Awaaz Qaum Di

ਪੰਜਾਬੀ ਸੂਫ਼ੀ ਕਾਵਿ

  ਸੂਫ਼ੀ ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਨੇ ਮਨੁੱਖੀ ਸੋਚ ਨੂੰ ਧਰਮ ਦੀਆਂ
ਸੀਮਾਵਾਂ ਤੋਂ ਪਰ੍ਹੇ ਲਿਜਾ ਕਿ ਭਾਵ-ਭੂਮੀ ਪ੍ਰਦਾਨ ਕੀਤੀ। ਜਿਸ ਤੇ ਖੜ੍ਹੇ ਹੋ ਕਿ ਹਰ
ਪਾਸੇ ਇੱਕ- ਸਮਾਨਤਾ ਦਾ ਪਸਾਰਾ ਨਜ਼ਰ ਆਉਂਦਾ ਹੈ। ਇਹ ਜੀਵਨ ਦੇ ਰੂੜ੍ਹੀਗਤ ਪਸਾਰਾਂ
ਵਿਰੁੱਧ ਵਿਦਰੋਹੀ ਸੁਰ ਵਾਲੀ ਕਵਿਤਾ ਹੈ ਜੋ ਸਮਾਜਿਕ ਕੁਵਰਤਾਰੇ ਤੇ ਟਿੱਪਣੀ ਕਰਦੀ ਹੈ।
ਕਿਸੇ ਵੀ ਸਾਹਿੱਤਿਕ ਕਿਰਤ ਦਾ ਮੂਲ ਮਕਸਦ ਵੀ ਇਹੀ ਹੁੰਦਾ ਹੈ ਕਿ ਉਹ ਸਮਾਜ ਵਿੱਚ
ਪ੍ਰਚੱਲਿਤ ਅਮਾਨਵੀ ਤੇ ਅਸਾਵੀਂ ਸਥਿਤੀ ਵਿਰੁੱਧ ਆਵਾਜ਼ ਬੁਲੰਦ ਕਰੇ। ਮਨੁੱਖ ਨੂੰ
ਸੰਤੁਲਨ ਤੇ ਸਦਾਚਾਰਕ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੋਵੇ। ਇਹੀ ਖ਼ੂਬੀ ਸੂਫ਼ੀ ਕਾਵਿ
ਵਿੱਚ ਵਿਦਮਾਨ ਹੈ।
    ਸੂਫ਼ੀ ਕਾਵਿ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਹਰ ਸਮਾਜਿਕ ਪਹਿਲੂ
‘ਤੇ ਚਰਚਾ ਕੀਤੀ ਗਈ ਹੈ। ਇਸ ਵਿਚੋਂ ਸਦਾਚਾਰਕ ਅਤੇ ਨੈਤਿਕ ਉਤਸ਼ਾਹ ਸੁਤੰਤਰਤਾ ਦਾ
ਅਨੁਭਵ, ਮਨੁੱਖੀ ਜੀਵਨ ਤੇ ਨਿੱਤ ਦੇ ਕਾਰਾਂ ਵਿਹਾਰਾਂ, ਧੰਦਿਆਂ ਅਤੇ ਰੁਝੇਵਿਆਂ ਦੇ
ਬੇਸ਼ੁਮਾਰ ਦ੍ਰਿਸ਼ ਰੂਪਮਾਨ ਹੁੰਦੇ ਹਨ। ਫ਼ਰੀਦ ਦੇ ਕਾਵਿ ਵਿੱਚ ਮਨੁੱਖ ਆਪਣੀ ਹੋਂਦ ਦੇ
ਸੰਕਟ ਦੇ ਸਨਮੁੱਖ ਹੈ। ਸ਼ੇਖ਼ ਫ਼ਰੀਦ ਮਨੁੱਖ ਨੂੰ ਕਾਲ ਦੇ ਮੂੰਹ ਵਿੱਚ ਆਏ ਹੋਏ ਰੂਪ ਵਿੱਚ
ਪੇਸ਼ ਕਰਦਾ ਹੈ।
ਫ਼ਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲਜੁ॥ ਅਜਰਾਈਲ ਫਰੇਸਤਾ ਕੈ ਘਰਿ ਨਾਠੀ ਅਜੁ॥
    ਸੂਫ਼ੀ ਕਾਵਿ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਅਨੈਤਿਕਤਾ ਇੱਕ ਮਹਾਂ ਪਾਪ ਹੈ ਜਿਸ ਨੂੰ
ਕਦੀ ਖਿਮਾ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਦੁਰਾਚਾਰੀ ਨੂੰ ਕੋਈ ਵੀ ਆਪਣੇ ਨਾਲ ਰੱਖਣਾ
ਪਸੰਦ ਨਹੀਂ ਕਰਦਾ ਹੈ। ਸੁਨੈਤਿਕਤਾ ਇੱਕ ਅਜਿਹਾ ਉੱਤਮ ਗੁਣ ਹੈ ਜਿਸ ਕਾਰਨ ਗਿਆਨ ਦੀ
ਘਾਟ ਦੀ ਪੂਰਤੀ ਹੋ ਜਾਂਦੀ ਹੈ। ਕਿਸੇ ਪ੍ਰਾਣੀ ਦੀ ਮਾਨਵਤਾ ਅਤੇ ਉਸ ਦੇ ਧਾਰਮਿਕ
ਵਿਸ਼ਵਾਸ ਦੀ ਕਮਾਲ ਇਹ ਹੈ ਕਿ ਉਹ ਸਦਾਚਾਰੀ ਹੋਵੇ। ਸੂਫ਼ੀ ਵਾਦ ਚੰਗੇ ਅਖ਼ਲਾਕ ਤੋਂ ਛੁੱਟ
ਹੋਰ ਕੁੱਝ ਨਹੀਂ। ਸੂਫ਼ੀ ਸਾਹਿੱਤ ਵਿੱਚ ਦਸ ਗੁਣ ਅਜਿਹੇ ਹਨ ਜਿਨ੍ਹਾਂ ਨੂੰ ਸੁਨੈਤਿਕਤਾ
ਦਾ ਵਿਸ਼ੇਸ਼ ਲੱਛਣ ਮੰਨਿਆ ਗਿਆ ਹੈ। ਸੂਫ਼ੀ ਕਾਵਿ ਵਿੱਚ ਔਗੁਣਾਂ ਤੋਂ ਬਚ ਕੇ ਗੁਣਾਂ ਨੂੰ
ਗ੍ਰਹਿਣ ਕਰਨ ਦੀ ਸਿੱਖਿਆ ਦਿੱਤੀ ਗਈ ਹੈ।
    ਸੂਫ਼ੀ ਸਾਹਿੱਤ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਚਾਰਧਾਰਾ ਸਾਧਾਰਨ, ਮਨੁੱਖ ਦਾ
ਪੱਖ ਪੂਰਦੀ ਹੈ। ਸਾਧਾਰਨ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਨ ਦੇ ਪੱਖ ਵਿੱਚ ਗੱਲ ਕੀਤੀ
ਜਾਂਦੀ ਹੈ। ਸੂਫ਼ੀ ਸਾਹਿੱਤ ਦੀ ਵੱਡੀ ਵਿਸ਼ੇਸ਼ਤਾ ਸ਼ਰ੍ਹਾ ਦੀ ਕੱਟੜਪ੍ਰਸਤੀ ਵਿਰੁੱਧ
ਵਿਦਹੋਰ ਤੇ ਉਦਾਰਵਾਦੀ ਮਾਨਵਵਾਦ ਵਾਲਾ ਦ੍ਰਿਸ਼ਟੀਕੋਣ ਸੀ, ਜੋ ਲੋਕਾਂ ਵਿੱਚ ਬੜਾ ਹਰਮਨ
ਪਿਆਰਾ ਹੋਇਆ। ਪੰਜਾਬੀ ਸੂਫ਼ੀ ਕਵੀਆਂ ਨੇ ਭਾਰਤੀ ਭਗਤੀ ਕਾਵਿ ਉਦਾਰਤਵਾਦੀ ਤੇ ਮਾਨਵਵਾਦੀ
ਕਦਰਾਂ-ਕੀਮਤਾਂ ਨੂੰ ਵੀ ਅਪਣਾਇਆਂ, ਪ੍ਰਚਾਰਿਆਂ ਤੇ ਸਦਾਚਾਰ ਨੂੰ ਕਦੇ ਵੀ ਅੱਖੋਂ
ਪਰੋਖੇ ਨਹੀਂ ਕੀਤਾ।
    ਸੂਫ਼ੀਆਂ ਦਾ ਵਿਸ਼ਵਾਸ ਹੈ ਕਿ ਹਰ ਸ਼ੈ ਜਿਹੜੀ ਹੋਂਦ ਵਿੱਚ ਆਉਂਦੀ ਹੈ, ਰੱਬ ਦ ਆਵੇਸ਼
ਹੁੰਦੀ ਹੈ। ਮਨੁੱਖ ਦਾ ਨਿਸ਼ਾਨਾ ਪ੍ਰਮਾਤਮਾ ਨਾਲ ਏਕਤਾ ਪ੍ਰਾਪਤ ਕਰਨਾ ਹੈ, ਜਿਵੇਂ
ਬੁੱਲ੍ਹੇ ਸ਼ਾਹ ਇੱਕ ਥਾਂ ਤੇ ਕਹਿੰਦਾ ਹੈ।
        ਰਾਂਝਾ-ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋ, ਸਦੋਂ ਨੀ ਮੈਨੂੰ ਧੀਦੋ ਰਾਂਝਾ ਹੀਰ ਨ ਆਖੋ ਕੋਈ।
    ਸੂਫ਼ੀ ਕਾਵਿ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਵੀ ਹੈ, ਕਿ ਜਿੱਥੇ ਇਸ ਨੇ ਭਾਵ
ਪ੍ਰਗਟਾਵੇ ਵਾਸਤੇ ਲੋਕ ਜੀਵਨ ਵਿਚੋਂ ਪ੍ਰਚੱਲਿਤ ਕਾਵਿ-ਰੂਪ ਅਪਣਾਏ ਉੱਥੇ ਉਨ੍ਹਾਂ ਵਿੱਚ
ਵਿਚਿੱਤਰ ਸੰਗੀਤਕ ਲੈਅ ਭਰ ਦਿੱਤੀ। ਇਹੀ ਕਾਰਨ ਹੈ ਕਿ ਸੂਫ਼ੀ ਕਵਿਤਾ ਗਾਈ ਜਾਣ ਵਾਲੀ ਹੈ
ਅਤੇ ਸਦੀਆਂ ਬੀਤ ਜਾਣ ਪਿੱਛੋਂ ਵੀ ਇਹ ਸੱਜਰੀ ਅਤੇ ਨਰੋਈ ਹੈ।
    ਸੂਫ਼ੀ ਕਾਵਿ ਵਿੱਚ ਬਾਬਾ ਫ਼ਰੀਦ ਦੇ ਵਿਅਕਤਿਤਵ ਅਤੇ ਪ੍ਰਭਾਵ ਦੀ ਵਿਸ਼ੇਸ਼ਤਾ ਇਸ ਗੱਲ
ਵਿੱਚ ਹੈ ਕਿ ਆਪ ਨੇ ਸੂਫ਼ੀਮਤ ਦੇ ਰੂਹਾਨੀ ਅਤੇ ਅਖ਼ਲਾਕੀ ਆਦਰਸ਼ ਨੂੰ ਪੰਜਾਬੀ ਭਾਸ਼ਾ ਦੇ
ਮਾਧਿਅਮ ਦੁਆਰਾ ਪ੍ਰਸਤੁਤ ਕਰਨ, ਦੀ ਇੱਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਕਾਵਿ ਪਰੰਪਰਾ ਦਾ
ਸੰਸਥਾਪਨ ਕੀਤਾ।
    ਸੂਫ਼ੀਆਂ ਨੇ ਇਸ਼ਕ ਮਜਾਜ਼ੀ ਨੂੰ ਇਸ਼ਕ ਹਕੀਕੀ ਦਾ ਪੁਲ ਆਖਿਆ ਹੈ। ਉਹ ਕਹਿੰਦੇ ਹਨ ਕਿ
ਕਿਸੇ ਬੰਦੇ ਨਾਲ ਪਿਆਰ ਕੀਤੇ ਬਿਨਾਂ ਰੱਬ ਨਾਲ ਪਿਆਰ ਨਹੀਂ ਪਾਇਆ ਜਾ ਸਕਦਾ, ਰੱਬ ਹੀ
ਮਹਿਬੂਬ ਇ-ਅਜ਼ਾਲੀ ਹੈ, ਇਸ ਦੇ ਹੁਸਨ ਦੀਆਂ ਲਾਟਾਂ ਨਾਲ ਇਹ ਸਾਰਾ ਜੱਗ ਲਿਸ਼ਕ ਰਿਹਾ ਹੈ।
ਜੁਨੈਦ ਬਗਦਾਦੀ, ਬਸਰੀ, ਸੱਮਸ਼ ਤਬਰੇਜ਼, ਹੂਮ ਅਤੇ ਰਹਿਮਾਨ ਜਾਮੀ ਨੇ ਬੜੇ ਜੋਸ਼ ਖਰੋਸ਼
ਨਾਲ ਇਸ਼ਕ ਹਕੀਕੀ ਦੇ ਗੁਣ ਗਾਏ ਹਨ। ਉਹ ਕਹਿੰਦੇ ਹਨ ਕਿ ਬੰਦੇ ਦਾ ਇਖ਼ਲਾਕੀ ਵੀ ਇਸ਼ਕ
ਬਗੈਰ ਸੰਵਾਰਿਆ ਨਹੀਂ ਜਾ ਸਕਦਾ। ਇਸ਼ਕ ਬੰਦੇ ਦੇ ਦਿਲ ਵਿਚੋਂ ਆਕੜ ਤੇ ਖ਼ੁਦੀ ਦਾ ਖੋਟ
ਕਪਟ ਕੱਢ ਦਿੰਦਾ ਹੈ ਤੇ ਉਸ ਨੂੰ ਲੋਕ ਪਿਆਰ ਦਾ ਸਬਕ ਦਿੰਦਾ ਹੈ।
    ਸੂਫ਼ੀਆ ਨੇ ਆਪਣੀ ਬਾਣੀ ਵਿਚ ਆਤਮਾ ਦੇ ਪ੍ਰਮਾਤਮਾ ਨਾਲ ਮੇਲ ਦੀ ਗੱਲ ਕੀਤੀ ਹੈ।
ਅਜਿਹਾ ਕਰਨ ਨਾਲ ਮਨੁੱਖ ਨੂੰ ਆਪਣੇ ਅਧਿਆਤਮਕ ਰਹੱਸ ਦੇ ਅੰਦਰਲੇ ਸੱਚ ਦੀ ਜਾਣਕਾਰੀ
ਹੁੰਦੀ ਹੈ। ਭਾਵ ਉਹ ਬਾਹਰਲੇ ਬਨਾਵਟੀ ਦਿਖਾਵੇ ਤੋਂ ਮੁਕਤ ਹੋ ਜਾਂਦਾ ਹੈ।
ਬੁੱਧੀਜੀਵੀਆਂ ਅਨੁਸਾਰ ”ਮਨੁੱਖੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ‘ਫ਼ਨਾਹ’ ਜਾਂ ‘ਬਕਾਅ’ ਨੂੰ
ਮੰਨਿਆ ਹੈ, ਜੋ ਬੰਦੇ ਦੇ ਅਕਾਲ ਪੁਰਖ ਪ੍ਰਮਾਤਮਾ ਵਿੱਚ ਅਭੇਦ ਹੋਣ ਦੀ ਹੀ ਸਥਿਤੀ
ਹੈ।” ਸੂਫ਼ੀ ਵਾਦ ਨੇ ਇੱਥੇ ਮੂਲ ਅਧਿਆਤਮਕ ਆਦਰਸ਼ ਦੀ ਪ੍ਰਾਪਤੀ ਦਾ ਰਹੱਸਵਾਦੀ ਮਾਰਗ
ਪ੍ਰਸਤੁਤ ਕੀਤਾ ਹੈ।
    ਸੂਫ਼ੀਆਂ ਨੇ ਮਨੁੱਖੀ ਜੀਵਨ ਦੇ ਅਧਿਆਤਮਕ ਆਦਰਸ਼ ਦੀ ਪੂਰਤੀ ਲਈ ਇੱਕ ਵਿਸ਼ੇਸ਼ ਪ੍ਰਕਾਰ
ਦੀ ਵਿਸ਼ਵ ਦ੍ਰਿਸ਼ਟੀ ਦਾ ਵਿਕਾਸ ਕੀਤਾ। ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਅਗਰ ਸੂਫ਼ੀ
ਮਤ ਨੂੰ ਸਮਝਣਾ ਹੈ ਤਾਂ ਵਿਸ਼ਵ ਦ੍ਰਿਸ਼ਟੀ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ
ਹੈ।
        ਸੂਫ਼ੀ ਰਚਨਾਵਾਂ ਤੇ ਇਸ ਦੇ ਰਚੇਤਾ ਜੋ ਕਿ ਆਪਣੇ ਪੂਰਨ ਅਨੰਦ ਵਿਚ ਅਕਾਲ ਪੁਰਖ
ਪ੍ਰਮਾਤਮਾ ਦੁਆਰਾ ਸਜਾਈ ਇਸ ਕੁਦਰਤ ਦੇ ਹਰ ਰੰਗ ਨੂੰ ਚਾਹੇ ਦੁੱਖ ਜਾਂ ਸੁੱਖ ਹੋਵੇ ਉਸ
ਨੂੰ ਕਲਮਬੰਦ ਜਾਂ ਗਾ ਕੇ ਹੋਰਾਂ ਲਈ ਸੁਚੱਜੇ ਜੀਵਨ ਜਾਚ ਦਾ ਗਿਆਨ ਦਿੰਦੇ ਹਨ ਉਨ੍ਹਾਂ
ਮਹਾਨ ਰੂਹਾਂ ਨੂੰ ਸਦਾ ਨਤਮਸਤਕ ਸਾਡਾ ਸੁਭਾਗ ਹੋਣਾ ਸਾਡੇ ਧਾਰਮਿਕ, ਵਿਰਸੇ ਅਤੇ
ਸਭਿਆਚਾਰ ਲਈ ਮਾਣ ਵਾਲੀ ਗੱਲ ਹੈ।
                                                ਹਰਮਿੰਦਰ ਸਿੰਘ ਭੱਟ
                                                ਬਿਸਨਗੜ੍ਹ (ਬਈੲਵਾਲ)
                                              ਸੰਗਰੂਰ 09914062205 GM          

 

 

Follow me on Twitter

Contact Us