Awaaz Qaum Di

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥੀ ਭੁਪਿੰਦਰ ਕੌਰ ਨੂੰ ਕੈਨੇਡਾ ਵਿਖੇ ਆਰਗੈਨਿਕ ਐਂਡ ਮੈਡੀਸਨਲ ਕੈਮਿਸਟਰੀ’ ਲਈ ਫੈਲੋਸ਼ਿਪ ਪ੍ਰਦਾਨ

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਵਿਦਿਆਰਥੀ ਭੁਪਿੰਦਰ ਕੌਰ ਨੂੰ ਕੈਨੇਡਾ ਵਿਖੇ ਵਿਸ਼ੇਸ਼ ਪ੍ਰੋਜੈਕਟ ‘ਆਰਗੈਨਿਕ ਐਂਡ ਮੈਡੀਸਨਲ ਕੈਮਿਸਟਰੀ’ ਲਈ ਅਹਿਮ ਫੈਲੋਸ਼ਿਪ ‘ਸ਼ਾਸਤਰੀ-ਇੰਡੋ ਕੈਨੇਡੀਅਨ ਰੀਸਰਚ ਫੈਲੋਸ਼ਿਪ’ ਪ੍ਰਦਾਨ ਕੀਤੀ ਗਈ ਹੈ। ਇਹ ਫੈਲੋਸ਼ਿਪ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਪ੍ਰਦਾਨ ਕਰੇਗੀ ਜਿਸ ਵਿਚ ਆਵਾਜਾਈ, ਰਹਿਣ-ਸਹਿਣ, ਵੀਜ਼ਾ ਫੀਸ, ਹੋਰ ਖਰਚਿਆਂ ਤੋਂ ਇਲਾਵਾ ਓਵਰਸੀਅ ਬੀਮਾ ਵੀ ਪ੍ਰਦਾਨ ਕੀਤਾ ਜਾਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਅਜਿਹੇ ਵਿਦਿਆਰਥੀਆਂ ਉਪਰ ਮਾਣ ਹੈ ਜਿਹੜੇ ਅਜਿਹੀਆਂ ਫੈਲਸ਼ਿਪ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਹਨ ਅਤੇ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਇਹ ਪ੍ਰੋਜੈਕਟ ਸਿਖਿਆ ਅਤੇ ਸਭਿਆਚਾਰ ਆਦਾਨ ਪ੍ਰਦਾਨ ਕਰਨ ਦੇ ਅਨੁਭਵ ਦਾ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਉਪਰ ਆਧਾਰ ਬਣਾਉਣ ਲਈ ਅਜਿਹੇ ਮੌਕੇ ਜਿਥੇ ਉਸ ਖੋਜਾਰਥੀ ਨੂੰ ਲਾਭ ਪੁਚਾਉਂਦੇ ਹਨ ਉਥੇ ਉਸ ਨਾਲ ਸਬੰਧਤ ਸੰਸਥਾ ਨੂੰ ਵੀ ਮਾਣ ਹਾਸਲ ਹੁੰਦਾ ਹੈ। ਇਸ ਦੌਰਾਨ ਜੋ ਸਿਖਲਾਈ ਉਨ੍ਹਾਂ ਨੂੰ ਪ੍ਰਾਪਤ ਹੋਵੇਗੀ ਉਸ ਨਾਲ ਉਨ੍ਹਾਂ ਦੀ ਸਮਝ ਦਾ ਦਾਇਰਾ ਵਧੇਗਾ ਅਤੇ ਸਿਖਲਾਈ ਦਾ ਘੇਰਾ ਵੀ ਵਿਸ਼ਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਦ੍ਰਿੜ ਨਿਸਚੇ ਵਾਲਾ ਖੋਜਾਰਥੀ ਬਣਨ ਲਈ ਅਜਿਹੇ ਮੌਕੇ ਜਿਥੇ ਸਾਡੀ ਖੋਜ ਸਬੰਧੀ ਸਿਧਾਂਤਕਾਰੀ ਨੂੰ ਹੋਰ ਮਜਬੂਤ ਕਰਦੇ ਹਨ ਉਥੇ ਖੋਜਾਰਥੀ ਤੇ ਵਿਦਵਾਨ ਦੇ ਪੱਧਰ ਉਪਰ ਸਾਡੀ ਸਖਸ਼ੀਅਤ ਵਿਚ ਨਿਖਾਰ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਜਿ ਜਦੋਂ ਕੋਈ ਖੋਜਾਰਥੀ ਦੂਜੇ ਦੇਸ਼ ਵਿਚ ਖੋਜ ਪ੍ਰੋਜੈਕਟ ਹਿਤ ਜਾਂਦਾ ਹੈ ਤਾਂ ਇਹ ਦੋ ਰਾਸ਼ਟਰਾਂ ਦੇ ਸੁਹਿਰਦ ਸਬੰਧਾਂ ਨੂੰ ਵਿਕਸਤ ਕਰਨ ਵਿਚ ਵੀ ਆਪਣਾ ਯੋਦਗਾਨ ਰਖਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮਾਰਚ 2019 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ, ਨਵੀਂ ਦਿੱਲੀ ਦੀ ਮੈਂਬਰ ਬਣੀ ਸੀ ਅਤੇ ਇਸ ਮੈਂਬਰਸ਼ਿਪ ਅਧੀਨ ਸਬੰਧਤ ਸੰਸਥਾਵਾਂ ਨੂੰ ਵਿਸ਼ੇਸ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਸੰਸਥਾ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਫੈਲੋਸ਼ਿਪ ਸਕੀਮ ਅਧੀਨ ਪ੍ਰੋਜੈਕਟ ਦੇ ਮੌਕੇ ਪ੍ਰਦਾਨ ਕਰਦੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥੀ ਭੁਪਿੰਦਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਸ ਫੈਲੋਸ਼ਿਪ ਨੂੰ ਪ੍ਰਾਪਤ ਕਰਦਿਆਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਨਾਲ ਮੇਰੇ ਆਤਮ-ਵਿਸ਼ਵਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਰਾਹੀਂ ਮੈਂ ਆਪਣੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰ ਸਕਦੀ ਹਾਂ। ਉਨ੍ਹਾਂ ਕਿਹਾ ਕਿ ਇਸ ਫੈਲੋਸ਼ਿਪ ਲਈ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਤੇ ਕੋਆਰਡੀਨੇਟਰ ਪ੍ਰੋ. ਬੇਦੀ ਅਤੇ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਦਾ ਦਿਲੋਂ ਧੰਨਵਾਦ ਕਰਦੀ ਹਾਂ। ਉਨ੍ਹਾਂ ਕਿਹਾ ਕਿ ਇਸ ਨਾਲ ਮਿਲਣ ਵਾਲੀ ਵਿਤੀ ਮਦਦ ਨਾਲ ਜਿਥੇ ਮੇਰੀ ਇੰਟਰਨਸ਼ਿਪ ਨੂੰ ਸੌਖਾਲਾ ਕੀਤਾ ਹੈ ਉਥੇ ਅੰਤਰਰਾਸ਼ਟਰੀ ਪੱਧਰ ਉਪਰ ਨਵੀਆਂ ਦਿਸ਼ਾਵਾਂ ਤਲਾਸ਼ਣ ਵਿਚ ਵੀ ਮਦਦ ਮਿਲੇਗੀ। MP

 

 

Follow me on Twitter

Contact Us