Awaaz Qaum Di

ਗੁਜਰਾਤ ‘ਚ ਰਚੀ ਗਈ ਸੀ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾੜੀ ਦੇ ਕਤਲ ਦੀ ਸਾਜ਼ਿਸ਼, ਤਿੰਨ ਗ੍ਰਿਫ਼ਤਾਰ

ਲਖਨਊ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੋਈ ਹੱਤਿਆ ਦੀ ਸਾਜ਼ਿਸ਼ ਗੁਜਰਾਤ ‘ਚ ਰਚੀ ਗਈ ਸੀ। 2015 ‘ਚ ਕਮਲੇਸ਼ ਨੇ ਪੈਗ਼ੰਬਰ ਮੁਹੰਮਦ ‘ਤੇ ਜਿਹੜੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਇਸ ਕਾਰਨ ਸੂਰਤ ਦੇ ਕੱਟੜਪੰਥੀਆਂ ਨੇ ਹੱਤਿਆ ਦੀ ਸਾਜ਼ਿਸ਼ ਰਚੀ ਤੇ ਆਪਣੇ ਦੋ ਸਾਥੀਆਂ ਨੂੰ ਭੇਜ ਕੇ ਉਨ੍ਹਾਂ ਦੀ ਹੱਤਿਆ ਕਰਵਾਈ। ਉੱਤਰ ਪ੍ਰਦੇਸ਼ ਪੁਲਿਸ ਨੇ ਗੁਜਰਾਤ ਏਟੀਐੱਸ ਦੀ ਮਦਦ ਨਾਲ ਸੂਰਤ ‘ਚ ਤਿੰਨ ਸਾਜ਼ਿਸ਼ਕਰਤਾਵਾਂ ਨੂੰ ਗਿ੍ਫ਼ਤਾਰ ਕਰ ਕੇ ਘਟਨਾ ਦਾ ਪਰਦਾਫ਼ਾਸ਼ ਕੀਤਾ ਹੈ। ਹਾਲਾਂਕਿ ਹੁਣ ਦੋਵੇਂ ਹੱਤਿਆਰੇ ਪੁਲਿਸ ਦੇ ਹੱਥ ਨਹੀਂ ਲੱਗੇ। ਦੋਵਾਂ ਦੀ ਲੋਕੇਸ਼ਨ ਦਿੱਲੀ ‘ਚ ਮਿਲੀ ਹੈ।
ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਓਪੀ ਸਿੰਘ ਨੇ ਹੱਤਿਆ ਕਾਂਡ ‘ਚ ਕਿਸੇ ਅੱਤਵਾਦੀ ਜਮਾਤ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਦੇ ਪਿੱਛੇ ਪੁਲਿਸ ਟੀਮਾਂ ਲੱਗੀਆਂ ਹਨ। ਉਨ੍ਹਾਂ ਨੂੁੰ ਛੇਤੀ ਫੜ ਲਿਆ ਜਾਵੇਗਾ। ਹੱਤਿਆ ਕਰ ਕੇ ਦੋਵੇਂ ਮੁਲਜ਼ਮ ਟ੍ਰੇਨ ਰਾਹੀਂ ਦਿੱਲੀ ਭੱਜ ਗਏ ਸਨ। ਪੁਲਿਸ ਨੂੰ ਇਸ ਦੀ ਸੂਹ ਨਹੀਂ ਲੱਗੀ। ਦੋਵਾਂ ਦੀ ਆਖ਼ਰੀ ਲੋਕੇਸ਼ਨ ਦਿੱਲੀ ‘ਚ ਮਿਲੀ ਹੈ, ਉਨ੍ਹਾਂ ਨੂੰ ਫੜਨ ਲਈ ਤਿੰਨ ਟੀਮਾਂ ਡੇਰਾ ਲਗਾ ਕੇ ਬੈਠੀਆਂ ਹਨ।
ਡੀਜੀਪੀ ਨੇ ਦੱਸਿਆ ਕਿ ਸੂਰਤ ਤੋਂ ਮੌਲਾਨਾ ਮੋਹਸਿਨ ਸ਼ੇਖ ਸਲੀਮ (24), ਫੈਜ਼ਾਨ (21) ਤੇ ਰਸ਼ੀਦ ਅਹਿਮਦ ਪਠਾਨ (23) ਨੂੰ ਫੜਿਆ ਗਿਆ ਹੈ। ਤਿੰਨਾਂ ਤੋਂ ਪੁੱਛਗਿੱਛ ‘ਚ ਕਮਲੇਸ਼ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਗੱਲ ਸਵੀਕਾਰ ਕੀਤੀ ਹੈ। ਸੂਰਤ ‘ਚ ਇਕ ਸਾੜੀ ਦੀ ਦੁਕਾਨ ‘ਚ ਕੰਮ ਕਰਨ ਵਾਲੇ ਮੋਹਸਿਨ ਸ਼ੇਖ ਸਲੀਮ ਨੇ ਕਮਲੇਸ਼ ਦੀ ਇਤਰਾਜ਼ਯੋਗ ਟਿੱਪਣੀ ਦੇ ਵੀਡੀਓ ਆਪਣੇ ਸਾਥੀਆਂ ਨੂੰ ਦਿਖਾ ਕੇ ਉਨ੍ਹਾਂ ਨੂੰ ਹੱਤਿਆ ਲਈ ਉਕਸਾਇਆ ਸੀ ਅਤੇ ਪੇਸ਼ੇ ਤੋਂ ਦਰਜੀ ਰਸ਼ੀਦ ਅਹਿਮਦ ਪਠਾਨ ਨਾਲ ਮਿਲ ਕੇ ਸਾਜ਼ਿਸ਼ ਰਚੀ। ਰਸ਼ੀਦ ਕੰਪਿਊਟਰ ਦਾ ਜਾਣਕਾਰ ਵੀ ਹੈ।
ਡੀਜੀਪੀ ਦਾ ਕਹਿਣਾ ਹੈ ਕਿ ਹੱਤਿਆ ਦੀ ਸਾਜ਼ਿਸ਼ ‘ਚ ਅਹਿਮ ਭੂਮਿਕਾ ਰਸ਼ੀਦ ਦੀ ਹੈ। ਕਮਲੇਸ਼ ਦੇ ਹੱਤਿਆਰੇ ਜਿਸ ਮਠਿਆਈ ਦੇ ਡੱਬੇ ‘ਚ ਚਾਕੂ ਤੇ ਪਿਸਤੌਲ ਲੈ ਕੇ ਆਏ ਸਨ, ਉਸ ਨੂੰ ਸੂਰਤ ਦੀ ਇਕ ਦੁਕਾਨ ਤੋਂ ਫੈਜ਼ਾਨ ਨੇ ਖ਼ਰੀਦਿਆ ਸੀ। ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਫੈਜ਼ਾਨ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਫੈਜ਼ਾਨ ਜੁੱਤੀਆਂ ਦੀ ਦੁਕਾਨ ‘ਚ ਕੰਮ ਕਰਦਾ ਹੈੇ। ਡੀਜੀਪੀ ਦਾ ਕਹਿਣਾ ਹੈ ਕਿ ਹੁਣ ਤਕ ਤਿੰਨਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਮਿਲਿਆ।
ਰਸ਼ੀਦ ਪਠਾਨ ਦੁਬਈ ਵੀ ਜਾ ਚੁੱਕਾ ਹੈ, ਜਿਹੜਾ ਦੋ ਮਹੀਨੇ ਪਹਿਲਾਂ ਹੀ ਪਰਤਿਆ ਸੀ। ਜਿਨ੍ਹਾਂ ਦੋ ਕੱਟੜਪੰਥੀਆਂ ਨੇ ਕਮਲੇਸ਼ ਦੀ ਹੱਤਿਆ ਕੀਤੀ, ਉਹ ਵੀ ਗੁਜਰਾਤ ਦੇ ਰਹਿਣ ਵਾਲੇ ਹਨ। ਦੋਵਾਂ ਦਾ ਉੱਤਰ ਪ੍ਰਦੇਸ਼ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਸੂਰਤ ‘ਚ ਫੜੇ ਗਏ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲਖਨਊ ਲਿਆਂਦਾ ਜਾਵੇਗਾ।
ਕਮਲੇਸ਼ ਦੇ ਪਰਿਵਾਰ ਦੀ ਸੁਰੱਖਿਆ ‘ਚ ਚਾਰ ਗੰਨਰ ਤੇ ਘਰ ‘ਤੇ ਗਾਰਦ ਤਾਇਨਾਤ ਕੀਤੀ ਗਈ ਹੈ। ਉੱਧਰ ਸੀਤਾਪੁਰ ਦੇ ਮਹਿਮੂਦਾਬਾਦ ‘ਚ ਸ਼ਨਿਚਰਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਅੰਤਮ ਯਾਤਰਾ ‘ਚ ਭਾਰੀ ਭੀੜ ਸੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਲਖਨਊ ਦੇ ਖੁਰਸ਼ੇਦਬਾਗ ਸਥਿਤ ਕਮਲੇਸ਼ ਤਿਵਾੜੀ ਦੀ ਰਿਹਾਇਸ਼ ‘ਤੇ ਉਨ੍ਹਾਂ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਭਗਵਾ ਕੁਰਤਾ ਪਾ ਕੇ ਕਮਲੇਸ਼ ਦੇ ਘਰ ‘ਚ ਦਾਖ਼ਲ ਹੋਏ ਦੋ ਹੱਤਿਆਰਿਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰੀ ਸੀ।
ਹੱਤਿਆ ਦੀ ਇਸ ਸਾਜ਼ਿਸ਼ ‘ਚ ਕੁਝ ਹੋਰ ਲੋਕਾਂ ਦੇ ਸ਼ਾਮਲ ਹੋਣ ਤੇ ਮੁਲਜ਼ਮਾਂ ਦੇ ਪਿੱਛੇ ਕਿਸੇ ਵੱਡੇ ਦਾ ਹੱਥ ਹੋਣ ਦੇ ਖ਼ਦਸ਼ੇ ਨੂੰ ਨਕਾਰਿਆ ਨਹੀਂ ਜਾ ਸਕਦਾ। ਹੱਤਿਆਰਿਆਂ ਦੇ ਫੜੇ ਜਾਣ ‘ਤੇ ਕਈ ਤੱਥ ਪੂਰੀ ਤਰ੍ਹਾਂ ਸਪਸ਼ਟ ਹੋ ਸਕਣਗੇ।
ਕਮਲੇਸ਼ ਦੀ ਪਤਨੀ ਕਿਰਨ ਤਿਵਾੜੀ ਨੇ ਬਿਜਨੌਰ ਦੇ ਜਿਹੜੇ ਮੌਲਾਨਾ ਮੁਫ਼ਤੀ ਨਈਮ ਕਾਜ਼ਮੀ ਤੇ ਇਮਾਮ ਮੌਲਾਨਾ ਅਨਵਾਰੁਲ ਹੱਕ ਖ਼ਿਲਾਫ਼ ਹੱਤਿਆ ਦੀ ਨਾਮਜ਼ਦ ਰਿਪੋਰਟ ਦਰਜ ਕਰਵਾਈ ਸੀ ਪੁਲਿਸ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਡੀਜੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੂਮਿਕਾ ਦੀ ਵੀ ਭੂਮਿਕਾ ਨਾਲ ਜਾਂਚ ਕਰਵਾਈ ਜਾ ਰਹੀ ਹੈ। MP

 

 

Follow me on Twitter

Contact Us