Awaaz Qaum Di

ਰੋਜ਼ਾਨਾ ਨਵੇ ਉੱਠ ਰਹੇ ਗਾਇਕ ਅਤੇ ਗੀਤਕਾਰ ਪੰਜਾਬੀ ਸੱਭਿਆਚਾਰ ਦਾ ਅਕਸ ਖਰਾਬ ਕਰਨ ਵਿਚ ਲੱਗੇ


ਨੋਜਵਾਨ ਪੀੜੀ ਲੱਚਰ ਗੀਤਾਂ ਤੋਂ ਪ੍ਰੇਰਿਤ ਹੋ ਨਸ਼ੇ ਅਤੇ ਅਪਰਾਧਿਕ ਵਿਰਤੀ ਦਾ ਹੋਈ ਸ਼ਿਕਾਰ

ਸੰਦੌੜ ( ਹਰਮਿੰਦਰ ਸਿੰਘ ਭੱਟ ) : ਪੰਜਾਬ ਦਾ ਸੱਭਿਆਚਾਰ ਨੇ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।ਪੰਜਾਬੀ ਸੱਭਿਆਚਾਰ ਇਕ ਅਜਿਹਾ ਵਿਹੜਾ ਹੈ ਜਿਸ ਵਿਚ ਬਿਲਕੁਲ ਸਾਫ ਸੁਥਰੀ ਛਵੀ ਵਾਲਾ ਅਣਖ ਅਤੇ ਗੈਰਤ ਦੀ ਜਿੰਦਗੀ ਜਿਉਣ ਵਾਲੇ ਸਮੂਹ ਪੰਜਾਬੀਆਂ ਦੇ ਇਕ ਪਰਿਵਾਰ ਦੀ ਕਹਾਣੀ ਬਿਆਨ ਕਰਦਾ ਹੈ।ਪਰ ਅਫਸੋਸ ਵਰਤਮਾਨ ਸਮੇ ਦੋਰਾਨ ਇਸ ਅਨਮੋਲ ਪੰਜਾਬੀ ਸੱਭਿਆਚਾਰ ਨੂੰ ਢਾਅ ਲਾਉਣ ਲਈ ਕਿਸੇ ਅਜਿਹੇ ਟੋਲੇ ਵਲੋ ਝੂਠਾ ਨਾਮ ਅਤੇ ਪੈਸਾ ਬਣਾਉਣ ਖਾਤਰ ਲੱਚਰਤਾ ਦਾ ਹਮਲਾ ਕੀਤਾ ਜਾ ਰਿਹਾ ਹੈ ਜਿਹੜਾ ਕਿ ਦੇਖਦੇ ਹੀ ਦੇਖਦੇ ਪੰਜਾਬ ਅਤੇ ਪੰਜਾਬੀਅਤ ਨੂੰ ਤਬਾਹੀ ਦੇ ਕੰਢੇ ਤੇ ਲੈ ਆਇਆ ਹੈ।ਅਸੀਂ ਗੱਲ ਕਰ ਰਹੇ ਹਾਂ ਸੂਬੇ ਵਿਚ ਰੋਜ਼ਾਨਾ ਵੱਡੀ ਗਿਣਤੀ’ਚ ਉੱਠ ਰਹੇ ਗਾਇਕਾਂ ਅਤੇ ਗੀਤਕਾਰਾਂ ਦੀ ਜਿੰਨਾ ਨੇ ਪੰਜਾਬ ਦੀ ਨੋਜਵਾਨੀ ਦਾ ਜੀਵਨ ਲੱਚਰ ਗਾਇਕੀ ਦੀ ਮਾਰੂ ਚਕਾਚੌਂਧ ਨੇ ਅਣਖਵਿਹੂਣਾ ਕਰ ਦਿੱਤਾ ਹੈ।ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਲੋਕ ਗਾਇਕੀ ਵਿਚ ਆਇਆ ਨਿਘਾਰ ਇਸ ਵਰਤਾਰੇ ਨੂੰ ਜਾਹਿਰ ਕਰਦਾ ਦਿਨੋ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ।ਰੋਜ਼ਾਨਾ ਮਾਰਕੀਟ ਵਿਚ ਪੈਸੇ ਦੇ ਜੋਰ ਨਾਲ ਧੜਾਧੜ ਆ ਰਹੀਆ ਨਮੂਨੇ ਹੋਸ਼ੀ ਗਾਇਕੀ ਦੇ ਪ੍ਰਦਰਸ਼ਨ ਦੀਆਂ ਸੀਡੀ ਡਿਸਕਾਂ ਨੇ ਪੰਜਾਬੀ ਸਭਿਆਚਾਰ ਦਾ ਸਤਿਆਨਾਸ ਕੀਤਾ ਹੈ।ਇਹ ਇਕੋ ਇਕ ਅਜਿਹਾ ਖੇਤਰ ਹੈ ਜਿਸ ਵਿਚ ਬਿਨਾ ਕੁੱਝ ਸਿੱਖੇ, ਬਿਨਾ ਕੁੱਝ ਜਾਣੇ ਪੈਸੇ ਦੇ ਦਮ ਤੇ ਰੋਜ਼ਾਨਾ ਨਵੇ ਚਿਹਰੇ ਟੀਵੀ ਚੈਨਲਾਂ ਤੇ ਲੱਤਾਂ ਬਾਹਾਂ ਮਾਰਦੇ ਨਜਰ ਆਉਂਦੇ ਹਨ ਅਤੇ ਇਹਨਾਂ ਦੇ ਬੇਤੁਕੇ ਗੀਤਾਂ ਵਿਚ ਮਾਰ ਧਾੜ, ਜੱਟ ਆਹ ਕਰ ਦੂ, ਜੱਟ ਔਹ ਕਰਦੂ ਅਤੇ ਇਸ਼ਕ ਮਸ਼ੂਕ ਦੀਆਂ ਗੱਲਾਂ ਤੋ ਸਿਵਾਏ ਹੋਰ ਕੁੱਝ ਨਹੀ ਹੁੰਦਾ।ਇੰਜ ਲੱਗਦੈ ਜਿਵੇ ਇਹਨਾਂ ਨਵੇ ਉੱਠ ਰਹੇ ਗਾਇਕਾਂ ਦਾ ਸਿਰਫ ਲੱਚਰਤਾ ਫੈਲਾਉਣਾ ਹੀ ਮੁੱਖ ਅਜੰਡਾ ਹੋਵੇ ਕਿਉਂਕਿ ਇਹਨਾ ਦੇ ਗਾਣਿਆਂ ਦੇ ਹਰ ਟੱਪੇ ਵਿਚ ਔਰਤ ਅਤੇ ਜੱਟ ਨੂੰ ਮੁੱਖ ਰੱਖਕੇ ਗਾਣੇ ਦੀ ਵੀਡੀਓ ਵਿਚ ਲੱਚਰਤਾ ਪਰੋਸੀ ਜਾਂਦੀ ਹੈ।ਅਜਿਹੇ ਸੈਕੜੇ ਗੀਤਾਂ ਦਾ ਨਾਮ ਲਿਆ ਜਾ ਸਕਦਾ ਹੈ ਜੋਕਿ ਸ਼ਰੇਆਮ ਨੋਜਵਾਨ ਪੀੜੀ ਨੂੰ ਮਾੜੇ ਰਸਤੇ ਪੈਣ ਦਾ ਸੰਦੇਸ਼ ਦਿੰਦੇ ਨਜਰ ਆਉਂਦੇ ਹਨ ।ਬਦਲਦੇ ਹਲਾਤਾਂ ਦੇ ਮੱਦੇਨਜ਼ਰ ਸਾਡੀ ਨੋਜਵਾਨ ਪੀੜੀ ਆਪਣਾ ਅਮੀਰ ਪੁਰਾਤਨ ਵਿਰਸਾ ਭੁੱਲ ਕੇ ਇਹਨਾਂ ਗਾਇਕਾਂ ਨੂੰ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਅਤੇ ਇਹਨਾਂ ਦੇ ਗੀਤਾਂ ਦੇ ਬੋਲਾਂ ਦੀ ਨਕਲ ਕਰਦੇ ਹੋਏ ਆਪਣੀ ਜੀਵਨ ਜਾਂਚ ਨਾਲ ਜੋੜ ਕੇ ਆਪਣੇ ਜੀਵਨ ਅਤੇ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ। ਇਹਨਾਂ ਗੀਤਾਂ ਤੋ ਪ੍ਰੇਰਿਤ ਹੋ ਕੇ ਅੱਜ ਦੇ ਕਾਕੇ ਨਸ਼ਿਆ ਅਤੇ ਅਪਰਾਧਿਕ ਵਿਰਤੀ ਦਾ ਸ਼ਿਕਾਰ ਹੋ ਰਹੇ ਹਨ ਜੋ ਸਾਡੇ ਲਈ ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ।ਅਨਮੋਲ ਪੰਜਾਬੀ ਵਿਰਸੇ ਨੂੰ ਬੀਤੇ ਸਮੇਂ ਦੌਰਾਨ ਕਈ ਗਾਇਕਾ ਨੇ ਸਤਿਕਾਰ ਦਿੱਤਾ ਅਤੇ ਸੰਭਾਲਣ ਦੀ ਕੋਸ਼ਿਸ਼ ਵੀ ਕੀਤੀ ਜਿੰਨਾ ਦੇ ਗੀਤ ਲੱਚਰਤਾ ਤੋਂ ਕੋਹਾਂ ਦੂਰ ਹਨ ਅਤੇ ਅੱਜ ਵੀ ਉਹਨਾਂ ਗੀਤਾਂ ਨੂੰ ਸੁਣਨ ਦਾ ਮੰਨ ਕਰਦਾ ਹੈ।

ਇਸ ਤੋਂ ਇਲਾਵਾ ਪੰਜਾਬੀ ਗਾਇਕੀ ਵਿਚ ਕਈ ਗਾਇਕਾਂ ਅਤੇ ਗੀਤਕਾਰਾਂ ਨੇ ਲੱਚਰਤਾ ਨੂੰ ਆਪਣੇ ਗੀਤਾਂ ਦੇ ਨੇੜੇ ਤੱਕ ਨਹੀ ਆਉਣ ਦਿੱਤਾ ਅਤੇ ਉਹਨਾਂ ਆਪਣੇ ਸੱਭਿਆਚਾਰ ਨੂੰ ਦਿਲੋ ਸਤਿਕਾਰ ਦਿੰਦੇ ਹੋਏ ਸਾਫ ਸੁਥਰਾ ਲਿਖ ਗਾ ਕੇ ਆਪਣੇ ਗੀਤਾਂ ਵਿਚ ਪੰਜਾਬ ਅਤੇ ਪੰਜਾਬੀਅਤ ਅਤੇ ਇਸ ਦੇ ਸੋਹਣੇ ਅਨਮੋਲ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਇਨ੍ਹਾਂ ਗਾਇਕਾਂ ਦੇ ਗੀਤਾਂ ਦੇ ਹਰ ਬੋਲਾਂ ਵਿਚ ਜਿੱਥੇ ਸੱਭਿਆਚਾਰ ਦੇ ਪੁਰਾਣੇ ਅਤੇ ਇਸ ਦੇ ਮੋਜੂਦਾ ਹਾਲਾਤਾਂ ਦੀ ਸੱਚਾਈ ਆਪ ਮੁਹਾਰੇ ਨਜਰ ਆਉਂਦੀ ਹੈ ਉਥੇ ਹੀ ਵਰਤਮਾਨ ਸਮੇਂ ਦੋਰਾਨ ਰੋਜ਼ਾਨਾ ਪੈਦਾ ਹੋ ਰਹੇ ਟਪੂਸੀ ਮਾਰ ਗਾਇਕ ਕਲਾਕਾਰਾਂ ਦੇ ਗੀਤਾਂ ਵਿਚ ਮਾਰ ਧਾੜ ਅਤੇ ਲੱਚਰਤਾ ਤੋ ਇਲਾਵਾ ਹੋਰ ਕੋਈ ਵੀ ਪਹਿਲੂ ਨਜਰ ਨਹੀ ਆਉਂਦਾ ਜੋ ਕਿ ਸਭਿਆਚਾਰਕ ਵਿਚ ਲੱਚਰਤਾ ਦਾ ਜਹਿਰ ਭਰਨ ਦਾ ਕੰਮ ਕਰ ਰਹੇ ਹਨ।ਪਰ ਅਫਸੋਸ ਇਹ ਸੁਚਜੇ ਗਾਇਕ ਅਤੇ ਗੀਤਕਾਰ ਕੀ ਕਰ ਸਕਦੇ ਹਨ ਜਿੰਨੀ ਦੇਰ ਅਸੀ ਸਾਰੇ ਗਲਤ ਨੂੰ ਗਲਤ ਨਹੀ ਕਹਾਂਗੇ ਅਤੇ ਬੇਤੁਕੇ ਗਾਇਕਾਂ ਅਤੇ ਗੀਤਾਂ ਨੂੰ ਤਰਜੀਹ ਦੇਣਾ ਬੰਦ ਨਹੀ ਕਰਾਂਗੇ ਔਨੀ ਦੇਰ ਇਹੋ ਜਿਹੇ ਲੱਚਰਤਾ ਫੈਲਾਉਣ ਅਤੇ ਪੰਜਾਬੀ ਸੱਭਿਆਚਾਰ ਨੂੰ ਢਾਅ ਲਾਉਣ ਵਾਲੇ ਗੰਦ ਪਾਉ ਟੋਲੇ ਰੋਜ਼ਾਨਾ ਪੈਦਾ ਹੁੰਦੇ ਰਹਿਣਗੇ। GM

 

 

Follow me on Twitter

Contact Us