Awaaz Qaum Di

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਸ਼ਵ ਅੰਗਹੀਣ ਦਿਵਸ ਮਨਾਇਆ

* ਅੱਗੇ ਵਧਣ ਲਈ ਸਰੀਰਕ ਸੰਪੂਰਨਤਾ ਨਾਲੋਂ ਇੱਛਾ ਸ਼ਕਤੀ ਦਾ ਹੋਣਾ ਜ਼ਿਆਦਾ ਜ਼ਰੂਰੀ- ਡਿਪਟੀ ਕਮਿਸ਼ਨਰ

ਲੁਧਿਆਣਾ (ਦਲਜੀਤ ਸਿੰਘ ਰੰਧਾਵਾ)- ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦਿਵਿਆਂਗ (ਅਪਾਹਜ) ਵਿਅਕਤੀਆਂ ਨੂੰ ਸਮਾਜ ਦਾ ਅਹਿਮ ਹਿੱਸਾ ਕਰਾਰ ਦਿੰਦਿਆਂ ਕਿਹਾ ਹੈ ਕਿ ਜੀਵਨ ਵਿੱਚ ਅੱਗੇ ਵਧਣ ਲਈ ਸਰੀਰਕ ਤੌਰ ‘ਤੇ ਸੰਪੂਰਨ ਹੋਣ ਦੀ ਬਜਾਏ ਇੱਛਾ ਸ਼ਕਤੀ ਦਾ ਪ੍ਰਬਲ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਉਹ ਅੱਜ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਵਿਖੇ ਵਿਸ਼ਵ ਅੰਗਹੀਣ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਇਸ ਜੀਵਨ ਵਿੱਚ ਆਇਆ ਕੋਈ ਵੀ ਵਿਅਕਤੀ ਹਰ ਪੱਖੋਂ ਸੰਪੂਰਨ ਨਹੀਂ ਹੁੰਦਾ ਹਰੇਕ ਵਿਅਕਤੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਘਾਟ ਜ਼ਰੂਰ ਹੁੰਦੀ ਹੈ, ਅਜਿਹੀਆਂ ਘਾਟਾਂ ਵਿਅਕਤੀ ਨੂੰ ਅੱਗੇ ਵਧਣ ਤੋਂ ਰੋਕਣ ਦੇ ਸਮਰੱਥ ਨਹੀਂ ਹੁੰਦੀਆਂ ਸਗੋਂ ਅੱਗੇ ਵਧਣ ਲਈ ਮਹਿਜ਼ ਪ੍ਰਬਲ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਕਿਸੇ ਵੀ ਦੇਸ਼ ਜਾਂ ਸਮਾਜ ਨੂੰ ਅੱਗੇ ਲਿਜਾਣ ਵਿੱਚ ਸਰੀਰਕ ਤੌਰ ‘ਤੇ ਅਪੰਗ ਵਿਅਕਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂਂ ਅਜਿਹੇ ਵਿਅਕਤੀਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਪੈਰ੍ਹਾਂ ਸਿਰ ਖੜ੍ਹੇ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੀ ਅੱਜ ਪਲੇਸਮੈਂਟ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿੱਚ 60 ਤੋਂ ਵਧੇਰੇ ਲੋੜਵੰਦ ਵਿਅਕਤੀਆਂ ਨੇ ਹਿੱਸਾ ਲਿਆ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਆਪਣੇ ਪੈਰ੍ਹਾਂ ‘ਤੇ ਖੜ੍ਹਾ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬਿਊਰੋ ਦਫਤਰਾਂ ਰਾਹੀਂ ਸਿਖਲਾਈ, ਨੌਕਰੀ, ਕਰਜ਼ਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਨੌਜਵਾਨ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰੀਰਕ ਤੌਰ ‘ਤੇ ਅਪੰਗ ਵਿਅਕਤੀਆਂ ਦੇ ਯੂਡੀਆਈਡੀ ਕਾਰਡ ਬਣਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਬਿਊਰੋ ਦਫਤਰ ਵਿਖੇ ਹਰੇਕ ਸ਼ੁੱਕਰਵਾਰ ਨੌਕਰੀ ਮੇਲਾ-ਕਮ-ਜਾਗਰੂਕਤਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਨੌਜਵਾਨਾਂ ਨੂੰ ਸਿਖਲਾਈ, ਨੌਕਰੀ, ਕਰਜ਼ਾ ਅਤੇ ਹੋਰ ਸਹੂਲਤਾਂ ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਬਿਊਰੋ ਦਫਤਰ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।
ਇਸ ਮੌਕੇ ਸ਼੍ਰ਼ੀ ਅਗਰਵਾਲ ਨੇ ਅਪਾਹਜ ਵਿਅਕਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਯੋਗ ਵਿਅਕਤੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਗਰਾਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਜ਼ਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫਸਰ ਸ਼੍ਰੀਮਤੀ ਇੰਦਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਡਿਪਟੀ ਸੀ.ਈ.ਓ. ਸ੍ਰ. ਨਵਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਹਾਜ਼ਰ ਸਨ। MP

 

 

Follow me on Twitter

Contact Us