Awaaz Qaum Di

ਸੁਪਨਾ

       
ਦਲਬੀਰ ਸਿੰਘ ਫੌਜੀ ਨੇ ਫੌਜ ਦੀ ਨੌਕਰੀ ਪੂਰੀ ਕਰਕੇ ਪੈਂਨਸ਼ਨ ਆਉਂਦਿਆਂ ਸਾਰ ਹੀ ਪਿੰਡ ਦਿਆਂ ਕੰਮਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਫੌਜ ਵਿੱਚ ਰਹਿੰਦਿਆਂ ਜਦ ਓਹ ਕਿਸੇ ਆਦਰਸ਼ (ਸੁਧਾਰਕ) ਪਿੰਡ ਦੀ ਬਦਲੀ ਦਿੱਖ ਦੀ ਖਬਰ ਪੜ੍ਹਦਾ ਓਸੇ ਸਮੇਂ ਹੀ ਓਹ ਆਪਣੇ ਪਿੰਡ ਦੀ ਨੁਹਾਰ ਇਸ ਤਰ੍ਹਾਂ ਬਣਾਉਣ ਦੇ ਸੁਪਨੇ ਦਿਲ ਵਿੱਚ ਗੁੰਦਦਾ ਰਹਿੰਦਾ ਸੀ।
    ਪੈਂਨਸ਼ਨ ਆਉਣ ਤੋਂ ਬਾਅਦ ਦਲਬੀਰ ਨੇ ਸਮੁੱਚੇ ਪਿੰਡ ਦੀ ਤੇ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੇ ਅਧੂਰੇ ਪਏ ਕੰਮਾਂ ਨੂੰ ਪੂਰੀ ਕਰਨ ਦੀ ਠਾਣ ਲਈ ਸੀ। ਪਿੰਡ ਦੇ ਸਰਕਾਰੀ ਅਦਾਰਿਆਂ ਜਿਵੇਂ ਕਿ ਕੋਆਪਰੇਟਿਵ ਬੈਂਕ ਪੰਚਾਇਤ ਘਰ, ਡਿਸਪੈਂਸਰੀ ਤੇ ਆਰ ਓ ਆਦਿ ਦੀਆਂ ਉਣਤਾਈਆਂ ਨੋਟ ਕੀਤੀਆਂ ਤੇ ਸਬੰਧਿਤ ਮਹਿਕਮਿਆਂ ਵਿਚ ਪਹੁੰਚ ਕਰਕੇ ਸਰਪੰਚ ਨੂੰ ਨਾਲ ਲੈਕੇ ਇੱਕ ਸਾਲ ਦੇ ਵਿੱਚ ਹੀ ਪੂਰਾ ਕਰਵਾ ਦਿੱਤਾ। ਪਿੰਡ ਦੀਆਂ ਗਲੀਆਂ ਨਾਲੀਆਂ ਦੀਆਂ ਗ੍ਰਾਂਟਾਂ ਲੈ ਕੇ ਪੂਰੀਆਂ ਕਰਵਾਈਆਂ ,ਤੇ ਸ਼ਗਨ ਸਕੀਮ ਦੀਆਂ ਖੜੀਆਂ ਹੋਈਆਂ ਗ੍ਰਾਂਟਾਂ ਨੂੰ ਸਬੰਧਤ ਮਹਿਕਮੇ ਤੋਂ ਲੈਕੇ ਘਰ ਘਰ ਪਹੁੰਚਦਾ ਕੀਤਾ। ਪਿੰਡ ਦੇ ਲੋਕਾਂ ਵਿੱਚ ਦਲਬੀਰ ਪ੍ਰਤੀ ਸਤਿਕਾਰ ਤੇ ਸ਼ਰਧਾ ਵਧਦੀ ਹੀ ਜਾ ਰਹੀ ਸੀ। ਕਿਉਂਕਿ ਉਸਨੇ ਆਪਣੇ ਘਰ ਦੇ ਕੰਮਾਂ ਨਾਲੋਂ ਪਿੰਡ ਦੇ ਕੰਮਾਂ ਵਿੱਚ ਦਿਲਚਸਪੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ। ਇੱਕ ਰਿਟਾਇਰ ਫੌਜੀ ਦੀ ਸਰਕਾਰੇ ਦਰਬਾਰੇ ਸੁਣੀ ਜਾਂਦੀ ਕਰਕੇ ਦਲਬੀਰ ਦੇ ਸਾਰੇ ਕੰਮ ਹੀ ਜਲਦੀ ਜਲਦੀ ਹੋ ਜਾਂਦੇ।
     ਤਿੰਨ ਸਾਲਾਂ ਮਗਰੋਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਦਲਬੀਰ ਨੇ ਸਰਪੰਚੀ ਲਈ ਪਿੰਡ ਦੇ ਸਤਿਕਾਰਤ ਬਜ਼ੁਰਗਾਂ ਚੋਂ ਇੱਕ ਨੂੰ ਪੂਰੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈਕੇ ਸਰਪੰਚੀ ਲਈ ਜਦ ਉਸ ਦੇ ਘਰ ਜਾਕੇ ਸਰਬਸੰਮਤੀ ਕਰਨ ਲਈ ਕਿਹਾ ਤਾਂ ਅੱਗੋਂ ਮਹਿੰਦਰ ਸਿੰਘ ਨੇ ਸਾਰੇ ਹੀ ਪਿੰਡ ਦੇ ਮੋਹਤਬਰਾਂ ਦੇ ਤੇ ਸਮੁੱਚੇ ਪਿੰਡ ਤੇ ਭਾਈਚਾਰੇ ਦੇ ਸਾਹਮਣੇ ਪਰ੍ਹੇ ਪੰਚਾਇਤ ਵਿੱਚ ਕਹਿ ਦਿੱਤਾ ਕਿ ਪੁੱਤਰਾ ਅਸੀਂ ਤਾਂ ਅੱਜ ਦਾ ਦਿਨ ਸੁੱਖਾਂ ਸੁੱਖ ਸੁੱਖ ਕੇ ਲਿਆਂਦਾ ਹੈ। ਅਸੀਂ ਸਮੁੱਚੇ ਪਿੰਡ ਨੇ ਤੇਰੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਹਿਲੀ ਬਣੀ ਪੰਚਾਇਤ ਨੇ ਆਪਣੇ ਕੋਰਮ ਵਿਚ ਦੋ ਸਾਲ ਪਹਿਲਾਂ ਹੀ ਤੈਨੂੰ ਸਰਬਸੰਮਤੀ ਨਾਲ ਸਰਪੰਚ ਨਾਮਜ਼ਦ ਕੀਤਾ ਹੋਇਆ ਹੈ, ਤੇ ਹੁਣ ਚੋਣਾਂ ਦਾ ਬਿਗੁਲ ਸਰਕਾਰ ਵਲੋਂ ਵੱਜ ਚੁਕਾ ਹੈ, ਤੇ ਸਿਰਫ਼ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਸਾਨੂੰ ਤਾਂ ਤੇਰੇ ਵਰਗੇ ਅਣਥੱਕ ਮਿਹਨਤੀ ਸਰਪੰਚ ਦੀ ਬਹੁਤ ਦੇਰ ਤੋਂ ਲੋੜ ਸੀ,ਜੋ ਸਮੁੱਚੇ ਪਿੰਡ ਨੂੰ ਨਾਲ ਲੈਕੇ ਕਿਸੇ ਭੇਦ-ਭਾਵ ਤੋਂ ਬਿਨਾਂ ਪਿੰਡ ਦੇ ਸਾਂਝੇ ਕੰਮਾਂ ਨੂੰ ਕਰਵਾ ਕੇ ਇਕ ਨਮੂਨੇ ਦਾ ਪਿੰਡ ਬਣਾ ਸਕੇ।ਸੋ ਓਹ ਸਾਡੇ ਦਿਲ ਦੀ ਤਮੰਨਾ ਅੱਜ ਵਾਹਿਗੁਰੂ ਜੀ ਨੇ ਪੂਰੀ ਕਰ ਦਿੱਤੀ ਹੈ। ਅਸੀਂ ਸਮੁੱਚੇ ਪਿੰਡ ਨੇ ਹੀ ਤੈਨੂੰ ਅੱਜ ਤੋਂ ਹੀ ਸਰਪੰਚ ਮੰਨ ਲਿਆ ਹੈ।
   ਦਲਬੀਰ ਨੂੰ ਫੌਜ ਵਿੱਚ ਸੋਚੇ ਸੁਪਨੇ ਨੂੰ ਅੱਜ ਬੂਰ ਪੈਂਦਾ ਨਜ਼ਰੀਂ ਆਇਆ। ਪਿੰਡ ਦੇ ਬਾਕੀ ਰਹਿੰਦੇ ਅਧੂਰੇ ਕਾਰਜਾਂ ਦਾ ਭਾਰ ਵੀ ਉਸ ਦੇ ਮੋਢਿਆਂ ਤੇ ਆਣ ਪਿਆ।ਜਿਸ ਨੂੰ ਉਸ ਨੇ ਖਿੜੇ ਮੱਥੇ ਪ੍ਰਵਾਨ ਕਰ ਕੇ ਨੇਪਰੇ ਚਾੜ੍ਹਨ ਲਈ ਮਨ ਬਣਾ ਲਿਆ ਸੀ।

-ਜਸਵੀਰ ਸ਼ਰਮਾਂ ਦੱਦਾਹੂਰ  95691-49556
ਸ੍ਰੀ ਮੁਕਤਸਰ ਸਾਹਿਬ GM

 

 

Follow me on Twitter

Contact Us