Awaaz Qaum Di

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੋਸ਼ੀਲੇ ਬਚਨ ਸੁਣ ਕੇ ਅਸੀਂ ਜਾਨਾਂ ਵਾਰਨ ਲਈ ਤਿਆਰ ਹੋ ਗਏ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹਿਨਾ ਦੇ ਰਹਿਣ ਵਾਲ਼ੇ ਬਾਪੂ ਅਵਤਾਰ ਸਿੰਘ ਜੀ ਪੂਰੇ ਮਾਣ ਨਾਲ਼ ਆਪਣੀ ਛਾਤੀ ‘ਤੇ ਹੱਥ ਮਾਰ ਕੇ ਕਹਿੰਦੇ ਕਿ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆ ਦੇ ਜੋਸ਼ੀਲੇ ਬਚਨ ਸੁਣ ਕੇ ਸਾਡੇ ਡੋਲ਼ਿਆਂ ‘ਚ ਜਾਨ ਆ ਗਈ ਤੇ ਅਸੀ ਜਾਨਾਂ ਵਾਰਨ ਲਈ ਤਿਆਰ ਹੋ ਗਏ ਕਿਉਂਕਿ ਸੰਤਾਂ ਦੇ ਦਰਸ਼ਨ ਕਰਕੇ ਸਾਡਾ ਸਿੱਖੀ ਪ੍ਰਤੀ ਪਿਆਰ ਅਤੇ ਪੰਥਕ ਜਜ਼ਬਾ ਜਾਗ ਪਿਆ, ਸਾਨੂੰ ਕਿਸੇ ਸਰਕਾਰ ਦਾ ਭੈਅ ਨਾ ਰਿਹਾ ਤੇ ਅਸੀਂ ਦਾਰਾ ਸਿੰਘ ਭਲਵਾਨ ਤੋਂ ਵੀ ਜਿਆਦਾ ਤਾਕਤਵਰ ਬਣ ਗਏ। ਮਨ ਕਰਦਾ ਸੀ ਕਿ ਸਿੱਖੀ ਖਾਤਰ ਅਸੀਂ ਵੀ ਪੁਰਾਤਨ ਸਿੰਘਾਂ ਵਾਂਗ ਦੁਸ਼ਮਣਾਂ ਨਾਲ ਜੂਝੀਏ ਤੇ ਸ਼ਹੀਦੀਆਂ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

ਬਾਪੂ ਜੀ ਕਹਿੰਦੇ ਕਿ ਸੰਤ ਭਿੰਡਰਾਂਵਾਲ਼ੇ ਜਦ ਪ੍ਰਕਰਮਾਂ ‘ਚ ਜਥੇ ਸਮੇਤ ਤੁਰਦੇ ਸਨ ਤਾਂ ਇੱਕ ਵਾਰ ਤਾਂ ਹਵਾ ਵੀ ਰੁਕ ਜਾਂਦੀ ਸੀ, ਇੰਝ ਲਗਦਾ ਸੀ ਜਿਵੇਂ ਸਾਰੀ ਦੁਨੀਆਂ ਦਾ ਬਾਦਸ਼ਾਹ ਆਪਣੀਆਂ ਫੌਜਾਂ ਸਮੇਤ ਪੂਰੇ ਜਾਹੋ-ਜਲਾਲ ਨਾਲ ਧਰਤੀ ਦੇ ਚੱਕਰ ਲਾ ਰਿਹਾ ਹੋਵੇ।

ਬਾਪੂ ਜੀ ਕਹਿੰਦੇ ਕਿ ਮੈਂ ਆਪਣੀ ਜ਼ਿੰਦਗੀ ‘ਚ ਸਿਰਫ਼ ਇੱਕੋ ਅਸਲੀ ਸੰਤ ਵੇਖਿਆ ਜੋ ਮੈਨੂੰ ਸਚਮੁੱਚ ਰੱਬ ਦਾ ਦੂਜਾ ਰੂਪ ਨਜ਼ਰ ਆਇਆ ਉਹ ਸਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ। ਉਸ ਬੱਬਰ ਸ਼ੇਰ ਦੀਆਂ ਕਿਆ ਬਾਤਾਂ ਸਨ, ਇਹ ਕਹਿੰਦੇ ਹੋਏ ਬਾਪੂ ਜੀ ਬੜੇ ਭਾਵੁਕ ਹੋ ਗਏ।

ਜ਼ਿਕਰਯੋਗ ਹੈ ਕਿ ਜਦ ਅਸੀਂ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਜੁਝਾਰੂ ਸ਼ਹੀਦ ਭਾਈ ਬਲਬੀਰ ਸਿੰਘ ਜੀ ਚੰਗਿਆੜਾ ਦਾ ਇਤਿਹਾਸ ਲਿਖਣ ਉਹਨਾਂ ਦੇ ਪਿੰਡ ਗਏ ਤਾਂ ਓਦੋਂ ਉਹਨਾਂ ਦੇ ਪਿਤਾ ਸ. ਅਵਤਾਰ ਸਿੰਘ ਜੀ ਨੇ ਬੀਤੇ ਪਲਾਂ ਦੀਆਂ ਇਹ ਗੱਲਾਂ ਸਾਡੇ ਨਾਲ਼ ਸਾਂਝੀਆ ਕੀਤੀਆਂ ਸਨ।

ਬਾਪੂ ਜੀ ਬੜੀ ਚੜ੍ਹਦੀ ਕਲਾ ਵਾਲੇ ਪੂਰਨ ਗੁਰਸਿੱਖ ਹਨ ਉਹਨਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਕਈ ਵਾਰ ਗ੍ਰਿਫਤਾਰੀਆਂ ਦਿੱਤੀਆਂ ਸਨ ਤੇ ਆਪਣੇ ਪਿੰਡੇ ‘ਤੇ ਹਿੰਦ ਹਕੂਮਤ ਦਾ ਵਹਿਸ਼ੀਆਨਾ ਤਸ਼ੱਦਦ ਝੱਲਿਆ ਹੈ। ਬਾਪੂ ਜੀ ਨੂੰ ਇਸ ਗੱਲ ‘ਤੇ ਬੇਹੱਦ ਫਖ਼ਰ ਹੈ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਨੇ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ‘ਚ ਉਹਨਾਂ ਨੂੰ ਫੁੱਲਾਂ ਦਾ ਸਿਹਰਾ ਅਤੇ ਸਿਰੋਪਾਉ ਪਾ ਕੇ ਖ਼ਾਲਸਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਹਜਾਰਾਂ ਸੰਗਤਾਂ ਦੀ ਹਾਜਰੀ ‘ਚ ਸਨਮਾਨਿਤ ਕੀਤਾ ਸੀ।

– ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883.ਮੋ: GM

 

 

Follow me on Twitter

Contact Us