Awaaz Qaum Di

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ‘ਤੇ ਅਸੀਂ ਦ੍ਰਿੜਤਾ ਨਾਲ ਪਹਿਰਾ ਦਿੱਤਾ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁੱਡਾ (ਨੇੜੇ ਟਾਂਡਾ-ਦਸੂਹਾ) ਦੇ ਵਾਸੀ ਗੁਰਮੁਖ ਪਿਆਰੇ ਜਥੇਦਾਰ ਭਾਈ ਜਗਜੀਤ ਸਿੰਘ ਜੀ ਨਿਹੰਗ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਜਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ, 1977 ‘ਚ ਰਾਮਪੁਰ ਖੇੜਾ (ਹੁਸ਼ਿਆਰਪੁਰ) ਵਿਖੇ ਗੁਰਮਤਿ ਦਾ ਪ੍ਰਚਾਰ ਕਰਨ ਆਏ ਤਾਂ ਸੰਤਾਂ ਦੀ ਰਸਨਾ ਤੋਂ ਗੁਰਬਾਣੀ ਦੀ ਕਥਾ ਸ੍ਰਵਣ ਕਰਕੇ ਮਨ ਅਨੰਦਿਤ ਹੋ ਗਿਆ ਤੇ ਸੰਤ ਜੀ ਵੱਲ ਉਹਨਾਂ ਦੀ ਖ਼ਾਸ ਜਿਹੀ ਖਿੱਚ ਬਣ ਗਈ ਤੇ ਘਰ ਰਹਿਣ ਨੂੰ ਮਨ ਨਹੀਂ ਸੀ ਕਰਦਾ।

ਫਿਰ ਸੰਤ ਭਿੰਡਰਾਂਵਾਲ਼ਿਆਂ ਕੋਲ਼ ਆਉਣਾ-ਜਾਣਾ ਸ਼ੁਰੂ ਹੋ ਗਿਆ ਤੇ 13 ਅਪ੍ਰੈਲ 1978 ‘ਚ ਵਾਪਰੇ ਨਕਲੀ ਨਿਰੰਕਾਰੀ ਕਾਂਡ ‘ਚ ਉਹਨਾਂ ਦੇ ਨੇੜਲੇ ਪਿੰਡ ਕੁਰਾਲਾ ਦੇ ਬਜ਼ੁਰਗ ਬਾਬਾ ਅਵਤਾਰ ਸਿੰਘ ਜੀ ਗੋਲ਼ੀਆਂ ਲੱਗਣ ਕਾਰਨ ਸ਼ਹੀਦ ਹੋ ਗਏ ਜਿਨ੍ਹਾਂ ਦੀ ਸੰਗਤ ‘ਚ ਰਹਿ ਕੇ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ‘ਚ ਉਹ ਹਾਜ਼ਰੀਆਂ ਭਰਿਆ ਕਰਦੇ ਸਨ।

ਹਿੰਦੁਸਤਾਨੀ ਬੁਰਛਾਗਰਦੀ ਵਿਰੁੱਧ ਜਦ ਦਿੱਲੀ ‘ਚ ਖ਼ਾਲਸਾ ਪੰਥ ਨੇ ਪਾਰਲੀਮੈਂਟ ਅੱਗੇ ਰੋਸ ਜਤਾਉਣ ਲਈ ਮਾਰਚ ਕੱਢਿਆ ਤਾਂ ਉਸ ਸਮੇਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਸਿੰਘਾਂ ਨਾਲ਼ ਤਿਹਾੜ ਜੇਲ੍ਹ ‘ਚ ਨਜ਼ਰਬੰਦ ਕਰ ਦਿੱਤਾ ਗਿਆ।

ਨਰਕਧਾਰੀਆਂ ਦੇ ਡੇਰਿਆਂ ਨੂੰ ਬੰਦ ਕਰਵਾਉਣ ਲਈ ਉਹਨਾਂ ਨੇ ਪੰਜਾਬ ਦੇ ਦੁਆਬੇ ਖੇਤਰ ‘ਚ ਜਬਰਦਸਤ ਮੁਜ਼ਾਹਰੇ ਕੀਤੇ ਤੇ ਨਰਕਧਾਰੀਆਂ ਦੇ ਪਾਲਤੂ ਗੁੰਡਿਆਂ ਨਾਲ਼ ਕਈ ਥਾਂਈਂ ਝੜਪਾਂ ਵੀ ਹੋਈਆਂ।

ਲਾਲ਼ਾ ਜਗਤ ਨਰਾਇਣ ਕਤਲ ਕੇਸ ‘ਚ ਜਦ ਸੰਤ ਭਿੰਡਰਾਂਵਾਲ਼ਿਆਂ ਨੇ 24 ਸਤੰਬਰ 1981 ਨੂੰ ਦਮਦਮੀ ਟਕਸਾਲ ਦੇ ਮੁੱਖ ਅਸਥਾਨ ਮਹਿਤਾ ਚੌਂਕ ਤੋਂ ਗ੍ਰਿਫਤਾਰੀ ਦੇਣੀ ਸੀ ਤਾਂ ਉਹ ਆਸ-ਪਾਸ ਦੇ ਪਿੰਡਾਂ ਤੋਂ ਟਰਾਲੀਆਂ ਭਰ ਕੇ ਸੰਗਤ ਲੈ ਕੇ ਪਹੁੰਚੇ ਸਨ।

ਧਰਮ ਯੁੱਧ ਮੋਰਚੇ ‘ਚ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲ਼ਿਆਂ, ਜਥੇਦਾਰ ਬਾਬਾ ਨਿਹਾਲ ਸਿੰਘ ਜੀ ਨਿਹੰਗ ਹਰੀਆਂ ਵੇਲਾਂ ਵਾਲ਼ਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਭਾਈ ਉਪਕਾਰ ਸਿੰਘ ਜੀ ਬਘੋਲਾ ਵਾਲ਼ਿਆਂ ਦੇ ਜਥੇ ਨਾਲ਼ ਉਹਨਾਂ ਨੇ ਕਈ ਵਾਰ ਗ੍ਰਿਫਤਾਰੀਆਂ ਦਿੱਤੀਆਂ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਕੱਟੀਆਂ।

(ਸ਼ਹੀਦ) ਭਾਈ ਸੁਰਿੰਦਰ ਸਿੰਘ ਸੋਢੀ ਨਾਲ ਉਹਨਾਂ ਦਾ ਕਾਫ਼ੀ ਪ੍ਰੇਮ-ਪਿਆਰ ਸੀ ਤੇ ਫਿਰ ਸੰਤਾਂ ਦੇ ਜਥੇ ‘ਚ ਸ੍ਰੀ ਅੰਮ੍ਰਿਤਸਰ ਹੀ ਰਹਿਣ ਲਗ ਪਏ ਤੇ ਅਕਾਲ ਫ਼ੈਡਰੇਸ਼ਨ ਜਥੇਬੰਦੀ ਰਾਹੀਂ ਪੰਥਕ ਸਰਗਰਮੀਆਂ ਕਰਦੇ ਰਹੇ।

ਭਾਰਤੀ ਫ਼ੌਜ ਨੇ ਜੂਨ 1984 ‘ਚ ਜਦ ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਕੌਮ ਦੀ ਅਜ਼ਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ-ਤੋਪਾਂ ਨਾਲ਼ ਹਮਲਾ ਕੀਤਾ ਤਾਂ ਇਸ ਘੱਲੂਘਾਰੇ ‘ਚ ਉਹਨਾਂ ਦਾ ਛੋਟੀ ਉਮਰ ਦਾ ਸਾਥੀ ਭਾਈ ਗੁਰਮੀਤ ਸਿੰਘ ਖੁੱਡਾ ਵੀ ਸ਼ਹੀਦ ਹੋ ਗਿਆ। ਅਕਾਲ ਪੁਰਖ ਵਾਹਿਗੁਰੂ ਦੇ ਘਰ ਉੱਪਰ ਹੋਏ ਕਹਿਰੀ ਹਮਲੇ ਕਾਰਨ ਉਹਨਾਂ ਦਾ ਮਨ ਝੰਜੋੜਿਆ ਗਿਆ ਤੇ ਦਿਲ ‘ਚ ਹਕੂਮਤ ਵਿਰੁੱਧ ਵਿਦਰੋਹ ਪੈਦਾ ਹੋ ਗਿਆ।

ਸੰਤ ਭਿੰਡਰਾਂਵਾਲ਼ਿਆਂ ਦੇ ਬਚਨਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਚੱਲੇ ਸੰਘਰਸ਼ ‘ਚ ਉਹਨਾਂ ਨੇ ਗੁਪਤ ਤੌਰ ਤੇ ਜੁਝਾਰੂ ਸਿੰਘਾਂ ਨਾਲ਼ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਿੱਖੀ ਪ੍ਰੰਪਰਾਵਾਂ ਤੇ ਰਵਾਇਤਾਂ ਅਨੁਸਾਰ ਪੂਰੀ ਸੂਰਮਗਤੀ ਨਾਲ਼ ਕਾਰਵਾਈਆਂ ਕੀਤੀਆਂ।

ਜੁਝਾਰੂ ਸਫ਼ਾਂ ‘ਚ ਵਿਚਰਦਿਆਂ ਉਹਨਾਂ ਦੇ ਸਾਥੀ ਭਾਈ ਸਵਰਨ ਸਿੰਘ ਨਿਹੰਗ, ਭਾਈ ਬਿਕਰਮ ਸਿੰਘ ਬਿੱਕਰ, ਭਾਈ ਜਸਵੰਤ ਸਿੰਘ ਝਾਂਵਾਂ, ਭਾਈ ਦਲਜੀਤ ਸਿੰਘ ਭੀਖੀ, ਭਾਈ ਲਹਿੰਬਰ ਸਿੰਘ ਦਸੂਹਾ, ਭਾਈ ਇਕਬਾਲ ਸਿੰਘ ਬਾਹਗਾ ਆਦਿ ਸ਼ਹਾਦਤਾਂ ਪ੍ਰਾਪਤ ਕਰ ਗਏ।

ਪੁਲੀਸ ਨੂੰ ਜਦ ਉਹਨਾਂ ‘ਤੇ ਸ਼ੱਕ ਹੋਇਆ ਤਾਂ ਗ੍ਰਿਫਤਾਰੀ ਹੋ ਗਈ ਤੇ ਅਨੇਕਾਂ ਥਾਣਿਆਂ ‘ਚ ਹਿੰਦ ਹਕੂਮਤ ਦਾ ਵਹਿਸ਼ੀਆਨਾ ਤੇ ਅਣਮਨੁੱਖੀ ਤਸ਼ੱਦਦ ਝੱਲਿਆ ਪਰ ਉਹਨਾਂ ਦਾ ਸਿੱਖੀ ਸਿਦਕ ਤੇ ਸਿਰੜ ਨਾ ਡੋਲ੍ਹਿਆ ਸਗੋਂ ਚੜ੍ਹਦੀ ਕਲਾ ਸਹਿਤ ਉਹ ਆਪਣੇ ਨਿਸ਼ਾਨੇ ਵੱਲ ਕਦਮ ਵਧਾਉਂਦੇ ਗਏ।

ਜ਼ਿਕਰਯੋਗ ਹੈ ਕਿ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਇੱਕ ਚੜ੍ਹਦੀ ਕਲਾ ਵਾਲ਼ੇ ਪੂਰਨ ਗੁਰਸਿੱਖ ਤੇ ਬਾਣੀ-ਬਾਣੇ ਦੇ ਧਾਰਨੀ ਹਨ। ਨਿਸ਼ਕਾਮ ਸਿੱਖੀ ਦਾ ਪ੍ਰਚਾਰ ਕਰਨਾ, ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇਣਾ, ਲੋੜਵੰਦਾਂ ਦੀ ਆਰਥਿਕ ਪੱਖ ਤੋਂ ਸਹਾਇਤਾ ਕਰਨੀ, ਗਰੀਬ ਲੜਕੀਆਂ ਦੇ ਅਨੰਦ ਕਾਰਜ ਕਰਵਾਉਣੇ, ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਅਤੇ ਸਮਾਜ ਦੀ ਭਲਾਈ ਹਿੱਤ ਕਾਰਜ ਉਹਨਾਂ ਦੀ ਸੰਸਥਾ (ਸਿੱਖ ਵੈੱਲਫੇਅਰ ਸੁਸਾਇਟੀ) ਵੱਲੋਂ ਅਜੋਕੇ ਸਮੇਂ ‘ਚ ਨਿਭਾਏ ਜਾ ਰਹੇ ਹਨ।

  • ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883. GM

 

 

Follow me on Twitter

Contact Us