਅਜਾਈਂ ਦਸ ਰਹੇ ਹਨ ਤੇ ਬਾਪੂ ਸੂਰਤ ਸਿੰਘ ਨੂੰ ਅਣਗੌਲ਼ਿਆਂ ਕਰ ਰਹੇ ਹਨ।

ਬਾਕੀ ਜਿੱਥੋਂ ਤਕ ਅੱਠ ਜਾਂ ਨੌਂ ਸਿੰਘਾਂ ਦੀ ਰਿਹਾਈਆਂ ਦੀ ਗੱਲ ਹੈ, ਉਹਨਾਂ ਵਿੱਚੋਂ ੪ ਸਿੰਘ ਤਾਂ ਪਹਿਲਾਂ ਹੀ ਰਿਹਾਅ ਹੋ ਚੁੱਕੇ ਹਨ ਤੇ ਬਾਕੀ ਸਿੰਘ ਵੀ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਜਗਤਾਰ ਸਿੰਘ ਜੀ ਤਾਰਾ, ਭਾਈ ਪਰਮਜੀਤ ਸਿੰਘ ਜੀ ਭਿਓਰਾ, ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਭਾਈ ਹਰਨੇਕ ਸਿੰਘ ਜੀ ਭੱਪ ਸਮੇਤ ਸਾਰੇ ਸਿੰਘਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਰਿਹਾਅ ਕੀਤਾ ਜਾਂਦਾ ਤੇ ਇਹ ਕੇਸ ਪੱਕੇ ਤੌਰ ‘ਤੇ ਬੰਦ ਕੀਤੇ ਜਾਂਦੇ। ਪਰ ਸਰਕਾਰ ਇਹਨਾਂ ਸਿੰਘਾਂ ਦੀਆਂ ਰਿਹਾਈਆਂ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ ਹੈ ਤੇ ਦੂਜੇ ਪਾਸੇ ਪਾਕਿਸਤਾਨ ਤੋਂ ਆਏ ਡਰੋਨਾਂ ਤੇ ਹਥਿਆਰਾਂ ਦੀ ਕਹਾਣੀ ਘੜ ਕੇ ਅਨੇਕਾਂ ਸਿੱਖ ਨੌਜਵਾਨ ਜੇਲ੍ਹਾਂ ‘ਚ ਧੱਕੇ ਜਾ ਰਹੇ ਹਨ, ੨੦੨੦ ਰੈਫ਼ਰੰਡਮ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਜਜ਼ਬਾਤੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਲੰਮੇ ਸਮੇਂ ਤੋਂ ਜਾਰੀ ਹਨ।

ਸਾਡੇ ਨਾਲ਼ ਐਸੀ ਖੇਡ ਖੇਡੀ ਜਾ ਰਹੀ ਹੈ ਜਿਸ ਨੂੰ ਅਸੀਂ ਸਮਝ ਨਹੀਂ ਰਹੇ, ਸਾਨੂੰ ਉਲਝਾਇਆ ਤੇ ਪਲੋਸਿਆ ਜਾ ਰਿਹਾ ਹੈ। ਜਿੰਨੇ ਵੀ ਸਿੰਘ ਰਿਹਾਅ ਹੋ ਰਹੇ ਹਨ, ਸਾਨੂੰ ਉਹਨਾਂ ਦੇ ਘਰ ਆਉਣ ਦੀ ਬੇਹੱਦ ਖੁਸ਼ੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਹੁਣ ਅਸੀਂ ਮੋਦੀ ਸਰਕਾਰ ਤੇ ਬਾਦਲਾਂ ਦੇ ਸੋਹਿਲੇ ਗਾਈ ਜਾਈਏ।

ਸਰਕਾਰ ੧੫ ਤੋਂ ਵੱਧ ਉਹਨਾਂ ਪੁਲਸੀਆਂ ਨੂੰ ਵੀ ਰਿਹਾਅ ਕਰਨ ਜਾ ਰਹੀ ਹੈ ਜਿਨ੍ਹਾਂ ਨੇ ਸਾਡੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ‘ਚ ਮਾਰ ਮੁਕਾਇਆ ਸੀ, ਜਿਨ੍ਹਾਂ ਨੇ ਹੱਸਦੇ-ਵੱਸਦੇ ਪੰਜਾਬ ਨੂੰ ਸ਼ਮਸ਼ਾਨ ਘਾਟ ‘ਚ ਬਦਲ ਦਿੱਤਾ ਸੀ, ਖ਼ਾਕੀ ਵਰਦੀ ਵਾਲ਼ੀ ਪੁਲੀਸ ਇੱਕ ਕਾਤਲ ਮਸ਼ੀਨ ਬਣ ਚੁੱਕੀ ਸੀ, ਇਹਨਾਂ ਦਰਿੰਦੇ ਪੁਲੀਸ ਅਫ਼ਸਰਾਂ ਨੂੰ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੇ ੨੫-੩੦ ਸਾਲ ਅਦਾਲਤਾਂ ‘ਚ ਕੇਸ ਲੜ ਕੇ ਜੇਲ੍ਹਾਂ ਦੀਆਂ ਸਲਾਖਾਂ ‘ਚ ਡਕਵਾਇਆ ਸੀ ਪਰ ਹੁਣ ਰਾਜਸੀ ਸਿੱਖ ਕੈਦੀਆਂ ਦੇ ਬਹਾਨੇ ਜ਼ਾਲਮ-ਖੋਰ ਪੁਲਸੀਆਂ ਦੀਆਂ ਸਜਾਵਾਂ ਵੀ ਮਾਫ਼ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸਲਾਖਾਂ ਪਿੱਛੇ ਗਿਆਂ ਨੂੰ ਹਾਲੇ ਦੋ-ਚਾਰ ਸਾਲ ਹੀ ਹੋਏ ਸਨ।

ਇਹ ਸਿੱਖ ਕੌਮ ਉੱਤੇ ਇੱਕ ਹੋਰ ਹਮਲਾ ਨਹੀਂ ਤੇ ਹੋਰ ਕੀ ਹੈ। ਸਾਡੇ ਜਖ਼ਮਾਂ ‘ਤੇ ਦੁਬਾਰਾ ਲੂਣ ਭੁੱਕਿਆ ਜਾ ਰਿਹਾ ਹੈ। ਅਸੀਂ ਕਿਸ ਤਰ੍ਹਾਂ ਆਪਣੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਖੁੱਲ੍ਹੀ ਹਵਾ ‘ਚ ਫਿਰਦਿਆਂ ਵੇਖਾਂਗੇ। ਕੈਪਟਨ ਅਮਰਿੰਦਰ ਸਿੰਘ, ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਕੇ ਸਾਨੂੰ ਚਿੜਾ ਰਿਹਾ ਹੈ ਤੇ ਬਾਦਲ ਦਲੀਏ ਇਸ ਮਾਮਲੇ ‘ਤੇ ਚੁੱਪੀ ਧਾਰ ਕੇ ਬੈਠੇ ਹਨ। ਸੋਚਣਾ ਬਣਦਾ ਹੈ ਕਿ ਮੋਦੀ ਦੇ ਯਾਰ ਬਾਦਲਾਂ ਨੇ ਪੰਥ ਨੂੰ ਕਿੱਥੇ ਲਿਆ ਫਸਾਇਆ ਹੈ। ਕੀ ਹੁਣ ਅਸੀਂ ਬੰਦੀ ਸਿੰਘਾਂ ਦੇ ਰਿਹਾਅ ਹੋਣ ਦੀ ਖੁਸ਼ੀ ਮਨਾਈਏ ਜਾਂ ਪੁਲਸੀਆਂ ਦੇ ਰਿਹਾਅ ਹੋਣ ਦਾ ਪਿੱਟ ਸਿਆਪਾ ਕਰੀਏ।

– ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883. GM

 

 

Follow me on Twitter

Contact Us