Awaaz Qaum Di

ਕਬੱਡੀ ‘ਤੇ ਹਾਕੀ ਦੀਆਂ ਨਾਮੀ ਟੀਮਾਂ ਲੈਣਗੀਆਂ ਹਿੱਸਾ

ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ  ਦਾ ਪੋਸਟਰ ਹੋਇਆ ਰਿਲੀਜ਼, ਖੇਡਾਂ 13  ਤੋਂ

ਨਵ-ਵਿਆਹੀ ਦੁਲਹਨ ਵਾਂਗ ਸਜ-ਧਜ ਗਿਆ ਹੈ ਜਰਖੜ ਖੇਡ ਸਟੇਡੀਅਮ

ਲੁਧਿਆਣਾ, (Harminder makkar) – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਮਾਡਰਨ ਪੇਂਡੂ ਮਿਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ 13,14 ਤੇ 15 ਦਸੰਬਰ ਨੂੰ 5 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਣਗੀਆਂ। ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜਰਖੜ ਸਟੇਡੀਅਮ ਵਿਖੇ ਹੋਈ ਮੀਟਿੰਗ ਦੌਰਾਨ ਖੇਡਾਂ ਦੀਆਂ ਅੰਤਿਮ ਤਿਆਰੀਆਂ ਦੀਆਂ ਜਾਇਜ਼ਾ ਲਿਆ ਗਿਆ। ਕੋਕਾ-ਕੋਲਾ ਅਤੇ ਏਵਨ ਸਾਈਕਲ ਕੰਪਨੀ ਵੱਲੋਂ ਜਰਖੜ ਖੇਡ ਸਟੇਡੀਅਮ ਨੂੰ ਨਵ-ਵਿਆਹੀ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਜਰਖੜ ਖੇਡਾਂ ਦਾ ਪੋਸਟਰ ਕੈਪਟਨ ਸੰਦੀਪ ਸੰਧੂ, ਰਾਜਸੀ ਸਕੱਤਰ, ਮੁੱਖ ਮੰਤਰੀ ਪੰਜਾਬ ਅਤੇ ਜਰਖੜ ਖੇਡਾਂ ਦੇ ਪ੍ਰਬੰਧਕਾਂ ਨੇ ਰਲੀਜ਼ ਕੀਤਾ।

ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਮੋਹਣਾਂ ਜੋਧਾਂ ਸਿਆਟਲ  ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ‘ਚ ਨਾਇਬ ਸਿੰਘ ਗਰੇਵਾਲ ਆਲ ਓਪਨ ਕਬੱਡੀ ਕੱਪ, ਲਈ 8 ਨਾਮੀ ਟੀਮਾਂ ਖੇਡਣਗੀਆਂ ਜਿੰਨ੍ਹਾਂ ‘ਚ ਸੁਪਰ ਸਟਾਰ ਖਿਡਾਰੀ ਆਪਣੇ ਕਬੱਡੀ ਹੁਨਰ ਦੇ ਜੌਹਰ ਵਿਖਾਉਣਗੇ ਜਦਕਿ ਮੋਹਿੰਦਰਪ੍ਰਤਾਪ ਗਰੇਵਾਲ ਹਾਕੀ ਕੱਪ ਲਈ ਮਰਦਾਂ ਤੇ ਇਸਤਰੀਆਂ ਦੇ ਵਰਗ ‘ਚ 30 ਟੀਮਾਂ ਹਿੱਸਾ ਲੈਣਗੀਆਂ। ਜਿਨ੍ਹਾਂ ਵਿੱਚ ਕੁੜੀਆਂ ਦੇ ਵਰਗ ਵਿੱਚ ਆਰ ਸੀ ਐੱਫ ਕਪੂਰਥਲਾ, ਸੋਨੀਪਤ ਹਾਕੀ ਸੈਂਟਰ, ਇਨਕਮ ਟੈਕਸ ਦਿੱਲੀ, ਐੱਨ ਆਈ ਐੱਸ ਪਟਿਆਲਾ, ਸੀਆਰਪੀਐੱਫ, ਪੰਜਾਬ ਇਲੈਵਨ ਜਲੰਧਰ ਆਦਿ ਟੀਮਾਂ ਦੀ ਐਂਟਰੀ ਪੱਕੀ ਹੋ ਚੁੱਕੀ ਹੈ  ਇਸ ਤੋਂ ਇਲਾਵਾ ਕਬੱਡੀ ਨਿਰੋਲ ਇੱਕ ਪਿੰਡ ਓਪਨ ਧਰਮ ਸਿੰਘ ਜਰਖੜ ਯਾਦਗਾਰੀ ਕੱਪ, ਅਮਰਜੀਤ ਸਿੰਘ ਗਰੇਵਾਲ ਕੱਪ ਵਾਲੀਬਾਲ ਸ਼ੂਟਿੰਗ ਮੀਡੀਅਮ (ਇੱਕ ਖਿਡਾਰੀ ਬਾਹਰਲਾ), ਕਾਲਜ ਪੱਧਰ ਦੀ ਕੁਸ਼ਤੀ ਲੀਗ ਮੁਕਾਬਲੇ, ਬਾਸਕਟਬਾਲ ਮੁੰਡੇ ਤੇ ਕੁੜੀਆਂ, ਹਾਕੀ ਅੰਡਰ-17 ਸਾਲ (ਲੜਕੇ), ਹਾਕੀ ਸੀਨੀਅਰ ਲੜਕੀਆਂ 7-ਏ ਸਾਈਡ, ਆਦਿ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ।   ਦਲਜੀਤ ਸਿੰਘ ਜਰਖੜ ਅਤੇ ਦਪਿੰਦਰ ਸਿੰਘ ਡਿੰਪੀ ਨੇ ਦੱਸਿਆ ਕਿ ਖੇਡਾਂ ਦਾ ਉਦਘਾਟਨੀ ਸਮਾਰੋਹ ਰਾਸ਼ਟਰ ਮੰਡਲ ਖੇਡਾਂ ਦੀ ਤਰਜ ‘ਤੇ ਹੋਏਗਾ। ਖਿਡਾਰੀਆਂ ਦੇ ਕਾਫਲੇ ਦੇ ਰੂਪ ‘ਚ ਓਲੰਪਿਕ ਖੇਡ ਮਸ਼ਾਲ ਭੁੱਟਾ ਕਾਲਜ ਤੋਂ ਰਵਾਨਾ ਹੋ ਕੇ ਜਰਖੜ ਸਟੇਡੀਅਮ ਪੁੱਜੇਗੀ ਜਿਸ ‘ਚ ਵੱਖ ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਇਲਾਵਾ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਅਤੇ ਹੋਰ ਗਿੱਧਾ-ਭੰਗੜਾ ਤੇ ਰੰਗਾਰੰਗ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਦਿੱਤੇ ਉਪਦੇਸ਼ ‘ਤੇ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਜਾਏਗੀ। ਅੱਜ ਦੀ ਮੀਟਿੰਗ ਵਿਚ ਵੱਖ ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ। ਕਬੱਡੀ ਆਲ ਓਪਨ ਦੀ ਚੈਂਪੀਅਨ ਟੀਮ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਇਕਬਾਲ ਸਿੰਘ ਗਰੇਵਾਲ ਮਨੀਲਾ ਤੇ ਜਸਪਾਲ ਸਿੰਘ ਗਰੇਵਾਲ ਮਨੀਲਾ  ਵੱਲੋਂ ਦਿੱਤੀ ਜਾਵੇਗੀ ਜਦਕਿ ਉਪਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਕੁਲਜੀਤ ਸਿੰਘ ਬਾਠ ਮਨੀਲਾ ਵੱਲੋਂ ਦਿੱਤੀ ਜਾਵੇਗੀ।ਕਬੱਡੀ ਨਿਰੋਲ ਇੱਕ ਪਿੰਡ ਓਪਨ ਦੀ ਜੇਤੂ ਟੀਮ ਨੂੰ 31 ਹਜਾਰ ਅਤੇ ਉੱਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦੀ ਇਨਾਮੀ ਨਾਲ ਸਨਮਾਨਿਆ ਜਾਵੇਗਾ ਜਦਕਿ ਮੋਹਿੰਦਰਪ੍ਰਤਾਪ ਗਰੇਵਾਲ ਚੈਰੀਟੇਬਲ ਟਰੱਸਟ ਵੱਲੋਂ ਹਾਕੀ ਮੁਕਾਬਲਿਆਂ ਲਈ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਏਗੀ। ਇਸ ਤੋਂ ਇਲਾਵਾ ਏਵਨ ਸਾਈਕਲ ਕੰਪਨੀ ਵੱਲੋਂ ਜੇਤੂ ਖਿਡਾਰੀਆਂ ਨੂੰ 100 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਖੇਡਾਂ ਦਾ ਉਦਘਾਟਨ ਸ੍ਰੀ ਭਰਤ ਭੂਸ਼ਣ ਆਸ਼ੂ, ਕੈਬਿਨੇਟ ਮੰਤਰੀ ਪੰਜਾਬ ਕਰਨਗੇ ਜਦਕਿ ਉਦਘਾਟਨੀ ਅਤੇ ਫਾਈਨਲ ਸਮਾਰੋਹ ਦੀ ਪ੍ਰਧਾਨਗੀ ਕੈਪਟਨ ਸੰਦੀਪ ਸਿੰਘ ਸੰਧੂ, ਰਾਜਸੀ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਕਰਨਗੇ।

ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਖੇਡਾਂ ਤੇ ਸਮਾਜਸੇਵੀ ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ ਜਿੰਨ੍ਹਾਂ ‘ਚ ਹਾਕੀ ਓਲੰਪੀਅਨ ਅਕਾਸ਼ਦੀਪ ਸਿੰਘ ਨੂੰ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ, ਖੇਡ ਪ੍ਰਮੋਟਰ ਸੁਰਜਨ ਚੱਠਾ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਹਾਕੀ ਸਟਾਰ ਗੁਰਜੀਤ ਕੌਰ ਨੂੰ ਮੋਹਿੰਦਰਪ੍ਰਤਾਪ ਗਰੇਵਾਲ ਐਵਾਰਡ, ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਮਨੁੱਖਤਾ ਦੀ ਸੇਵਾ ਬਦਲੇ ਭਗਤ ਪੂਰਨ ਸਿੰਘ ਐਵਾਰਡ, ਕਬੱਡੀ ਸਟਾਰ ਗੁਰਲਾਲ ਘਨੌਰ ਨੂੰ ਪੰਜਾਬ ਦਾ ਮਾਣ ਐਵਾਰਡ, ਭਾਰਤੀ ਟੀਮ ਦੇ ਮੁੱਕੇਬਾਜ਼ ਕੋਚ ਜੀ.ਐਸ ਸੰਧੂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ ਨਾਲ ਸਨਮਾਨਤ ਕੀਤਾ ਜਾਏਗਾ। ਇਸ ਤੋਂ ਇਲਾਵਾ ਉੱਘੇ ਫਿਲਮ ਕਲਾਕਾਰ ਕਰਮਜੀਤ ਅਨਮੋਲ ਨੂੰ ਜਗਦੇਵ ਸਿੰਘ ਜੱਸੋਵਾਲ ਐਵਾਰਡ ਨਾਲ ਸਨਮਾਨਿਆ ਜਾਏਗਾ। ਸਕੱਤਰ ਜਗਦੀਪ ਸਿੰਘ ਕਾਹਲੋਂ, ਤੇਜਿੰਦਰ ਸਿੰਘ ਜਰਖੜ ਨੇ ਦੱਸਿਆ ਕਿ  ਇਸ ਵਰ੍ਹੇ ਦੀਆਂ ਖੇਡਾਂ ਸਵਰਗੀ ਟਹਿਲ ਸਿੰਘ ਜਰਖੜ, ਹਾਕੀ ਕੋਚ ਸਵ. ਦਰਸ਼ਨ ਸਿੰਘ ਆਸੀ ਕਲਾਂ, ਜਰਖੜ ਹਾਕੀ ਅਕੈਡਮੀ ਦੇ ਖਿਡਾਰੀ ਸਵ ਸੁਖਵਿੰਦਰ ਸਿੰਘ ਸਰੀਂਹ ਨੂੰ ਸਮਰਪਿਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕਬੱਡੀ ਦੇ ਸਰਵੋਤਮ ਜਾਫੀ ਅਤੇ ਰੇਡਰਾਂ ਤੋਂ ਇਲਾਵਾ ਖੇਡ ਪ੍ਰਮੋਟਰਾਂ ਨੂੰ 5 ਮੋਟਰਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਇੰਸਪੈਕਟਰ ਬਲਬੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਦਲਜੀਤ ਸਿੰਘ ਜਰਖੜ ਕੈਨੇਡਾ, ਭੁਪਿੰਦਰ ਸਿੰਘ ਸਿੱਧੂ, ਪਹਿਲਵਾਨ ਹਰਮੇਲ ਸਿੰਘ ਕਾਲਾ, ਦਪਿੰਦਰ ਸਿੰਘ ਡਿੰਪੀ, ਰਜਿੰਦਰ ਸਿੰਘ ਜਰਖੜ, ਲਖਵੀਰ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ ਜਰਖੜ, ਸਰਪੰਚ ਬਲਜੀਤ ਸਿੰਘ ਗਿੱਲ, ਗੁਰਸਤਿੰਦਰ ਸਿੰਘ ਪਰਗਟ, ਯਾਦਵਿੰਦਰ ਸਿੰਘ ਤੂਰ, ਸੋਮ ਸਿੰਘ ਰੋਮੀ, ਵਿਜੈ ਵਰਮਾ ਆਦਿ ਹੋਰ ਹਾਜ਼ਰ ਸਨ।     GM

 

 

Follow me on Twitter

Contact Us