Awaaz Qaum Di

ਜ਼ਿਲੇ ‘ਚ ਕਿਸੇ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ – ਸਿਵਲ ਸਰਜਨ

– ਸੰਸਥਾਵਾਂ ਨਾਲ ਮੁਲਾਕਾਤ ਦੌਰਾਨ ਦਿਵਾਇਆ ਵਿਸ਼ਵਾਸ

ਫਰੀਦਕੋਟ ਜ਼ਿਲੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਦੇ ਵੱਡੇ ਵਫਦ ਨੇ ਜ਼ਿਲੇ ਦੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਵਫਦ ਦੀ ਅਗਵਾਈ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਕੀਤੀ। ਇਸ ਮੌਕੇ ਟਰੱਸਟ ਦੇ ਸਥਾਨਕ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਇਸਤਰੀ ਵਿੰਗ ਦੀ ਆਗੂ ਪਰਮਜੀਤ ਕੌਰ, ਲਵਿਆਂਸ਼, ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਦੇ ਮੁਲਾਜਮ ਆਗੂ ਡਾ. ਯਸ਼ਪਾਲ ਸ਼ਾਂਬਰੀਆ, ਭਾਵਾਧਸ ਦੇ ਪੰਜਾਬ ਪ੍ਰਧਾਨ ਵੀਰਸ਼੍ਰੇਸਟ ਓਮ ਪ੍ਰਕਾਸ਼ ਬੋਹਤ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਅਤੇ ਭਾਵਾਧਸ ਦੇ ਜ਼ਿਲਾ ਜਨਰਲ ਸਕੱਤਰ ਡਾ. ਜਤਿੰਦਰ ਕੁਮਾਰ ਹੰਸਾ, ਸਥਾਨਕ ਪ੍ਰਸਿਧ ਸਮਾਜ ਸੇਵਕ ਪਰਵੀਨ ਕਾਲਾ, ਮਾਨਵ ਸੇਵਾ ਕਲੱਬ ਦੇ ਅਨਿਲ ਜੈਨ ਅਤੇ ਸੋਨੂੰ ਚੁੱਘ ਤੋਂ ਇਲਾਵਾ ਅਮਰ ਮਹਿਮੀ ਅਤੇ ਕੁਲਬੀਰ ਸਿੰਘ ਵੀ ਮੌਜੂਦ ਸਨ। ਮੁਲਾਕਾਤ ਦੌਰਾਨ ਅਸਿਸਟੈਂਟ ਸਿਵਲ ਸਰਜਨ ਡਾ. ਮਨਜੀਤ ਕ੍ਰਿਸ਼ਨ ਭੱਲਾ, ਜ਼ਿਲਾ ਤੰਬਾਕੂ ਕੰਟਰੋਲ ਨੋਡਲ ਅਫਸਰ ਡਾ. ਪੁਸ਼ਪਿੰਦਰ ਕੂਕਾ ਅਤੇ ਸੁਪਰਡੈਂਟ ਮੈਡਮ ਪਰਮਿੰਦਰ ਕੌਰ ਵੀ ਮੌਜੂਦ ਸਨ। ਵਫਦ ਵੱਲੋਂ ਸਿਹਤ ਵਿਭਾਗ ਨਾਲ ਸਬੰਧਤ ਆਮ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਅਤੇ ਜ਼ਿਲੇ ਅੰਦਰ ਵੱਡੇ ਪੱਧਰ ‘ਤੇ ਵਿਕ ਰਹੇ ਨਕਲੀ ਦੁੱਧ, ਦਹੀ, ਖੋਆ, ਘਿਓ, ਪਨੀਰ, ਕਰੀਮ ਤੇ ਰੰਗਦਾਰ ਅਤੇ ਗੈਰਮਿਆਰੀ ਮਠਿਆਈ ਸਮੇਤ ਅਣਮਿਆਰੀ ਜੂਸ ਸਬੰਧੀ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਸਿਵਲ ਸਰਜਨ ਨੇ ਜਾਣਕਾਰੀ ਦਿਤੀ ਕਿ ਬੀਤੀ 1 ਅਪ੍ਰੈਲ 2018 ਤੋਂ ਲੈ ਕੇ ਹੁਣ ਤੱਕ ਜ਼ਿਲੇ ਵਿਚ ਕੁੱਲ 606 ਸੈਂਪਲ ਭਰੇ ਗਏ। ਜਿਨ੍ਹਾਂ ਵਿਚੋਂ 389 ਪਾਸ ਅਤੇ 179 ਫੇਲ ਕਰਾਰ ਦਿਤੇ ਗਏ ਹਨ। ਇਸ ਤੋਂ ਇਲਾਵਾ 38 ਕੇਸ ਅਜੇ ਪੈਂਡਿੰਗ ਪਏ ਹਨ ਜਿਨਾਂ ਦੀ ਜਾਂਚ ਚੱਲ ਰਹੀ ਹੈ। ਫੇਲ ਹੋਏ ਸੈਂਪਲਾਂ ਵਿਰੁੱਧ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਜਾਣਕਾਰੀ ਦਿਤੀ ਕਿ ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹ ਅਗਲੇ ਇੱਕ-ਦੋ ਦਿਨਾਂ ਵਿਚ ਖੁਦ ਵੀ ਮਠਿਆਈ ਦੀਆਂ ਦੁਕਾਨਾਂ ਅਤੇ ਡੇਅਰੀਆਂ ਸਮੇਤ ਹੋਰਨਾਂ ਦੁਕਾਨਾਂ ਦੀ ਚੈਕਿੰਗ ਕਰਨਗੇ। ਸਿਵਲ ਸਰਜਨ ਨੇ ਇਹ ਵੀ ਜਾਣਕਾਰੀ ਦਿਤੀ ਕਿ ਬੀਤੇ ਛੇ ਮਹੀਨਿਆਂ ਵਿਚ ਜਨਤਕ ਸਥਾਨਾਂ ‘ਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੀਤੇ ਗਏ ਜਿਨ੍ਹਾਂ ਤੋਂ 12055/- ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਜ਼ਿਲੇ ਵਿਚ ਹਰ ਮਹੀਨੇ ਕੁੱਲ 80 ਦੇ ਕਰੀਬ ਕੁੱਤਾ ਕੱਟਣ ਦੇ ਕੇਸ ਆਉਂਦੇ ਹਨ, ਜਿਨਾਂ ਦਾ ਸਮੇਂ ਸਿਰ ਇਲਾਜ ਕਰ ਦਿਤਾ ਜਾਂਦਾ ਹੈ। ਇਸ ਵੇਲੇ ਵੀ ਜਿਲੇ ਵਿਚ ਐਂਟੀ ਰੈਬਿਜ ਦਵਾਈ ਦਾ ਇੱਕ ਮਹੀਨੇ ਦਾ ਸਟਾਕ ਮੌਜੂਦ ਹੈ। ਗੱਲਬਾਤ ਦੌਰਾਨ ਵਿਭਾਗ ਵੱਲੋਂ ਵਫਦ ਨੂੰ ਇਹ ਵੀ ਜਾਣਕਾਰੀ ਦਿਤੀ ਗਈ ਕਿ ਜ਼ਿਲੇ ਅੰਦਰ ਸਪੈਸ਼ਲਿਸਟ ਅਤੇ ਨਾਨ-ਸਪੈਸ਼ਲਿਸਟ ਡਾਕਟਰਾਂ ਦੀਆਂ ਕੁੱਲ 109 ਮਨਜੂਰਸ਼ੁਦਾ ਅਸਾਮੀਆਂ ਵਿਚੋਂ 58 ਭਰੀਆਂ ਹੋਈਆਂ ਹਨ। ਇਸੇ ਤਰ੍ਹਾਂ ਨਰਸਿੰਗ ਸਟਾਫ ਦੀਆਂ 109 ਮਨਜੂਰਸ਼ੁਦਾ ਅਸਾਮੀਆਂ ਵਿਚੋਂ 97 ਭਰੀਆਂ ਹੋਈਆਂ ਹਨ। ਉਹਨਾਂ ਇਹ ਵੀ ਜਾਣਕਾਰੀ ਦਿਤੀ ਕਿ ਹੋਟਲਾਂ ਅਤੇ ਢਾਬਿਆਂ ‘ਤੇ ਕੰਮ ਕਰਨ ਵਾਲੇ ਸਾਰੇ ਕਾਰੀਗਰਾਂ, ਮਜਦੂਰਾਂ ਅਤੇ ਵੇਟਰਾਂ ਦਾ ਬਕਾਇਦਾ ਤੌਰ ‘ਤੇ ਮਹਿਕਮੇਂ ਵੱਲੋਂ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ। ਮੁਲਾਕਾਤ ਦੌਰਾਨ ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ “ਆਯੁਸ਼ਮਾਨ ਭਾਰਤ ਸਰਬੱਤ ਸਵਾਸਥ ਬੀਮਾ ਯੋਜਨਾ” ਅਧੀਨ ਸਰਕਾਰੀ ਨਿਯਮਾਂ ਅਨੁਸਾਰ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਵਫਦ ਵੱਲੋਂ ਆਮ ਲੋਕਾਂ ਦੀ ਸਹਾਇਤਾ ਅਤੇ ਜਾਣਕਾਰੀ ਲਈ ਦਫਤਰੀ ਨੰਬਰਾਂ ਦੇ ਬੋਰਡ ਜਨਤਕ ਸਥਾਨਾਂ ‘ਤੇ ਡਿਸਪਲੇਅ ਕਰਨ ਦੀ ਮੰਗ ਨੂੰ ਵੀ ਸਿਵਲ ਸਰਜਨ ਨੇ ਗੰਭੀਰਤਾ ਨਾਲ ਲਿਆ ਅਤੇ ਇਸ ‘ਤੇ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ। ਉਕਤ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮਹਿਕਮੇਂ ਵੱਲੋਂ ਸਿਹਤ ਵਿਭਾਗ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਦਰਜ ਕਰਾਉਣ ਲਈ ਸਮੁੱਚੇ ਪੰਜਾਬ ਲਈ ਟੋਲ ਫਰੀ ਨੰਬਰ 104 ਜਾਰੀ ਕੀਤਾ ਹੋਇਆ ਹੈ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਜ਼ਿਲੇ ਅੰਦਰ ਮਰੀਜਾਂ ਵੱਲੋਂ ਆਪਣੇ ਨਾਲ ਹੁੰਦੀ ਜਿਆਦਤੀ ਜਾਂ ਹੋਰ ਕੋਈ ਜਾਣਕਾਰੀ ਲੈਣ ਲਈ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨਾਲ ਉਹਨਾਂ ਦੇ ਮੋਬ. ਨੰਬਰ 98762-43335 ਜਾਂ ਅਸਿਸਟੈਂਟ ਸਿਵਲ ਸਰਜਨ ਡਾ. ਮਨਜੀਤ ਕ੍ਰਿਸ਼ਨ ਭੱਲਾ ਨਾਲ ਉਹਨਾਂ ਦੇ ਮੋਬ ਨੰਬਰ 98550-55919  ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮਿਲਾਵਟ ਖੋਰੀ ਅਤੇ ਖਾਣ-ਪੀਣ ਦੀਆਂ ਨਕਲੀ ਵਸਤਾਂ ਸੰਬੰਧੀ ਜ਼ਿਲਾ ਫੂਡ ਸੈਫਟੀ ਅਫਸਰ ਡਾ. ਮੁਕਲ ਗਿੱਲ ਨਾਲ ਉਹਨਾਂ ਦੇ ਮੋਬ. ਨੰਬਰ 95920-58903 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਵਫਦ ਵੱਲੋਂ ਸਿਵਲ ਸਰਜਨ ਨੂੰ ਇੱਕ ਮੰਗ ਪੱਤਰ ਵੀ ਦਿਤਾ ਗਿਆ ਜਿਸ ‘ਤੇ ਕੀਤੀ ਕਾਰਵਾਈ ਸਬੰਧੀ ਜਲਦੀ ਫਾਲੋ ਅੱਪ ਮੀਟਿੰਗ ਕੀਤੀ ਜਾਵੇਗੀ। MP

 

 

Follow me on Twitter

Contact Us