Awaaz Qaum Di

ਕਸ਼ਮੀਰ ਦੇ ਮਾਮਲੇ ‘ਤੇ ਭਾਰਤ ਨੇ ਤੁਰਕੀ ਨੂੰ ਦਿੱਤਾ ਸਖ਼ਤ ਸੰਦੇਸ਼, ਪੀਐੱਮ ਮੋਦੀ ਦਾ ਦੌਰਾ ਰੱਦ ਹੋਇਆ

ਨਵੀਂ ਦਿੱਲੀ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮੁੱਦੇ ਨੂੰ ਉਠਾਉਣ ਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ‘ਚ ਪਾਕਿਸਤਾਨ ਦੀ ਹਮਾਇਤ ਕਰਨ ‘ਤੇ ਭਾਰਤ ਨੇ ਤੁਰਕੀ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਦੇ ਦੋ ਦਿਨਾ ਦੌਰੇ ਨੂੰ ਰੱਦ ਕਰ ਦਿੱਤਾ ਹੈ। ਉਹ ਇਸ ਮਹੀਨੇ ਦੇ ਅਖ਼ੀਰ ‘ਚ ਉੱਥੇ ਜਾਣ ਵਾਲੇ ਸਨ। ਉਸ ਦੇਸ਼ ਦੀ ਇਹ ਉਨ੍ਹਾਂ ਦੀ ਪਹਿਲੀ ਸਰਕਾਰੀ ਯਾਤਰਾ ਸੀ। ਇਸ ਤੋਂ ਪਹਿਲਾਂ ਮਲੇਸ਼ੀਆ ਤੋਂ ਵੀ ਪਾਮ ਆਇਲ ਦੀ ਦਰਾਮਦ ‘ਚ ਕਟੌਤੀ ਦੇ ਸੰਕੇਤ ਮਿਲੇ ਸਨ। ਮਲੇਸ਼ੀਆ ਨੇ ਵੀ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮੁੱਦਾ ਉਠਾਇਆ ਸੀ ਅਤੇ ਪਾਕਿਸਤਾਨ ਦੀ ਹਮਾਇਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਮੈਗਾ ਨਿਵੇਸ਼ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ 27-28 ਅਕਤੂਬਰ ਨੂੰ ਸਾਊਦੀ ਅਰਬ ਜਾਰ ਰਹੇ ਹਨ। ਉੱਥੋਂ ਉਹ ਦੋ ਦਿਨ ਦੀ ਯਾਤਰਾ ‘ਤੇ ਤੁਰਕੀ ਜਾਣ ਵਾਲੇ ਸਨ। ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਵਪਾਰ ਤੇ ਰੱਖਿਆ ਦੇ ਖੇਤਰ ‘ਚ ਆਪਸੀ ਸਹਿਯੋਗ ‘ਤੇ ਚਰਚਾ ਹੋਣੀ ਸੀ। ਪਰ ਹੁਣ ਉਨ੍ਹਾਂ ਦੀ ਯਾਤਰਾ ਰੱਦ ਹੋ ਗਈ ਹੈ, ਜਿਹੜੀ ਤੁਰਕੀ ਨਾਲ ਭਾਰਤ ਦੇ ਸਬੰਧਾਂ ਨੂੰ ਘੱਟ ਕੀਤੇ ਜਾਣ ਦਾ ਸੰਕੇਤ ਹੈ। ਹਾਲਾਂਕਿ ਦੋਵੇਂ ਦੇਸ਼ਾਂ ‘ਚ ਉਤਸ਼ਾਹਜਨਕ ਸਬੰਧ ਕਦੇ ਨਹੀਂ ਰਹੇ। ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਵਿਦੇਸ਼ ਮੰਤਰਾਲੇ ਵੱਲੋਂ ਕੋਈ ਬਿਆਨ ਨਹੀਂ ਆਇਆ। ਪਰ ਮੰਤਰਾਲੇ ਦੇ ਇਕ ਸੂਤਰ ਨੇ ਆਈਏਐੱਨਐੱਸ ਨੂੰ ਕਿਹਾ ਪ੍ਰਧਾਨ ਮੰਤਰੀ ਦਾ ਦੌਰਾ ਤੈਅ ਹੀ ਨਹੀਂ ਹੋਇਆ ਸੀ ਤਾਂ ਉਸ ਦੇ ਰੱਦ ਹੋਣ ਦਾ ਸਵਾਲ ਕਿੱਥੇ ਉੱਠਦਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ-20 ਦੀ ਬੈਠਕ ‘ਚ ਸ਼ਾਮਲ ਹੋਣ ਲਈ ਆਖਰੀ ਵਾਰੀ 2015 ‘ਚ ਤੁਰਕੀ ਗਏ ਸਨ। ਉਸ ਤੋਂ ਬਾਅਦ ਇਸ ਸਾਲ ਜੂਨ ‘ਚ ਜਾਪਾਨ ਦੇ ਓਸਾਕਾ ‘ਚ ਜੀ-20 ਦੀ ਬੈਠਕ ‘ਚ ਉਨ੍ਹਾਂ ਦੀ ਏਰਦੋਗਨ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਪਹਿਲਾਂ ਜੁਲਾਈ, 2018 ‘ਚ ਏਰਦੋਗਨ ਦੋ ਦਿਨ ਦੀ ਭਾਰਤ ਯਾਤਰਾ ‘ਤੇ ਆਏ ਸਨ। MP

 

 

Follow me on Twitter

Contact Us