Awaaz Qaum Di

ਚੋਣ ਹਲਫ਼ਨਾਮੇ ਵਿੱਚ ਅਪਰਾਧਿਕ ਮਾਮਲੇ ਲੁਕਾਉਣ ਤੇ ਫੜਨਵੀਸ ਤਲਬ

ਨਾਗਪੁਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨਾਗਪੁਰ ਦੀ ਇਕ ਅਦਾਲਤ ਨੇ ਚੋਣ ਹਲਫ਼ਨਾਮੇ ‘ਚ ਆਪਣੇ ਖ਼ਿਲਾਫ਼ ਦੋ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕਾਉਣ ਬਾਰੇ ਦਾਖ਼ਲ ਅਰਜ਼ੀ ‘ਤੇ ਸੰਮਨ ਜਾਰੀ ਕੀਤਾ ਹੈ। ਨਾਗਪੁਰ ਸਦਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਹੀ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਅਦਾਲਤ ਦਾ ਸੰਮਨ ਸੌਂਪ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਨਾਗਪੁਰ ਤੋਂ ਵਿਧਾਨ ਸਭਾ ਮੈਂਬਰ ਚੁਣੇ ਗਏ ਹਨ। ਫੜਨਵੀਸ ਖ਼ਿਲਾਫ਼ ਸੁਪਰੀਮ ਕੋਰਟ ਦੇ ਹੁਕਮ ‘ਤੇ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਨਾਗਪੁਰ ਦੇ ਇਕ ਵਕੀਲ ਸਤੀਸ਼ ਉਕੇ ਨੇ 2014 ‘ਚ ਹੀ ਅਦਾਲਤ ‘ਚ ਅਰਜ਼ੀ ਦਾਖ਼ਲ ਕਰ ਕੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਸੀ ਜਿਹੜੀ ਮੈਜਿਸਟ੍ਰੇਟ ਕੋਰਟ ਨੇ ਖਾਰਜ ਕਰ ਦਿੱਤੀ ਸੀ। ਬਾਅਦ ‘ਚ ਬਾਂਬੇ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਨੂੰ ਰਾਹਤ ਦਿੰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕਾਇਮ ਰੱਖਿਆ ਸੀ। ਪਰ ਸੁਪਰੀਮ ਕੋਰਟ ਨੇ ਪਹਿਲੀ ਅਕਤੂਬਰ ਨੂੰ ਮੈਜਿਸਟ੍ਰੇਟ ਕੋਰਟ ਨੂੰ ਵਕੀਲ ਉਕੇ ਦੀ ਅਰਜ਼ੀ ‘ਤੇ ਸੁਣਵਾਈ ਦੀ ਦਿਸ਼ਾ ‘ਚ ਅੱਗੇ ਵਧਣ ਦਾ ਨਿਰਦੇਸ਼ ਦਿੱਤਾ ਸੀ। ਮੈਜਿਸਟ੍ਰੇਟ ਕੋਰਟ ਨੇ ਪਹਿਲੀ ਨਵੰਬਰ ਨੂੰ ਭਾਜਪਾ ਨੇਤਾ ਖ਼ਿਲਾਫ਼ ਅਪਰਾਧਿਕ ਪ੍ਰਕਿਰਿਆ ਸ਼ੁਰੂ ਕਰਨ ਦੀ ਅਰਜ਼ੀ ਸਵੀਕਾਰ ਕਰ ਲਈ।
ਫੜਨਵੀਸ ਖ਼ਿਲਾਫ਼ 1996 ਤੇ 1998 ‘ਚ ਜਾਲਸਾਜ਼ੀ ਤੇ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਸਨ। ਦੋਵਾਂ ਮਾਮਲਿਆਂ ‘ਚ ਉਨ੍ਹਾਂ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਗਏ ਸਨ। ਉਕੇ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਮੁੱਖ ਮੰਤਰੀ ਨੇ 2014 ਦੇ ਆਪਣੇ ਚੋਣ ਹਲਫ਼ਨਾਮੇ ‘ਚ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਨਾਲ ਸਬੰਧਤ ਇਹ ਪ੍ਰਕਿਰਿਆ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਮਹਾਰਾਸ਼ਟਰ ‘ਚ ਇਕ ਦਿਨ ਪਹਿਲਾਂ ਸ਼ਿਵਸੈਨਾ ਦੀ ਅਗਵਾਈ ਵਾਲੇ ਗਠਜੋੜ ਦੀ ਸਰਕਾਰ ਨੇ ਸਹੁੰ ਚੁੱਕੀ ਹੈ। MP

 

 

Follow me on Twitter

Contact Us