Awaaz Qaum Di

ਇੰਨਰਵੀਲ ਕਲੱਬ ਫਗਵਾੜਾ ਨੇ ਘੱਟ ਸਮੇਂ ਵਿੱਚ ਕੀਤੀਆਂ ਵੱਡੀਆਂ ਪ੍ਰਾਪਤੀਆਂ-ਡਾ.ਅਨੀਤਾ ਭੱਲਾ

ਕਲੱਬ ਦੀ ਜ਼ਿਲ੍ਹਾ ਚੇਅਰਪਰਸਨ ਨੇ ਕੀਤਾ ਕਲੱਬ ਦਾ ਦੌਰਾ

ਫਗਵਾੜਾ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਇੰਨਰਵੀਲ ਕਲੱਬ ਦੀ ਜ਼ਿਲ੍ਹਾ ਚੇਅਰਮੈਨ ਡਾ. ਅਨੀਤਾ ਭੱਲਾ ਨੇ ਕਲੱਬ ਦੀ ਸਥਾਨਕ ਬਰਾਂਚ ਦਾ ਅੱਜ ਦੌਰਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇੰਨਰਵੀਲ ਕਲੱਬ ਫਗਵਾੜਾ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਲੱਬ ਦੀ ਪ੍ਰਧਾਨ ਵਿੱਮੀ ਸ਼ਰਮਾ ਸਮੇਤ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨਾਂ ਦੇ ਯਤਨਾਂ ਨੇ ਕਲੱਬ ਦੀ ਇੱਕ ਵੱਖਰੀ ਪਹਿਚਾਣ ਹੀ ਨਹੀਂ ਬਣਾਈ ਬਲਕਿ ਇਸ ਸਦਕਾ ਅਨੇਕਾਂ ਹੀ ਲੋੜਵੰਦ ਲੋਕਾਂ ਨੂੰ ਰਾਹਤ ਵੀ ਮਿਲੀ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕਲੱਬ ਦੀ ਸਥਾਨਕ ਪ੍ਰਧਾਨ ਵਿੱਮੀ ਸ਼ਰਮਾ ਨੇ ਜ਼ਿਲ੍ਹਾ ਚੇਅਰਮੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਹੱਲਾਸ਼ੇਰੀ ਉਨ੍ਹਾਂ ਨੂੰ ਹੋਰ ਵੀ ਉਤਸ਼ਾਹਿਤ ਕਰੇਗੀ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਕਮਲਾ ਨਹਿਰੂ ਕਾਲਜ਼ ਫਾਰ ਵੂਮੈਨ ਅਤੇ ਭਾਈ ਲਾਲੋ ਕਾਲਜ਼ ਫਗਵਾੜਾ ਵਿੱਚ ਲੜਕੀਆਂ ਦੀ ਸਹੂਲਤ ਲਈ 65 ਹਜ਼ਾਰ ਰੁਪਏ ਦੀ ਲਾਗਤ ਨਾਲ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਗੁਰੂ ਨਾਨਕ ਬਿਰਧ ਆਸ਼ਰਮ ਦੇ ਚਾਰ ਬੱਚੇ ਗੋਦ ਲਏ ਗਏ ਹਨ, ਜਿੰਨ੍ਹਾਂ ਨੂੰ ਸਕੂਲ ਦੀ ਵਰਦੀ ਤੋਂ ਇਲਾਵਾ 6 ਹਜ਼ਾਰ ਰੁਪਏ ਮਹੀਨਾ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।
ਸ਼੍ਰੀਮਤੀ ਸ਼ਰਮਾ ਨੇ ਦੱਸਿਆ ਕਿ ਗਊਸ਼ਾਲਾ ਸੰਮਤੀ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਇਲਾਵਾ ਕਲੱਬ ਵੱਲੋਂ ਦੋ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਹੀ ਬੀੜ ਪਵਾੜ ਦੇ ਸਕੂਲ ਨੂੰ ਸਫ਼ੇਦ ਬੋਰਡ ਅਤੇ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ ਦਿੱਤਾ ਗਿਆ ਜਦਕਿ ਫਗਵਾੜਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਸਫੇਦ ਬੋਰਡ ਤੋਂ ਇਲਾਵਾ ਵਰਦੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਔਰਫਾਜਾਂ ਵਿਰਕਾ ਵਿੱਚ ਮੰਜੇ ਤੇ ਪਏ ਬੱਚਿਆਂ ਨੂੰ ਵੀ ਹਵਾ ਵਾਲੇ ਬੈਡ ਅਤੇ ਰੇਲਵੇ ਸਟੇਸ਼ਨ ਅਧਿਕਾਰੀਆਂ ਨੂੰ ਅਣਪਛਾਤੀਆਂ ਲਾਸ਼ਾਂ ਢਕਣ ਲਈ ਸਫ਼ੇਦ ਕੱਪੜਾ ਮੁਹੱਇਆ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ 34ਵੇਂ ਵਾਤਾਵਾਰਣ ਮੇਲੇ ਦੌਰਾਣ ਸਿਹਤਮੰਦ ਬੱਚੇ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 0 ਤੋਂ 2 ਸਾਲ ਅਤੇ 2 ਤੋਂ 5 ਸਾਲ ਉਮਰ ਵਰਗ ਦੇ ਦੋ ਗਰੁੱਪ ਬਣਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਤੋਂ 90 ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜੇਤੂ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ ਜਦਕਿ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਚਾਕਲੇਟ ਦਿੱਤੇ ਗਏ। ਉਨਾਂ ਦੱਸਿਆ ਕਿ 8 ਬੱਚਿਆਂ ਨੂੰ ਉਤਸ਼ਾਹਿਤ ਇਨਾਮ ਦਿੱਤੇ ਗਏ। ਇਸ ਮੁਕਾਬਲੇ ਦੇ ਜੱਜ ਡਾ. ਬੀ.ਐਸ. ਭਾਟੀਆ, ਡਾ. ਮੀਨੂੰ ਟੰਡਨ, ਡਾ. ਮਮਤਾ ਗੌਤਮ ਅਤੇ ਡਾ. ਰੂਬਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਐਡੀਟਰ ਮਨਮੋਹਨ ਸੂਰੀ, ਸਕੱਤਰ ਅਰੁਣ ਪੱਬੀ, ਪੀ.ਡੀ.ਸੀ. ਕੇਸ਼ਲਤਾ ਭੀਮੜਾ, ਕਵਿਤਾ ਉਪਲ, ਸੀ.ਪੀ. ਗਾਂਧੀ, ਖਜਾਨਚੀ ਮਨੀਸ਼ਾ ਕਵਾਤੜਾ, ਆਈ.ਐਸ.ਓ. ਡਾਕਟਰ ਸੀਮਾ ਰਾਜਨ, ਐਡੀਟਰ ਪ੍ਰੀਤੀ ਕੌਰ, ਭੁਪਿੰਦਰ ਕੌਰ, ਸੋਨਮ ਸਹਿਦੇਵ, ਸਰਿਤਾ ਬਜ਼ਾਜ, ਸੁਮਨ ਸੇਠੀ, ਨਵਿਤਾ, ਸੀਮਾ ਸ਼ਰਮਾ, ਸੁਰਿੰਦਰ ਰਿਆਤ, ਬਲਵਿੰਦਰ ਰਿਆਤ ਅਤੇ ਨੇਹਾ ਗੁਪਤਾ ਆਦਿ ਹਾਜ਼ਰ ਸਨ। MP

 

 

Follow me on Twitter

Contact Us