Awaaz Qaum Di

”ਅੱਜ ਤਰਸਦੇ ਪੰਜਾਬੀ ਕੋਠੀ ਦੇ ਗੁੜ ਦੀ ਚਾਹ ਨੂੰ”

ਭਾਰਤ ਅੰਦਰ ਗੁੜ ਦਾ ਉਪਯੋਗ ਤੇ ਉਦਯੋਗ ਪ੍ਰਾਚੀਨ ਕਾਲ ਤੋਂ ਚਲਦਾ ਆ ਰਿਹਾ ਹੈ। ਗੁੜ ਦੇ ਅੱਡੋ-ਅੱਡੀ ਭਾਸ਼ਾਵਾਂ ਅਨੁਸਾਰ ਵੱਖਰੇ-ਵੱਖਰੇ ਨਾਮ ਹਨ, ਜਿਵੇ ਪੰਜਾਬੀ ਵਿੱਚ ਗੁੜ, ਬੰਗਾਲੀ ਵਿੱਚ ਅਸਮਿਆ, ਭੋਜਪੁਰੀ ਵਿੱਚ ਮੈਥਿਲੀ, ਰਾਜਸਥਾਨੀ ਵਿੱਚ ਗੋਲਗੂਲ, ਮਰਾਠੀ ਵਿੱਚ ਗੁੱਠ ਤੇ ਨੇਪਾਲੀ ਵਿੱਚ ਭੇਲੀ ਆਦਿ ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਹਨ। ਗੁੜ ਗੰਨੇ ਤੋਂ ਇਲਾਵਾ ਤਾੜ ਦੇ ਰਸ ਤੋਂ ਵੀ ਬਣਾਇਆ ਜਾਂਦਾ ਹੈ ਜਦਕਿ ਪੱਛਮੀ ਬੰਗਾਲ ਵਿੱਚ ਤਾਂ ਖੰਜੂਰ ਤੋਂ ਵੀ ਗੁੜ ਬਣਾਇਆ ਜਾਂਦਾ ਹੈ ਪਰੰਤੂ ਪ੍ਰਚੱਲਤ ਸਿਰਫ ਗੰਨੇ ਤੋਂ ਬਣਾਇਆ ਗੁੜ ਹੀ ਹੈ। ਗੁੜ ਦਾ ਵਿਸ਼ਵ ਦਾ ਸਭ ਤੋਂ ਵੱਡਾ ਬਾਜ਼ਾਰ ਉੱਤਰ ਪ੍ਰਦੇਸ਼ ਦਾ ਸੀਤਾਪੁਰਾ ਜ਼ਿਲ੍ਹਾ ਹੈ, ਇਸ ਤੋਂ ਇਲਾਵਾ ਇਸ ਦਾ ਦੂਜਾ ਵੱਡਾ ਬਾਜ਼ਾਰ ਵੀ ਭਾਰਤ ਵਿੱਚ ਆਂਧਰਾ ਪ੍ਰਦੇਸ਼ ਦਾ ਵਿਸ਼ਾਖਾਪਟਨਮ ਹੈ। ਗੁੜ ਦਾ ਚੂਰਨ ਰੂਪ ਸ਼ੱਕਰ ਹੈ ਜਿਸ ਨੂੰ ਪੰਜਾਬ ਦੇ ਹਰ ਘਰ ਵਿੱਚ ਬੜੇ ਸ਼ੌਕ ਨਾਲ ਘਿਉ-ਸ਼ੱਕਰ ਦੇ ਤੌਰ ਤੇ ਖਾਧਾ ਜਾਂਦਾ ਹੈ। ਗੁੜ ਇੱਕ ਵਿਅੰਜ਼ਨ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਆਯੁਰਵੈਦ ਅਨੁਸਾਰ ਗੁੜ ਗਲੇ ਤੇ ਫੇਫੜਿਆਂ ਨੂੰ ਸਾਫ ਰੱਖਦਾ ਹੈ,  ਅਨੀਮੀਆ ਰੋਗ ਵਿੱਚ ਵੀ ਲਾਭਕਾਰੀ ਹੈ, ਪੀਲੀਏ ਦੇ ਰੋਗ ਵਿੱਚ ਡਾਕਟਰ ਤੇ ਹਕੀਮ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ। ਗਾਂਧੀ ਜੀ ਅਨੁਸਾਰ ਖੰਡ ਦੀ ਤਰ੍ਹਾਂ ਗੁੜ੍ਹ ਤੇਜ਼ੀ ਨਾਲ ਖੂਨ ਵਿੱਚ ਨਹੀ ਘੁਲਦਾ ਜਿਸ ਕਰਕੇ ਇਹ ਜ਼ਿਆਦਾ ਸਿਹਤਵਰਧਕ ਹੈ। ਗੁੜ ਪੇਟ ਗੈਸ, ਪਾਚਣ ਪ੍ਰਣਾਲੀ, ਸਰਦੀ ਜ਼ੁਕਾਮ, ਆਦਿ ਰੋਗਾਂ ਵਿੱਚ ਵਰਤਣ ਨਾਲ ਫਾਇਦਾ ਹੁੰਦਾ ਹੈ, ਸਰਦੀਆਂ ਦੇ ਮੋਸਮ ਵਿੱਚ ਗੁੜ੍ਹ ਦੀ ਗੱਚਕ ਹਰ ਕੋਈ ਬੜੇ ਸ਼ੌਕ ਨਾਲ ਖਾਦਾ ਹੈ, ਮੂੰਗਫਲੀ ਨਾਲ ਵੀ ਪੁਰਾਣੇ ਸਮੇਂ ਵਿੱਚ ਗੁੜ ਖਾਧਾ ਜਾਂਦਾ ਸੀ।

ਗੁੜ ਨੂੰ ਕਈ ਭਾਗਾਂ ਵਿੱਚ ਵੰਡਿਆਂ ਗਿਆ ਹੈ, ਜਿਵੇ ਕਿ ਸਾਫ ਕੀਤਾ ਗੁੜ, ਬਿਨ੍ਹਾਂ ਸਾਫ ਕੀਤਾ ਗੁੜ, ਨਵਾਂ ਗੁੜ, ਪੁਰਾਣਾ ਗੁੜ ਆਦਿ, ਪੁਰਾਣੇ ਗੁੜ ਨੂੰ ਕਈ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਗੁੜ ਨੂੰ ਅੱਜ ਦੇ ਜ਼ਮਾਨੇ ਅੰਦਰ ਬਹੁਤ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ, ਜਿਵੇ ਕਿ ਚੂਨੇ ਜਾਂ ਬਜ਼ਾਰੂ ਕੈਮੀਕਲਾਂ ਤੇ ਰੰਗਾਂ ਆਦਿ ਨਾਲ ਪਰੰਤੂ ਪੁਰਾਤਨ ਤਰੀਕੇ ਭਿੰਡੀ ਦੇ ਪਾਣੀ ਨਾਲ ਜੋ ਗੁੜ ਘਰੇਲੂ ਵਰਤੋਂ ਲਈ ਬਣਾਇਆ ਜਾਂਦਾ ਸੀ, ਉਹ ਸਿਹਤਵਰਧਕ ਤੇ ਪੋਸ਼ਟਿਕ ਹੋਣ ਦੇ ਨਾਲ-ਨਾਲ ਬਨਾਉਣ ਦਾ ਤਰੀਕਾ ਵੀ ਬਹੁਤ ਕਾਰਗਾਰ ਸੀ। ਪੰਜਾਬ ਵਿੱਚ ਲੱਡੂ ਗੁੜ, ਪੇਸੀਆਂ, ਚਾਕੂ ਦਾ ਗੁੜ, ਖੁਰਪਾ ਗੁੜ ਆਦਿ ਕਿਸਮਾਂ ਪ੍ਰਚੱਲਤ ਸਨ ਜੋ ਅੱਜ ਕੱਲ ਲੱਡੂ ਗੁੜ ਨੂੰ ਛੱਡ ਕੇ ਬਾਕੀ ਸਾਰੀਆਂ ਖਤਮ ਹੋਣ ਦੇ ਕਿਨਾਰੇ ਹਨ।

ਸਾਡੇ ਰੰਗਲੇ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਸਮੇਂ ਗੁੜ ਦੀ ਤੂਤੀ ਬੋਲਦੀ ਸੀ ਕਿਉਕਿ ਇਸ ਵਿਚਲੇ ਗੁਣਕਾਰੀ ਤੱਤਾਂ ਜਿਵੇਂ ਕਿ ਸੂਕਰੋਜ਼, ਗੁਲੂਕੋਜ਼, ਫਰਕਟੋਜ਼, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਤੇ ਲੋਹਾ ਆਦਿ ਨਾਲ ਭਰਪੂਰ ਹੋਣ ਕਰਕੇ ਇਹ ਬੀਤ ਚੁੱਕੇ ਸਮੇਂ ਅੰਦਰ ਪਜੰਾਬ ਦੇ ਹਰ ਘਰ ਦੀ ਰਸੋਈ ਦਾ ਸ਼ਿੰਗਾਰ ਹੁੰਦਾ ਸੀ ਤੇ ਹਰ ਵਰਗ ਦੇ ਪਰਿਵਾਰਾ ਵੱਲੋਂ ਇਸ ਨੂੰ ਆਮ ਵਰਤਿਆ ਜਾਂਦਾ ਸੀ ਪੁਰਾਤਨ ਸਮੇਂ ਵਿੱਚ ਗੁੜ ਦੀਆਂ ਭੇਲੀਆਂ ਸਾਂਭਣ ਲਈ ਮਿੱਟੀ ਦੇ ਬਣੇ ਭੜੋਲਿਆਂ ਦੀ ਵਰਤੋ ਕੀਤੀ ਜਾਂਦੀ ਸੀ ਅਤੇ ਹਰ ਘਰ ਦੀ ਕੰਧ ਵਿੱਚ ਇੱਕ ਕੋਠੀਨੁਮਾ ਅਲਮਾਰੀ ਬਣਾ ਕੇ ਇਸ ਨੂੰ ਰਸੋਈ ਦੀ ਵਰਤੋਂ ਲਈ ਰੱਖਿਆ ਜਾਂਦਾ ਸੀ। ਬੀਤ ਚੁੱਕੇ ਸਮੇਂ ਅੰਦਰ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਹਰ ਘਰ ਪਰਿਵਾਰਾਂ ਅੰਦਰ ਗੁੜ ਦੀ ਚਾਹ ਬਣਾਈ ਜਾਂਦੀ ਸੀ।  ਕਿਉਂਕਿ ਗੰਨੇ ਦੇ ਗੁਣਾਂ ਤੋਂ ਸਾਡੇ ਬਜ਼ੁਰਗ ਭਲੀ-ਭਾਂਤ ਜਾਣੂ ਸਨ। ਵਿਰਲੇ ਘਰਾਂ ਅੰਦਰ ਹੀ ਜਵਾਈ-ਭਾਈ ਆਉਣ ਤੇ ਖੰਡ ਦੀ ਚਾਹ ਬਣਾਈ ਜਾਂਦੀ ਸੀ ਜਦਕਿ ਖੰਡ ਉਦੋਂ ਵੀ ਆਮ ਮਿਲਦੀ ਸੀ, ਘਰ ਵਿੱਚ ਵਿਆਹ ਬੰਨਣ ਤੋਂ ਬਾਅਦ ਨਾਨਕਿਆਂ ਨੂੰ ਸੱਦਾ ਦੇਣ ਲਈ ਸਵਾ ਪੰਜ ਸੇਰ ਗੁੜ ਭੇਲੀ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ, ਜਿਸ ਦਾ ਬਦਲਵਾ ਰੂਪ ਅੱਜ ਮਿਲਾਵਟੀ ਮਹਿੰਗੀਆਂ ਮਠਿਆਈਆਂ ਨੇ ਲੈ ਲਿਆ ਹੈ ਤੇ ਬਰਾਤ ਆਉਣ ਤੇ ਰੋਟੀ ਨਾਲ ਗੁੜ ਦਾ ਕੜ੍ਹਾਹ ਖਾਣ ਲਈ ਪਰੋਸਿਆ ਜਾਂਦਾ ਸੀ ਤੇ ਪਿੰਡਾਂ ਵਿੱਚ ਆਂਢ-ਗਵਾਂਢ ਵੰਡਿਆ ਜਾਂਦਾ ਰਿਹਾ ਹੈ। ਜਿਸ ਦਾ ਰੂਪ ਬਦਲਕੇ ਅੱਜ ਮੂੰਗੀ ਦੇ ਕੜ੍ਹਾਹ ਦੇ ਰੂਪ ਵਿੱਚ ਆ ਚੁੱਕਾ  ਹੈ। ਘਰ ਵਿੱਚ ਨਲਕਾ, ਬੋਰ ਆਦਿ ਨਵਾਂ ਲਗਾਉਣ ਵੇਲੇ ਗੁੜ ਵੰਡਿਆਂ ਜਾਂਦਾ ਸੀ, ਨਵੇਂ ਮਕਾਨ ਦੀ ਨਿਊਂ ਰੱਖਣ ਵੇਲੇ, ਮੁੰਡਾ ਪੈਦਾ ਹੋਣ ਤੇ ਗੁੜ ਵੰਡਿਆਂ ਜਾਂਦਾ ਸੀ, ਗੁੜ੍ਹ ਵਾਲੇ ਚੌਲਾਂ ਨੂੰ ਦੁਪਿਹਰ ਦੀ ਚਾਹ ਵੇਲੇ ਚਾਹ ਪਾ ਕੇ ਸ਼ੌਕ ਨਾਲ ਖਾਣ ਦਾ ਰਿਵਾਜ਼ ਵੀ ਬਹੁਤ ਪੁਰਾਣਾ ਹੋ ਚੁੱਕਾ ਹੈ।

ਗੁੜ ਦੀ ਚੂਰੀ ਅੱਜ ਵੀ ਪੰਜਾਬੀਆਂ ਦੀ ਪਸੰਦੀਦਾ ਖੁਰਾਕ ਹੈ ਤੇ ਚਾਹ ਕੇ ਸ਼ੌਕ ਨਾਲ ਖਾਧੀ ਜਾਂਦੀ ਹੈ ਕਿਉਂਕਿ ਗੁੜ, ਦੇਸੀ ਘਿਉ ਤੇ ਅਨਾਜ ਦੇ ਸੁਮੇਲ ਤੋਂ ਬਣੀ ਚੂਰੀ ਸਾਡੇ ਸਰੀਰ ਨੁੰ ਬਿਮਾਰੀਆਂ ਤੋਂ ਬਚਾਉਣ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦੀ ਹੈ। ਲੋਹੜੀ ਮੋਕੇ ਵੀ ਗੁੜ ਵੰਡਣ, ਗੁੜ ਦੀਆਂ ਮੱਠੀਆਂ-ਗੁਲਗਲੇ ਪਕਾਉਣ ਦਾ ਸਾਡੇ ਪੰਜਾਬ ਦਾ ਸਦੀਆਂ ਪੁਰਾਣਾ ਰਿਵਾਜ਼ ਹੈ ਤੇ ਇਹ ਮੱਠੀਆਂ ਲੋਹੜੀ-ਦਿਵਾਲੀ ਤੇ ਵਿਆਹੀਆਂ ਕੁੜੀਆਂ ਨੂੰ ਭੇਜਕੇ ਆਪਣਾ ਸਨੇਹ ਪ੍ਰਗਟਾਇਆ ਜਾਂਦਾ ਸੀ ਜੋ ਕਿ ਅੱਜ ਸਾਡੇ ਪੰਜਾਬੀ ਵਿਰਸੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ।  ਮੁੰਡੇ ਦੀ ਲੋਹੜੀ ਮਨਾਉਣ ਸਮੇਂ ਪ੍ਰਚੱਲਿਤ ਬੋਲੀਆਂ ਪਾਉਂਦੀ ਇੱਕ ਮੁਟਿਆਰ ਕਹਿੰਦੀ ਹੈ :-

”ਤਿਲ ਚੌਲੀਏ ਨੀਂ, ਤਿਲ ਛੱਟੇ ਛੰਡ ਛਡਾਏ।

 ”ਗੁੜ ਦੇਹ ਮੁੰਡੇ ਦੀਏ ਮਾਏਂ, ਅਸੀਂ ਗੁੜ ਨਹੀਂ ਲੈਣਾ ਥੋੜ੍ਹਾ।

”ਅਸੀਂ ਲੈਣਾ ਗੁੜ ਦਾ ਰੋੜਾ, ਤਿਲ ਚੌਲੀਏ ਨੀਂ।

”ਗੀਗਾ ਜੰਮਿਆ ਨੀਂ, ਗੁੜ ਵੰਡਿਆ ਨੀਂ।

”ਗੁੜ ਦੀਆਂ ਰੋੜੀਆਂ ਨੀਂ, ਭਰਾਵਾਂ ਜੋੜੀਆਂ ਨੀਂ।

”ਗੀਗਾ ਆਪ ਜੀਵੇਗਾ, ਮਾਈ ਬਾਪ ਜੀਵੇਗਾ, ਸਹੁਰਾ ਸਾਕ ਜੀਵੇਗਾ।”

ਸਰਕਾਰ ਕਿਸਾਨਾਂ ਨੂੰ ਗੰਨੇ ਦੀ ਫਸਲ ਬੀਜਣ ਪ੍ਰਤੀ ਉਤਸ਼ਾਹਿਤ ਕਰਕੇ ਸਬਸਿਡੀ ਦੇਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਫਿਰ ਦੁਬਾਰਾ ਉਹੀ ਸ਼ੁੱਧ ਗੁੜ ਘਰੇਲੂ ਵਰਤੋਂ ਲਈ ਮਿਲੇਗਾ ਜਿਸ ਨਾਲ ਖੰਡ ਤੋਂ ਪੈਦਾ ਹੋ ਰਹੀਆਂ ਭਿਆਨਕ ਬਿਮਾਰੀਆਂ ਜਿਵੇਂ ਕਿ ਸ਼ੂਗਰ, ਕੈਂਸਰ, ਮੋਟਾਪਾ, ਦਿਲ ਦੇ ਰੋਗਾਂ ਤੋਂ ਬਚਣ ਲਈ ਕੁੱਝ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ ਕਿਉਂਕਿ ਸ਼ੂਗਰ ਕਾਰਨ ਅੱਜ ਸੰਸਾਰ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਪ੍ਰਤੀ ਸਾਲ 1.5 ਮਿਲੀਅਨ ਹੈ। ਪੰਜਾਬ ਵਿੱਚ ਗੰਨੇ ਦੀ ਫਸਲ ਦੀ ਪੈਦਾਵਾਰ ਵੱਧਣ ਨਾਲ ਮਿਲਾਵਟੀ ਗੁੜ ਦਾ ਕਾਰੋਬਾਰ ਕਰਨ ਵਾਲਿਆ ਦੀ ਦੁਕਾਨਦਾਰੀ ਖਤਮ ਹੋਵੇਗੀ ਕਿਉਕਿ ਜਦ ਸ਼ੁੱਧ ਚੀਜ਼ ਸ਼ਰੇਆਮ ਮਿਲੇਗੀ ਤਾਂ ਮਿਲਾਵਟੀ ਸੌਦਾ ਕੋਣ ਖਰੀਦੇਗਾ ਅੱਜ ਦੇ ਸਮੇਂ ਵਿੱਚ ਮਿਲਾਵਟੀ ਗੁੜ ਹਰ ਗਲੀ ਚੌਰਾਹੇ ਆਮ ਵਿਕਦਾ ਹੈ ਮੈਂ ਇੱਕ ਵਾਰੀ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਰਸਤੇ ਵਿੱਚ ਹੁਸ਼ਿਆਰਪੁਰ ਨੇੜੇ ਸੜਕ ਉੱਪਰ ਗੁੜ ਬਨਾਉਣ ਵਾਲੀਆਂ ਘੁਲਾੜੀਆਂ ਲੱਗੀਆਂ ਸਨ ਤੇ ਵੱਡੀ ਪੱਧਰ ਤੇ ਗੁੜ ਬਣਾਇਆ ਜਾ ਰਿਹਾ ਸੀ, ਗੁੜ ਦਾ ਸ਼ੌਕੀਨ ਹੋਣ ਕਾਰਨ ਗੱਡੀ ਮੱਲੋ-ਮੱਲੀ ਰੁਕ ਗਈ ਉਹਨਾਂ ਤੋਂ ਗੁੜ ਦਾ ਰੇਟ ਪੁੱਛਿਆ ਤਾਂ ਉਹਨਾਂ 40 ਤੋਂ 50 ਰੁਪਏ ਕਿਲੋ ਦੱਸਿਆ ਮੈਨੂੰ ਕੁੱਝ ਸ਼ੱਕ ਹੋ ਗਿਆ ਕਿ ਇਸ ਭਾਅ ਤਾਂ ਅੱਜ ਕੱਲ ਖੰਡ ਮਿਲ ਰਹੀ ਹੈ, ਮੈਂ ਉਹਨਾਂ ਦੇ ਇੱਕ ਮਾਲਕ ਨਾਲ ਪਾਸੇ ਜਾ ਕੇ ਗੱਲ ਕੀਤੀ ਤੇ ਸ਼ੁੱਧ ਗੁੜ ਲੈਣ ਲਈ ਕਿਹਾ ਤਾਂ ਉਹ ਕਹਿਣ ਲੱਗਾ ਬਾਈ ਜੀ ਘੱਟੋ-ਘੱਟ ਪੰਜ ਘੰਟੇ ਇੰਤਜ਼ਾਰ ਕਰਨਾ ਪਵੇਗਾ ਮੈਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਆਹ ਜੋ ਸਾਈਕਲਾਂ ਵਾਲੇ ਮੇਰੇ ਕੋਲੇ ਗੁੜ ਲੈ ਕੇ ਵੇਚਣ ਜਾਣ ਲਈ ਕਾਹਲੇ ਹਨ ਮੈਂ ਇਹਨਾਂ ਨੂੰ ਗੁੜ ਬਣਾ ਕੇ ਦੇਣਾ ਹੈ ਤੇ ਉਸ ਨੇ ਮੈਨੂੰ ਹੈਰਾਨ ਕਰਨ ਵਾਲੀ ਅੰਦਰੂਨੀ ਗੱਲ ਦੱਸੀ ਕਿ ਇਸ ਸਸਤੇ ਗੁੜ ਵਿੱਚ ਢਲੀ ਹੋਈ ਖੰਡ ਪਾ ਕੇ ਗੁੜ ਬਣਦਾ ਹੈ ਜੋ ਕਿ ਉਹ ਆਪਣੇ ਪਿੱਛਲੇ ਤੰਬੂਆਂ ਵਿੱਚ ਢੇਰ ਲਾਈ ਬੈਠੇ ਸਨ, ਇਸੇ ਤਰ੍ਹਾਂ ਹੀ ਅਸੀਂ ਇੱਕ ਦਫਾ ਮੋਹਾਲੀ ਤੋਂ ਮੋਗੇ ਵਾਪਸ ਆ ਰਹੇ ਸਾਂ ਰਸਤੇ ਵਿੱਚ ਗੁੜ ਬਨਾਉਣ ਵਾਲੀਆਂ ਘੁਲਾੜੀਆਂ ਦੀਆਂ ਲਾਈਨਾਂ ਲੱਗੀਆਂ ਸਨ ਮੇਰੇ ਨਾਲ ਦੇ ਸਾਰੇ ਸਾਥੀ ਗੁੜ ਲੈਣ ਲਈ ਰੁਕ ਗਏ, ਮੈਂ ਗੱਲਾਂ ਬਾਤਾ ਕਰਦਾ ਉਹਨਾਂ ਦੇ ਪਿੱਛਲੇ ਤੰਬੂਆਂ ਵਿੱਚ ਚਲਾ ਗਿਆ ਤੇ ਦੇਖਿਆ ਕਿ ਉਹੀ ਖਰਾਬ ਹੋਈ ਸਸਤੀ ਖੰਡ ਦੇ ਗੱਟੇ ਪਏ ਸਨ ਮੈਂ ਬਾਕੀ ਸਾਥੀਆਂ ਨੂੰ ਦੱਸਿਆ ਕਿ ਮਿਲਾਵਟੀ ਗੁੜ ਇਸ ਤਰ੍ਹਾਂ ਬਣਦਾ ਹੈ। ਪਰੰਤੂ ਉਹਨਾਂ ਵੱਲੋਂ ਗਾਹਕਾਂ ਦੇ ਖਾਣ ਲਈ ਡਿਸਪਲੇ ਤੇ ਅਸਲੀ ਗੁੜ ਭਰਮਾਉਣ ਲਈ ਰੱਖਿਆ ਗਿਆ ਸੀ।

ਪੰਜਾਬ ਵਿੱਚ ਗੰਨੇ ਦੀ ਪੈਦਾਵਾਰ ਵੱਧਣ ਨਾਲ ਇੱਥੇ ਸਰਕਾਰੀ ਖੰਡ ਮਿੱਲਾ ਲੱਗਣ, ਜੇਕਰ ਸਰਕਾਰ ਇਸ ਪ੍ਰਤੀ ਆਪਣਾ ਰੁਖ ਅਪਣਾਉਦੀ ਹੈ ਤਾਂ ਝੋਨੇ ਦੀ ਫਸਲ ਹੇਠਲਾ ਰਕਬਾ ਆਪਣੇ-ਆਪ ਘਟ ਜਾਵੇਗਾ, ਇਸ ਫਸਲੀ ਚੱਕਰ ਨਾਲ ਪੰਜਾਬ ਅੰਦਰ ਖੇਤੀਬਾੜੀ ਲਈ ਬਿਜਲੀ ਦੀ ਖਪਤ ਘਟੇਗੀ, ਬੇਰੁਜ਼ਗਾਰੀ ਘਟੇਗੀ ਤੇ ਵੱਡਾ ਫਾਇਦਾ ਝੋਨੇ ਦੀ ਪਰਾਲੀ ਦੇ ਸਾੜਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਦੁਖੀ ਪੰਜਾਬ ਵਾਸੀਆਂ ਨੂੰ ਛੁਟਕਾਰਾ ਮਿਲੇਗਾ ਕਿਉਂਕਿ ਗੰਨੇ ਦੀ ਕੋਈ ਵੀ ਚੀਜ਼ ਜਾਇਆ ਨਹੀਂ ਜਾਂਦੀ ਜੋ ਇਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਂਦੀ ਹੋਵੇ, ਗੰਨੇ ਦੀ ਰਹਿੰਦ-ਖੂੰਦ ਤੋਂ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਖੰਡ ਮਿੱਲ ਦੇ ਅੰਦਰ ਹੀ ਲੱਗ ਜਾਂਦਾ ਹੈ ਜੋ ਖੰਡ ਮਿੱਲ ਦੀ ਬਿਜਲੀ ਪੂਰਤੀ ਤੋਂ ਇਲਾਵਾ ਵੀ ਬਿਜਲੀ ਪੈਦਾ ਕਰਦਾ ਹੈ। ਗੰਨੇ ਦੀ ਫਸਲ ਹੇਠ ਰਕਬਾ ਵੱਧਣ ਨਾਲ ਪੰਜਾਬ ਦੀਆਂ ਸੜਕਾਂ ਤੇ ਪਿੰਡਾਂ ਵਿੱਚ ਫਿਰ ਉਹੀ ਘੁਲਾੜੀਆਂ ਰਾਹੀ ਬਣਦੇ ਗੁੜ ਦੀ ਖੁਸ਼ਬੂ ਨਾਲ ਵਾਤਾਵਰਨ ਮਹਿਕ ਉੱਠੇਗਾ।

ਅਸੀਂ ਆਪਣੇ ਪੁਰਾਤਨ ਵਿਰਸੇ ਨਾਲੋਂ ਲੱਗਭਗ ਟੁੱਟ ਹੀ ਚੁੱਕੇ ਹਾਂ ਜਿਸ ਕਾਰਨ ਮਿਲਾਵਟਖੋਰਾਂ ਦੀ ਦੁਕਾਨਦਾਰੀ ਚਮਕ ਰਹੀ ਹੈ ਗੁੜ ਤੋਂ ਇਲਾਵਾ ਖਾਣ-ਪੀਣ ਦੀ ਹਰ ਵਸਤੂ ਵਿੱਚ ਅੱਜ ਮਿਲਾਵਟਖੋਰੀ ਦਾ ਬੋਲਬਾਲਾ ਹੈ, ਪੰਜਾਬੀਆਂ ਦੀ ਸਿਹਤ ਦੇ ਰਾਜ ਦੁੱਧ ਘਿਉ ਅੰਦਰ ਮਿਲਾਵਟ ਹੱਦਾਂ ਪਾਰ ਕਰ ਚੁੱਕੀ ਹੈ, ਜਿਸ ਦੇ ਚੱਲਦਿਆਂ ਅੱਜ ਲੋਕ ਦੁਬਾਰਾ ਫਿਰ ਆਪਣੇ ਪੁਰਾਣੇ ਸੱਭਿਆਚਾਰ ਵੱਲ ਮੁੜਨ ਲਈ ਸੋਚਣ ਤੇ ਮਜ਼ਬੂਰ ਹਨ, ਹਰ ਕੋਈ ਅਸਲੀ ਗੁੜ ਦੀ ਚਾਹ ਨੂੰ ਅੱਜ ਤਰਸ ਗਿਆ ਹੈ, ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮੇਰੇ ਪੰਜਾਬ ਨੂੰ ਫਿਰ ਉਹੀ ਗੁਜ਼ਰ ਚੁੱਕੇ ਸ਼ਾਨਾਮੱਤੇ ਕਲਚਰ ਦਾ ਮੁਰੀਦ ਬਣਾਈ।        

ਜਗਜੀਤ ਸਿੰਘ ਕੰਡਾ ਕੋਟਕਪੂਰਾ

ਮੋਬਾ: 96462-00468 GM

 

 

Follow me on Twitter

Contact Us