Awaaz Qaum Di

ਬੰਗਲਾਦੇਸ਼, ਨੇਪਾਲ ਵਿੱਚ ਪਾਕਿ ਦੂਤਘਰ ਆਈਐੱਸਆਈ ਦਾ ਅੱਡਾ ਬਣੇ

ਨਵੀਂ ਦਿੱਲੀ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਢਾਕਾ ਤੇ ਕਾਠਮੰਡੂ ‘ਚ ਤਾਇਨਾਤ ਦੋ ਪ੍ਰਮੁੱਖ ਪਾਕਿਸਤਾਨੀ ਫ਼ੌਜੀ ਅਫਸਰਾਂ ਵਿਰੁੱਧ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ। ਇਨ੍ਹਾਂ ਵਿਚੋਂ ਇਕ ਅਫਸਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਰੀਬੀ ਹੈ ਜੋ ਨੇਪਾਲ ‘ਚ ਪਾਕਿ ਰਾਜਦੂਤ ਦੇ ਅਹੁਦੇ ‘ਤੇ ਤਾਇਨਾਤ ਹੈ। ਦੂਜੇ ਪਾਸੇ ਢਾਕਾ ‘ਚ ਪਾਕਿਸਤਾਨੀ ਦੂਤਘਰ ‘ਚ ਡਿਫੈਂਸ ਅਟੈਚੀ ਹੈ। ਅਸਲ ‘ਚ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਹੀ ਨੁਮਾਇੰਦਾ ਹੈ। ਇਹ ਦੋਵੇਂ ਪਾਕਿਸਤਾਨ ਅਫਸਰ ਕੂਟਨੀਤਕ ਚੈਨਲਾਂ ਦੀ ਦੁਰਵਰਤੋਂ ਕਰ ਕੇ ਫ਼ਰਜ਼ੀ ਭਾਰਤੀ ਕਰੰਸੀ ਨੋਟਾਂ (ਐੱਫਆਈਸੀਐੱਨ) ਦੀ ਸਮੱਗਲਿੰਗ ਕਰਨ ਦਾ ਜ਼ਰੀਆ ਬਣੇ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਨੇ ਇਹ ਦੋ ਵੱਡੇ ਅਫਸਰ ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਵਿਚ ਵੀ ਲੱਗੇ ਹੋਏ ਹਨ।
ਭਾਰਤੀ ਖ਼ੁਫ਼ੀਆ ਏਜੰਸੀ ਆਈਬੀ ਦੀ ਰਿਪੋਰਟ ਦੇ ਆਧਾਰ ‘ਤੇ ਭਾਰਤ-ਨੇਪਾਲ ਸਰਹੱਦ ‘ਤੇ ਐੱਸਐੱਸਬੀ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨਾਲ ਹੀ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਬੀਐੱਸਐੱਫ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਹੋਰ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਪੂਰੀ ਸਰਹੱਦ ‘ਤੇ ਤਾਇਨਾਤ ਕੀਤਾ ਗਿਆ ਹੈ। ਇਹ ਏਜੰਸੀਆਂ ਲਗਾਤਾਰ ਸਭ ਤਰ੍ਹਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਰਹੀਆਂ ਹਨ।
ਖ਼ੁਫ਼ੀਆ ਰਿਪੋਰਟ ਮੁਤਾਬਕ ਨੇਪਾਲ ‘ਚ ਪਾਕਿਸਤਾਨੀ ਰਾਜਦੂਤ ਮਜ਼ਹਰ ਜਾਵੇਦ ਨੇ ਕਾਠਮੰਡੂ ਦੇ ਮਹਿਰਾਜਗੰਜ ਸਥਿਤ ਪਾਕਿਸਤਾਨੀ ਦੂਤਘਰ ਕੰਪੈਲਕਸ ‘ਚ 27 ਸਤੰਬਰ ਨੂੰ ਉੱਚ ਪੱਧਰੀ ਮੀਟਿੰਗ ਕੀਤੀ ਸੀ ਜਿਸ ਵਿਚ ਕਾਠਮੰਡੂ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਜੰਮੂ-ਕਸ਼ਮੀਰ ‘ਤੇ ਕੂੜ ਪ੍ਰਚਾਰ ਕਰ ਕੇ ਭੜਕਾਇਆ ਗਿਆ ਸੀ। ਮੀਟਿੰਗ ਵਿਚ 30 ਸੀਨੀਅਰ ਮਨੁੱਖੀ ਅਧਿਕਾਰ ਵਰਕਰਾਂ, ਬੁੱਧੀਜੀਵੀਆਂ ਤੇ ਰਾਜਨਾਇਕਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਜ਼ਹਰ ਨੇ ਨੇਪਾਲੀ ਲਾਬੀ ਨੂੰ ਇਹ ਕਹਿ ਕੇ ਭੜਕਾਇਆ ਹੈ ਕਿ ਭਾਰਤ ਸਰਕਾਰ ਵਾਦੀ ‘ਚ ਲੋਕਾਂ ‘ਤੇ ਤਸ਼ੱਦਦ ਕਰ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਇਸ ਤੋਂ ਬਾਅਦ ਤਿੰਨ ਅਕਤੂਬਰ ਨੂੰ ਮਜ਼ਹਰ ਨੇ ਨੇਪਾਲੀ ਅਖ਼ਬਾਰ ‘ਨਾਗਰਿਕ’ ਵਿਚ ਲੇਖ ਲਿਖਿਆ। ਇਸ ਵਿਚ ਉਸ ਨੇ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਝੂਠੀ ਤਸਵੀਰ ਪੇਸ਼ ਕੀਤੀ। ਭਾਰਤੀ ਖ਼ੁਫ਼ੀਆ ਏਜੰਸੀਆਂ ਅਨੁਸਾਰ ਮਜ਼ਹਰ ਜਾਵੇਦ ਨੇ ਦੂਤਘਰ ਨੂੰ ਹੀ ਆਈਐੱਸਆਈ ਦਾ ਅੱਡਾ ਬਣਾ ਲਿਆ ਹੈ। ਉਹ ਇੱਥੇ ਖੱੁਲ੍ਹੇਆਮ ਆਈਐੱਸਆਈ ਦੇ ਗੁਰਗਿਆਂ ਨੂੰ ਸ਼ਰਨ ਦੇ ਰਿਹਾ ਹੈ।
ਇਸੇ ਤਰ੍ਹਾਂ ਰਿਪੋਰਟਾਂ ਮੁਤਾਬਕ ਢਾਕਾ ‘ਚ ਪਾਕਿਸਤਾਨੀ ਦੂਤਘਰ ਦਾ ਡਿਫੈਂਸ ਅਟੈਚੀ ਕਰਨਲ ਸ਼ਫਕਤ ਨਵਾਜ਼ ਅਸਲ ਵਿਚ ਆਈਐੱਸਆਈ ਦੀ ਨੁਮਾਇੰਦਗੀ ਕਰਦਾ ਹੈ। ਏਨਾ ਹੀ ਨਹੀਂ ਉਹ ਸਥਾਨਕ ਗੈਂਗਸਟਰਾਂ ਨਾਲ ਸੰਪਰਕ ਕਰ ਕੇੇ ਨਕਲੀ ਭਾਰਤੀ ਨੋਟਾਂ ਦੀ ਸਮੱਗਲਿੰਗ ਵੀ ਕਰ ਰਿਹਾ ਹੈ। MP

 

 

Follow me on Twitter

Contact Us