Awaaz Qaum Di

ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਇਰਾਕ ‘ਚ ਤਾਇਨਾਤ ਹੋਣਗੇ

ਵਾਸ਼ਿੰਗਟਨ ਉੱਤਰ ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਤਾਇਨਾਤ ਕੀਤੇ ਜਾਣਗੇ। ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਨਾਲ ਮੁਕਾਬਲੇ ਲਈ ਫ਼ੌਜੀਆਂ ਨੂੰ ਇਰਾਕ ਭੇਜਿਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿੱਛੇ ਜਿਹੇ ਹੀ ਸੀਰੀਆ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ ਸੀ। ਇਸ ਤੋਂ ਤੁਰੰਤ ਬਾਅਦ ਲੰਘੀ ਨੌਂ ਅਕਤੂਬਰ ਨੂੰ ਗੁਆਂਢੀ ਮੁਲਕ ਤੁਰਕੀ ਨੇ ਸੀਰੀਆ ਦੇ ਕੁਰਦ ਲੜਾਕਿਆਂ ਦੇ ਕੰਟਰੋਲ ਵਾਲੇ ਇਲਾਕੇ ਵਿਚ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਤੋਂ ਅਮਰੀਕੀ ਸੰਸਦ ‘ਚ ਟਰੰਪ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਕੁਰਦਾਂ ਨੂੰ ਇਕੱਲਿਆਂ ਛੱਡ ਦਿੱਤਾ ਜਦਕਿ ਆਈਐੱਸ ਵਿਰੁੱਧ ਲੜਾਈ ‘ਚ ਉਨ੍ਹਾਂ ਨੇ ਅਮਰੀਕਾ ਦਾ ਸਾਥ ਦਿੱਤਾ ਸੀ। ਪੱਛਮੀ ਏਸ਼ੀਆ ਦੇ ਦੌਰੇ ‘ਤੇ ਜਾਣ ਤੋਂ ਪਹਿਲਾਂ ਐਸਪਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੀਰੀਆ ਤੋਂ ਬਾਹਰ ਅੱਤਵਾਦ ਵਿਰੋਧੀ ਮਿਸ਼ਨ ਲਾਂਚ ਕਰਨ ਨੂੰ ਲੈ ਕੇ ਰੱਖਿਆ ਹੈੱਡ ਕੁਆਰਟਰ ਅਜੇ ਵਿਚਾਰ ਕਰ ਰਿਹਾ ਹੈ। ਇਸ ਗੱਲ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਅੱਤਵਾਦੀ ਸਮੂਹਾਂ ‘ਤੇ ਕਾਰਵਾਈ ਲਈ ਅਮਰੀਕੀ ਫ਼ੌਜੀਆਂ ਦੀਆਂ ਛੋਟੀਆਂ ਟੁਕੜੀਆਂ ਮੁੜ ਸੀਰੀਆ ਆ ਸਕਦੀਆਂ ਹਨ ਜਾਂ ਨਹੀਂ। ਕੁਰਦਾਂ ਨੂੰ ਇਕੱਲਿਆਂ ਛੱਡਣ ਦੇ ਸਵਾਲ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕੀ ਸਰਕਾਰ ਨੂੰ ਅਗਾਂਹ ਵੀ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਹੈ। ਇਰਾਕ ‘ਚ ਅੱਤਵਾਦ ਵਿਰੋਧੀ ਮਿਸ਼ਨ ਦੇ ਸਰੂਪ ‘ਤੇ ਰੱਖਿਆ ਮੰਤਰੀ ਨੇ ਕਿਹਾ ਕਿ ਫ਼ੌਜੀਆਂ ਦੀ ਤਾਇਨਾਤੀ ਲਈ ਮੈਂ ਆਪਣੇ ਇਰਾਕੀ ਹਮਰੁਤਬਾ ਨਾਲ ਗੱਲ ਕੀਤੀ ਹੈ। ਫ਼ੌਜੀਆਂ ਨੂੰ ਫਿਲਹਾਲ ਇਰਾਕ ਦੀ ਮਦਦ ਕਰਨ ਅਤੇ ਆਈਐੱਸ ਵਿਰੁੱਧ ਮੁਹਿੰਮ ਸਿਰੇ ਚਾੜ੍ਹਨ ਲਈ ਕਿਹਾ ਗਿਆ ਹੈ। ਫ਼ੌਜੀਆਂ ਨੂੰ ਹੈਲੀਕਾਪਟਰ, ਜਹਾਜ਼ ਤੇ ਸੜਕ ਮਾਰਗ ਰਾਹੀਂ ਇਰਾਕ ਪਹੁੰਚਾਇਆ ਜਾ ਰਿਹਾ ਹੈ। ਇਸ ਵਿਚ ਕੁਝ ਹਫ਼ਤਿਆਂ ਦਾ ਸਮਾਂ ਲੱਗੇਗਾ। ਸੀਰੀਆ ਤੋਂ ਫ਼ੌਜੀਆਂ ਦੀ ਪੂਰੀ ਤਰ੍ਹਾਂ ਵਾਪਸੀ ਦੇ ਐਲਾਨ ਤੋਂ ਬਾਅਦ ਵੀ ਉੱਥੋਂ ਦੇ ਅਲਤਾਂਫ ਸ਼ਹਿਰ ‘ਚ 150 ਫ਼ੌਜੀਆਂ ਦੀ ਟੁਕੜੀ ਮੌਜੂਦ ਰਹੇਗੀ। MP

 

 

Follow me on Twitter

Contact Us