Awaaz Qaum Di

ਲੋੜ ਹੈ ਅੱਜ ਸਭ ਪ੍ਰਵਾਸੀ ਮਜ਼ਦੂਰਾਂ ਨੂੰ ਇਟਾਲੀਅਨ ਮਾਲਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਲਾਮਬੰਦ ਹੋਣ ਦੀ ਤੱਦ ਹੀ ਉਹ ਹੱਕਾਂ ਨੂੰ ਹਾਸਿਲ ਕਰ ਸਕਣਗੇ:-ਇੰਡੀਅਨ ਕਮਿਊਨਿਟੀ ਇਨ ਲਾਸੀਓ

*ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਲਈ ਵਿਸ਼ਾਲ ਰੋਸ ਮੁਜ਼ਾਹਰਾ ਲਾਤੀਨਾ ਵਿਖੇ 21 ਅਕਤੂਬਰ ਨੂੰ

ਰੋਮ ਇਟਲੀ ਦੇ ਕਈ ਸੂਬਿਆਂ ਵਿੱਚ ਹੱਡ-ਭੰਨਵੀਂ ਮਿਹਨਤ ਮੁਸ਼ਕਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਵਿਦੇਸ਼ੀਆਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲਣ ਦੀ ਬਜਾਏ ਕੰਮ ਦੇ ਮਾਲਕਾਂ ਵੱਲੋਂ ਜ਼ਲੀਲ ਕਰਨਾ ਆਮ ਜਿਹੀ ਕਾਰਵਾਈ ਬਣਦੀ ਜਾ ਰਹੀ ਹੈ।ਇਹ ਇਟਾਲੀਅਨ ਕੰਮ ਵਾਲੇ ਮਾਲਕ ਆਪਣੇ ਕਾਮਿਆਂ ਨੂੰ ਨਾ ਤਾਂ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਦਿੰਦੇ ਹਨ ਤੇ ਨਾਂਹੀ ਉਹਨਾਂ ਨਾਲ ਕੰਮ ਕਰਨ ਦਾ ਕੋਈ ਢੁੱਕਵਾਂ ਤੇ ਮਜ਼ਦੂਰ ਹਿਤੈਸੀ  ਇਕਰਾਰਨਾਮਾ ਨਾਮਾ ਕਰਦੇ ਹਨ ਜਿਸ ਦੇ ਸਿੱਟੇ ਵਜੋਂ ਅਕਸਰ ਬਹੁਤੇ ਕਾਮੇ ਮਾਨਸਿਕ ਪ੍ਰੇਸ਼ਾਨੀ ਝੱਲਣ ਲਈ ਬੇਵੱਸ ਤੇ ਲਾਚਾਰ ਹਨ।ਕਈ ਵਿਚਾਰਿਆਂ ਨੂੰ ਤਾਂ ਕੰਮ ਦੇ ਮਾਲਿਕ ਵਜੋਂ ਉਹਨਾਂ ਦਾ ਸਰਕਾਰ ਨੂੰ ਸਹੀ ਟੈਕਸ ਨਾ ਭਰਨ ਕਾਰਨ ਪੇਪਰਾਂ ਦੀ ਮਿਆਦ ਵਧਾਉਣ ਮੌਕੇ ਵੀ ਕਾਫ਼ੀ ਜੱਦੋ-ਜਹਿਦ ਕਰਨੀਂ ਪੈਂਦੀ ਹੈ।ਇਟਲੀ ਦੇ ਲਾਸੀਓ ਸੂਬੇ ਵਿੱਚ ਅਨੇਕਾਂ ਅਜਿਹੇ ਕੇਸ ਦੇਖੇ ਜਾ ਸਕਦੇ ਹਨ ਜਿਹਨਾਂ ਵਿੱਚ ਮਾਲਿਕ ਦੀ ਗਲਤੀ (ਭਾਵ ਮਜ਼ਦੂਰ ਦਾ ਟੈਕਸ ਸਰਕਾਰ ਨੂੰ ਨਾ ਭਰਨਾ)ਦਾ ਖਮਿਆਜ਼ਾ ਮਜ਼ਦੂਰਾਂ ਨੂੰ ਵਕੀਲਾਂ ਮਗਰ ਆਪਣੀ ਮਿਹਨਤ ਦੀ ਕਮਾਈ ਉਜਾੜ ਕੇ ਭੁਗਤਣਾ ਪੈਂਦਾ ਹੈ ਪਰ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਇਟਲੀ ਦੇ ਬਹੁਤੇ ਕਾਮੇ ਜਿਹੜੇ ਮਾਲਕ ਦੇ ਸੋਸ਼ਣ ਦਾ ਸ਼ਿਕਾਰ ਹਨ ਆਪਣੇ ਹੱਕਾਂ ਲਈ ਲੜਨ ਲਈ ਵੀ ਦਿਮਾਗੀ ਤੌਰ ਤੇ ਤਿਆਰ ਨਹੀਂ ਤੇ ਜਿਹੜੀਆਂ ਭਾਰਤੀ ਜਾਂ ਇਟਾਲੀਅਨ ਜਨਤਕ ਜੱਥੇਬੰਦੀਆਂ (ਜੋ ਮਜ਼ਦੂਰਾਂ ਦੇ ਹੱਕਾਂ ਲਈ ਲੜਦੀਆਂ ਹਨ )ਉਹਨਾਂ ਦਾ ਮਜ਼ਦੂਰ ਖੁੱਲਕੇ ਸਾਥ ਨਹੀਂ ਦਿੰਦੇ ਹਨ।ਇਟਲੀ ਦੇ ਕਈ ਕਾਮੇ ਤਾਂ ਆਪਣੇ ਕੰਮ ਨਾਲ ਕੰਮ ਰੱਖਣ ਵਿੱਚ ਹੀ ਯਕੀਨ ਕਰਦੇ ਹਨ ਜਿਸ ਦੇ ਕਾਰਨ ਇਟਾਲੀਅਨ ਮਾਲਕ ਇਹਨਾਂ ਦਾ ਰੱਜਕੇ ਸੋਸ਼ਣ ਹੀ ਨਹੀਂ ਕਰਦੇ ਸਗੋਂ ਜਦੋਂ ਇਹਨਾਂ ਕਾਮਿਆਂ ਨੂੰ ਜਾਨਵਰ ਹੀ ਸਮਝਦੇ ਹੋਏ ਮਜ਼ਦੂਰੀ ਵੀ ਕਈ-ਕਈ ਮਹੀਨਿਆਂ ਬਾਅਦ ਹੀ ਦਿੰਦੇ ਹਨ।ਇਟਲੀ ਵਿੱਚ ਕਈ ਇਟਾਲੀਅਨ ਜਨਤਕ ਜੱਥੇਬੰਦੀਆਂ ਹਮੇਸਾਂ ਹੀ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀਆਂ ਆ ਰਹੀਆਂ ਹਨ ਤੇ ਇਸ ਤਰ੍ਹਾਂ ਹੀ ਸੰਨ 2016 ਤੋਂ ਲਾਸੀਓ ਸੂਬੇ ਵਿੱਚ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੀ ਸੂਬੇ ਦੇ ਕਾਮਿਆਂ ਲਈ ਨਿਰੰਤਰ ਸੰਘਰਸ਼ ਕਰ ਰਹੀ ਹੈ।ਬੀਤੇ ਦਿਨੀਂ ਇੱਕ ਡੇਅਰੀ ਫਾਰਮ ਦੇ ਇਟਾਲੀਅਨ ਮਾਲਕ ਵਜੋਂ ਆਪਣੇ ਕਾਮੇ ਨੂੰ ਤਨਖਾਹ ਦੇਣ ਦੀ ਬਜਾਏ ਕੰਮ ਤੋਂ ਕੱਢ ਦਿੱਤਾ ਤੇ ਇੱਕ ਖੇਤੀ ਫਾਰਮ ਦੇ ਇਟਾਲੀਅਨ ਮਾਲਕ ਨੇ ਆਪਣੇ ਕਾਮਿਆਂ ਨੂੰ ਤਨਖਾਹ ਦੇਣ ਦੀ ਬਜਾਏ ਗੋਲੀਆਂ ਚਲਾਕੇ ਧਮਕਾਇਆ।ਇਟਲੀ ਵਿੱਚ ਇਹਨਾਂ ਅਤਿ ਨਿੰਦਣਯੋਗ ਘਟਨਾਵਾਂ ਦੀ ਚੁਫੇਰਿਓ ਜਿੱਥੇ ਅਲੌਚਨਾ ਹੋਈ ਉੱਥੇ ਹੀ ਲੋਕਾਂ ਨੇ ਧੱਕੇਸ਼ਾਹੀ ਦੇ ਸ਼ਿਕਾਰ ਭਾਰਤੀ ਮਜ਼ਦੂਰਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਵੀ ਮਾਰਿਆ ਤੇ ਇਸ ਧੱਕੇਸ਼ਾਹੀ ਖਿਲਾਫ਼ ਹੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਇਟਲੀ ਦੀਆਂ ਹੋਰ ਭਰਾਤਰੀ ਜੱਥੇਬੰਦੀਆਂ ਸੀ ਜੀ ਆਈ ਐਲ ਫਲਾਈ,ਯੂ ਆਈ ਐਲ ਏ ,ਸੀ ਜੀ ਆਈ ਐਲ ਲਾਤੀਨਾ ਦੇ ਸਹਿਯੋਗ ਨਾਲ 21 ਅਕਤੂਬਰ ਨੂੰ ਜ਼ਿਲ੍ਹਾ ਲਾਤੀਨਾ ਦੇ ਚੌਂਕ ਲਿਬਰਤਾ ਵਿਖੇ ਮਜ਼ਦੂਰਾਂ ਦੇ ਹੱਕਾਂ ਲਈ ਵਿਸ਼ਾਲ ਮੁਜ਼ਾਹਰਾ ਸ਼ਾਮੀ 3 ਵਜੇ ਕਰਨ ਜਾ ਰਹੀ ਹੈ ਜਿਸ ਵਿੱਚ ਸੂਬੇ ਦੇ ਸਭ ਮਜ਼ਦੂਰਾਂ ਨੂੰ ਪਹੁੰਚਣ ਦੀ ਅਪੀਲ ਕਰਦਿਆਂ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਕਿਹਾ ਕਿ ਲੋੜ ਹੈ ਅੱਜ ਸਭ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਨਾਲ ਇਟਾਲੀਅਨ ਮਾਲਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਲਾਮਬੰਦ ਹੋਣ ਦੀ ਤੱਦ ਹੀ ਅਸੀ ਆਪਣੇ ਹੱਕਾਂ ਨੂੰ ਹਾਸਿਲ ਕਰ ਸਕਾਂਗੇ। MP



 

 

Follow me on Twitter

Contact Us