Awaaz Qaum Di

ਇੱਕ ਨਵੀਂ ਸਵੇਰ ਦਾ ਆਗਾਜ਼ ਕਰ ਗਈ ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ

ਮੇਰੇ ਅਜ਼ੀਜ਼ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਪਹਿਲੀ ਕਿਤਾਬ ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਛਪ ਚੁੱਕੀ ਹੈ। ਇਸ ਕਿਤਾਬ ਦੀ ਓਨੀ ਤਸੱਲੀ ਤੇ ਮਾਣ ਤਾਂ ਸ਼ਾਇਦ ਭਾਈ ਰਣਜੀਤ ਸਿੰਘ ਨੂੰ ਵੀ ਨਾ ਹੋਵੇ, ਜਿੰਨਾ ਫ਼ਖ਼ਰ ਮੈਂ ਮਹਿਸੂਸ ਕਰ ਰਿਹਾ ਹਾਂ। ਉਹ ਮੇਰਾ ਕਰੀਬੀ ਹੈ। ਉਮਰਾਂ ਦੇ ਫ਼ਰਕ ਪਿੱਛੇ ਰਹਿ ਗਏ ਨੇ, ਤੇ ਹੁਣ ਸਾਡੀ ਪੰਥਕ ਸਾਂਝ ਸਾਨੂੰ ਹਾਣ-ਪਰਵਾਨ ਬਣਾ ਰਹੀ ਹੈ। ਉਹ ਉਹਨਾਂ ਸਿੱਖਾਂ ਵਿੱਚੋਂ ਇੱਕ ਹੈ ਜਿਹੜੇ 1984 ਦੇ ਕਹਿਰ ਤੋਂ ਬਾਅਦ ਜਨਮੇ ਪਰ ਉਹਨਾਂ ਅੰਦਰ ਕੌਮ-ਪ੍ਰਸਤੀ ਦਾ ਜਜ਼ਬਾ ਠਾਠਾਂ ਮਾਰਦਾ ਹੈ।

ਪਿਛਲੇ 12-13 ਸਾਲ ਦੀ ਸਾਂਝ ਦੌਰਾਨ ਮੈਂ ਉਹਨੂੰ ਕਲਮ ਦੇ ਸਫ਼ਰ ਤੋਂ ਸ਼ੁਰੂ ਹੋਣ ਤੋਂ ਲੈ ਕੇ ਉਹਦੀ ਕਿਤਾਬ ਛਪਣ ਤਕ ਦਾ ਗਵਾਹ ਹਾਂ। ਉਹਨੂੰ ਲਿਖਣ-ਲਿਖਵਾਉਣ ਦੇ ਰਾਹ ਤੋਰਨ ਲਈ ਹੌਸਲਾ, ਸੇਧ ਤੇ ਅਗਵਾਈ ਦੀ ਜਦ ਵੀ ਲੋੜ ਪਈ ਉਸ ਨੇ ਕਦੇ ਝਿਜਕ ਨਹੀਂ ਕੀਤੀ। ਪਹਿਲੀ ਲਿਖਤ ਲਿਖਣ ਵੇਲ਼ੇ ਜਦ ਉਸ ਨੇ ਸੇਧ ਮੰਗੀ ਤਾਂ ਓਦੋਂ ਹੀ ਉਸ ਦੇ ਲਫ਼ਜ਼ਾਂ ਦੀ ਰਵਾਨਗੀ ਤੇ ਜਜ਼ਬਾਤੀ ਸੁਰ ਨੂੰ ਪਛਾਣਦਿਆਂ ਕਹਿ ਦਿੱਤਾ ਸੀ ਕਿ ਬੇਝਿਜਕ ਹੋ ਕੇ ਕਿਸੇ ਵੀ ਮੌਕੇ ਗੱਲ ਕਰ ਲਿਆ ਕਰ। ਮੈਨੂੰ ਬੜਾ ਈ ਚਾਅ ਹੈ ਕਿ ਸਿੱਖ ਸੰਘਰਸ਼ ਬਾਰੇ ਲਿਖਣ ਵਾਲ਼ੀਆਂ ਕਲਮਾਂ ਵਿੱਚ ਮੈਂ ਇੱਕ ਹੋਰ ਨਵੀਂ ਕਲਮ ਦਾ ਦਾਖ਼ਲਾ ਕਰਵਾਉਣ ਵਿੱਚ ਸਫ਼ਲ ਰਿਹਾ ਹਾਂ ਜਿਵੇਂ ਇੱਕ ਨਵੀਂ ਸਵੇਰ ਹੋਈ ਹੋਵੇ।

ਕਿਸੇ ਹੋਰ ਬਾਰੇ ਲਿਖਣਾ ਬੜਾ ਸੌਖਾ ਹੁੰਦਾ ਹੈ ਕਿਉਂਕਿ ਤੁਹਾਡਾ ਅੰਤਰ-ਮਨ ਉਸ ਦੇ ਬਾਰੇ ਇੱਕ ਦੂਰੀ ਤੋਂ ਬੜੇ ਅਹਿਸਾਸ ਨਾਲ਼ ਵਿਚਾਰ ਕੇ ਸੇਧ ਬਖਸ਼ਦਾ ਹੈ ਪਰ ਜਦ ਆਪ ਦੇ ਕਿਸੇ ਨਜ਼ਦੀਕੀ ਬਾਰੇ ਲਿਖਣਾ ਹੋਵੇ ਤਾਂ ਕੋਈ ਗੱਲ ਹੀ ਨਹੀਂ ਸੁੱਝਦੀ ਹੁੰਦੀ ਕਿ ਕੀ ਲਿਖੀਏ! ਇਹੀ ਕੁਝ ਮੇਰੇ ਨਾਲ਼ ਵਾਪਰ ਰਿਹਾ ਹੈ। ਅਸਲ ਵਿੱਚ ਭਾਈ ਰਣਜੀਤ ਸਿੰਘ ਮੇਰੀ ਜ਼ਿੰਦਗੀ ਦਾ ਹੀ ਇਕ ਹਿੱਸਾ ਬਣ ਚੁੱਕਾ ਹੈ। ‘ਖ਼ਾਲਸਾ ਫ਼ਤਹਿਨਾਮਾ’ ਮੈਗਜ਼ੀਨ ਵਿੱਚ ਛਪਦੀਆਂ ਸਾਡੀਆਂ ਦੋਹਾਂ ਦੀਆਂ ਲਿਖਤਾਂ ਵਿੱਚ ਸਮਰੂਪਤਾ ਸਾਡੇ ਦੋਹਾਂ ਦੇ ਇੱਕ-ਦੂਜੇ ਉੱਪਰ ਅਸਰ ਨੂੰ ਹੀ ਬਿਆਨ ਕਰਦੀ ਹੈ। ਖਿਆਲਾਂ ਦੀ ਸਾਂਝ ਤੇ ਘਟਨਾਵਾਂ, ਵਰਤਾਰਿਆਂ ਬਾਰੇ ਇਕੋ ਜਿਹੀ ਪਹੁੰਚ ਹੋਣ ਕਰ ਕੇ ਪਾਠਕਾਂ ਤੇ ਸਰੋਤਿਆਂ ਨੂੰ ਕਦੇ-ਕਦੇ ਭਰਮ ਵੀ ਪੈ ਜਾਂਦਾ ਹੈ।

ਬੇਸ਼ੱਕ ਇਹ ਗੱਲ ਕੁਝ ਹੱਦ ਤਕ ਸਹੀ ਹੈ ਕਿ ਭਾਈ ਰਣਜੀਤ ਸਿੰਘ ਦੇ ਕਲਮੀ ਸਫ਼ਰ ਵਿੱਚ ਮੇਰਾ ਯੋਗਦਾਨ ਹੈ ਪਰ ਉਸ ਦੀ ਜੀਵਨ-ਸਾਥਣ ‘ਬੀਬਾ ਕਮਲਜੀਤ ਕੌਰ ਨਿਹੰਗ’ ਦਾ ਸਹਿਯੋਗ ਵੀ ਕਾਬਿਲ-ਏ-ਤਾਰੀਫ਼ ਹੈ। ਉਹਦੇ ਨਿੱਕੇ ਜਿਹੇ ਭੁਝੰਗੀ ‘ਗੁਰਪੰਥ ਪ੍ਰਥਮ ਸਿੰਘ ਖ਼ਾਲਸਾ’ ਨੇ ਭਾਈ ਰਣਜੀਤ ਸਿੰਘ ਨੂੰ ਹੋਰ ਵੀ ਉਤਸ਼ਾਹ ਤੇ ਤਾਕਤ ਬਖਸ਼ਿਸ਼ ਕੀਤੀ ਹੈ। ਜਦ ਪਰਿਵਾਰ ਵਿੱਚੋਂ ਸਹਿਯੋਗ ਮਿਲ਼ਦਾ ਹੋਵੇ ਤਦ ਹੀ ਬੰਦਾ ਘਰ ਤੋਂ ਬਾਹਰ ਕੁਝ ਕਰਨ-ਕਰਾਉਣ ਜੋਗਾ ਹੁੰਦਾ ਹੈ।

ਸਾਡੀ ਕੌਮ ਬਾਰੇ ਪ੍ਰਚਲਿਤ ਹੈ ਕਿ “ਸਿੱਖ ਇਤਿਹਾਸ ਤਾਂ ਸਿਰਜਦੇ ਨੇ ਪਰ ਲਿਖਦੇ ਤੇ ਸਾਂਭਦੇ ਨਹੀਂ।” ਜਦ ਭਾਈ ਰਣਜੀਤ ਸਿੰਘ ਵਰਗੇ ਸਾਡੇ ਭਰਾ ਇਸ ਖੇਤਰ ਵਿੱਚ ਆ ਰਹੇ ਨੇ ਤਾਂ ਅਸੀਂ ਸਮਝ ਸਕਦੇ ਹਾਂ ਕਿ ਹੁਣ ਸਿੱਖ ਇਤਿਹਾਸ ਨੂੰ ਸਾਂਭਣ ਦੀ ਮੁਹਿੰਮ ਵਿੱਚ ਵੀ ਅਸੀਂ ਮੋਰਚੇ ਫ਼ਤਹਿ ਕਰਾਂਗੇ।

ਸਿੱਖੀ ਦੇ ਵੈਰੀਆਂ ਨੇ ਸਾਡੇ ਪੁਰਾਤਨ ਇਤਿਹਾਸ ਬਾਰੇ ਸ਼ੰਕੇ ਤੇ ਇਤਰਾਜ਼ ਪੈਦਾ ਕਰਨ ਦੇ ਨਾਲ਼ ਹੀ ਮੌਜੂਦਾ ਦੌਰ ਦੇ ਇਤਿਹਾਸ ਨੂੰ ਵੀ ਗਲਤ ਤੱਥਾਂ ਨਾਲ਼ ਭਰਨਾ ਸ਼ੁਰੂ ਕੀਤਾ ਹੋਇਆ ਹੈ। ਜਦ ਵੀ ਭਾਈ ਰਣਜੀਤ ਸਿੰਘ ਨਾਲ਼ ਚਰਚਾ ਹੁੰਦੀ ਹੈ ਤਾਂ ਉਹ ਬੜੀ ਚਿੰਤਾ ਜ਼ਾਹਰ ਕਰਦਾ ਰਹਿੰਦਾ ਹੈ ਕਿ ਜਿਹੜੀਆਂ ਅਖ਼ਬਾਰੀ ਖ਼ਬਰਾਂ ਤੇ ਹੋਰ ਰਸਾਲਿਆਂ ਆਦਿਕ ਵਿੱਚ ਸਿੱਖ ਜੁਝਾਰੂਆਂ ਬਾਰੇ ਲਿਖਤਾਂ ਛਪਦੀਆਂ ਰਹੀਆਂ ਨੇ ਉਹ ਬੜੀ ਵਾਰ ਝੂਠੀਆਂ, ਮਨੋਕਲਪਿਤ ਤੇ ਗੁੰਮਰਾਹ ਕਰਨ ਵਾਲ਼ੀਆ ਹੁੰਦੀਆ ਨੇ। ਅਸੀਂ ਘੰਟਿਆਂ-ਬੱਧੀ ਚਰਚਾ ਕਰਦੇ ਰਹਿੰਦੇ ਹਾਂ ਕਿ ਸਿੱਖ ਸੰਘਰਸ਼ ਦੇ ਹੱਕ ਵਿੱਚ ਡਟਣ ਵਾਲ਼ੀ ਹਰ ਸ਼ਖਸੀਅਤ, ਹਰ ਧਿਰ, ਹਰ ਸੰਸਥਾ ਤੇ ਹਰ ਵਰਤਾਰੇ ਖ਼ਿਲਾਫ਼ ਸਿੱਖ ਸਫ਼ਾਂ ਵਿੱਚ ਐਨਾ ਕੁ ਕੂੜ-ਪ੍ਰਚਾਰ ਕਰ ਦਿੱਤਾ ਗਿਆ ਹੈ ਕਿ ਲੋਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਮੰਨੀ ਬੈਠੇ ਹਨ।

ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਅਤੇ ਅਖੰਡ ਕੀਰਤਨੀ ਜਥਾ ਤੇ ਹੋਰਾਂ ਜੁਝਾਰੂ-ਜਰਨੈਲਾਂ ਤੇ ਪੰਥਕ ਦਰਦ ਰੱਖਣ ਵਾਲ਼ੇ ਸੰਘਰਸ਼ਸ਼ੀਲ ਅਤੇ ਨਾਮ-ਬਾਣੀ ‘ਚ ਭਿੱਜੇ ਗੁਰਸਿੱਖਾਂ ਨੂੰ ਨਿੰਦਣ-ਭੰਡਣ ਤੇ ਉਹਨਾਂ ਦੀ ਕਿਰਦਾਰਕੁਸ਼ੀ ਵਾਲ਼ੀ ਲਹਿਰ ਖ਼ਿਲਾਫ਼ ਲੜਨ ਵਾਲ਼ਿਆ ਵਿੱਚ ਮੈਂ ਭਾਈ ਰਣਜੀਤ ਸਿੰਘ ਦੀ ਕਲਮ ਨੂੰ ਲਗਾਤਾਰ ਵਗਦੀ ਵੇਖਦਾ ਹਾਂ ਤਾਂ ਮੇਰੇ ਚੇਤਿਆਂ ਵਿੱਚ ਓਸ ਮਲਾਹ ਦੀ ਯਾਦ ਉਭਰਦੀ ਹੈ ਜੀਹਦੀ ਕਿਸ਼ਤੀ ਤੂਫ਼ਾਨਾਂ ਵਿੱਚ ਘਿਰੀ ਹੋਵੇ, ਚੱਪੂ ਟੁੱਟਿਆ ਹੋਵੇ ਤੇ ਘੁੱਪ-ਹਨੇਰੇ ਵਿੱਚ ਉਹ ਕਿਸ਼ਤੀ ਨੂੰ ਕਿਸੇ ਕਿਨਾਰੇ ਲਾਉਣ ਲਈ ਜੂਝ ਰਿਹਾ ਹੋਵੇ।

ਭਾਈ ਰਣਜੀਤ ਸਿੰਘ ਉਹਨਾਂ ਸਿੱਖ ਨੌਜਵਾਨਾਂ ਵਿੱਚੋਂ ਹੈ ਜਿੰਨ੍ਹਾਂ ਨੇ 1984 ਨੂੰ ਅੱਖੀਂ ਨਹੀ ਵੇਖਿਆ ਪਰ ਓਸ ਵਹਿਸ਼ੀ ਘੱਲੂਘਾਰੇ ਦਾ ਦਰਦ ਉਹਨਾਂ ਦੀ ਰੂਹ ਨੂੰ ਵਿੰਨ੍ਹ ਗਿਆ ਹੈ। ਉਹਨਾਂ ਦੀ ਨਸ-ਨਸ ਵਿੱਚ ਘੱਲੂਘਾਰੇ ਦੀ ਪੀੜ ਸੰਤਾਪ ਦਿੰਦੀ ਹੈ। ਉਹ ਉਹਨਾਂ ਵਿੱਚੋਂ ਇੱਕ ਹੈ ਜਿਹੜੇ ਇਸ ਦਰਦ ਨੂੰ ਆਪ ਦੇ ਮਨ ਦਾ ਗਹਿਣਾ ਬਣਾ ਚੁੱਕੇ ਨੇ। ਹਕੂਮਤੀ ਜਬਰਾਂ ਦੀ ਆਹਟ ਉਸ ਦੇ ਬੂਹਿਆਂ ‘ਤੇ ਧਮਕਦੀ ਹੈ ਪਰ ਉਹਨਾਂ ਨੂੰ ਆਪ ਦੇ ਪੰਥਕ ਫ਼ਰਜ਼ਾਂ ਪ੍ਰਤੀ ਸ਼ਿੱਦਤ ਤੇ ਮੋਹ ਐਨਾ ਜਿਆਦਾ ਹੈ ਕਿ ਉਹ ਆਪ ਦੇ ਸਫ਼ਰ ਤੇ ਅੱਗੇ ਹੀ ਵਧ ਰਿਹਾ ਹੈ।

ਭਾਈ ਰਣਜੀਤ ਸਿੰਘ ਤੇ ਉਸ ਦੇ ਵਰਗੇ ਹੋਰ ਸਿੱਖ ਨੌਜਵਾਨ ਜਦ ਸਾਡੇ ਵਰਗੇ ਪਹਿਲੀ ਪੀੜ੍ਹੀ ਦੇ ਖ਼ਾਲਿਸਤਾਨੀਆਂ ਨੂੰ ਮਿਲ਼ਦੇ ਨੇ ਤਾਂ ਬੜੀਆਂ ਆਸਾਂ ਤੇ ਰੀਝਾਂ ਲੈ ਕੇ ਮਿਲਦੇ ਨੇ ਪਰ ਅਸੀਂ ਉਹਨਾਂ ਦੇ ਜਵਾਨ ਜਜ਼ਬਿਆਂ ਸਾਹਮਣੇ ਬਹੁਤੀ ਵਾਰ ਨਿੱਕੇ ਸਾਬਿਤ ਹੁੰਦੇ ਹਾਂ। ਕਹਿੰਦੇ ਨੇ ਜਿਉਂ-ਜਿਉਂ ਬੰਦੇ ਦੀ ਉਮਰ ਤੇ ਤਜ਼ਰਬਾ ਵੱਡੇ ਹੁੰਦੇ ਜਾਂਦੇ ਨੇ ਤਾਂ ਸੂਝ-ਸਿਆਣਪ ਬੰਦੇ ਨੂੰ ਫ਼ੈਸਲੇ ਲੈਣ ਮੌਕੇ ਬੜੀਆਂ ਡੂੰਘੀਆਂ ਸੋਚਾਂ ਵਿੱਚ ਘੇਰ ਕੇ ਕਮਜ਼ੋਰ ਜਿਹਾ ਕਰ ਦਿੰਦੀ ਹੈ ਪਰ ਜਵਾਨੀ ਦੇ ਦੌਰ ਵਿੱਚ ਇਹੋ ਜਿਹੀਆਂ ਸੋਚਾਂ ਵੱਲੋਂ ਬੰਦਾ ਬੇਪਰਵਾਹ ਹੁੰਦਾ ਹੈ।

ਜਦ ਕਦੇ ਭਾਈ ਰਣਜੀਤ ਸਿੰਘ ਕਿਸੇ ਮਸਲੇ ‘ਤੇ ਮੇਰੇ ਨਾਲ਼ ਅਸਹਿਮਤ ਹੋ ਕੇ ਚਰਚਾ ਕਰ ਰਿਹਾ ਹੁੰਦਾ ਹੈ ਤਾਂ ਵੀ ਉਹ ਤਹਿਜ਼ੀਬ ਦਾ ਪੱਲਾ ਨਹੀਂ ਛੱਡਦਾ ਤੇ ਆਪ ਦੀ ਰਾਏ ਤੇ ਗੱਲ ਕਹਿਣ ਲੱਗਿਆਂ ਬੇ-ਲਾਗ ਹੋ ਜਾਂਦਾ ਹੈ। ਮੈਨੂੰ ਉਦੋਂ ਬੜਾ ਵਧੀਆ ਮਹਿਸੂਸ ਹੁੰਦਾ ਹੈ ਕਿ ਉਹ ਮੇਰੇ ਓਟ-ਆਸਰੇ ਤੇ ਸਹਾਰੇ ਦਾ ਮੁਥਾਜ ਨਹੀਂ। ਹਰ ਪਲ, ਹਰ ਦਿਨ, ਹਰ ਮਹੀਨੇ, ਹਰ ਸਾਲ ਉਹਦੀ ਸ਼ਖਸੀਅਤ ਨਿਖਰਦੀ ਜਾਂਦੀ ਹੈ। ਮੈਂ ਉਹਦੇ ਵਿੱਚੋਂ ਆਪ ਦਾ ਅਕਸ ਵੇਖਦਾ ਹਾਂ। ਕਿਸੇ ਵੇਲ਼ੇ ਮੈਂ ਵੀ ਇਉਂ ਹੀ ਪੰਥਕ ਪਿੜ ਵਿੱਚ ਸਰਗਰਮ ਹੋਇਆ ਸੀ ਬੇਸ਼ੱਕ ਓਦੋਂ ਤੇ ਅੱਜ ਦਾ ਬੜਾ ਫ਼ਰਕ ਹੈ ਪਰ ਭਾਈ ਰਣਜੀਤ ਸਿੰਘ ਜੇ ਪੰਥਕ ਪਿੜ ਵਿੱਚ ਆਪ ਦਾ ਨਾਂ ਤੇ ਪਛਾਣ ਬਣਾ ਰਿਹਾ ਹੈ ਤਾਂ ਇਹ ਉਸ ਦੇ ਉੱਪਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ।

ਮੈਂ ਕਦੇ ਇਹ ਦਾਅਵਾ ਨਹੀਂ ਕਰ ਸਕਦਾ ਕਿ ਭਾਈ ਰਣਜੀਤ ਸਿੰਘ ਮੇਰੇ ਕਰ ਕੇ ਹੀ ਇਸ ਮੁਕਾਮ ਉੱਤੇ ਪਹੁੰਚਿਆ ਹੈ। ਇਹ ਤਾਂ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਉਹਨੇ ਇਹੀ ਕੁਝ ਕਰਨਾ ਸੀ ਕਿਉਂਕਿ ਸਤਿਗੁਰਾਂ ਨੇ ਉਹਦੀ ਇਹੀ ਜ਼ਿੰਮੇਵਾਰੀ ਲਾਈ ਹੋਈ ਹੈ। ਉਹਨਾਂ ਹੋਰ ਹਜ਼ਾਰਾਂ ਨੌਜਵਾਨਾਂ ਵਾਂਗ ਨਹੀਂ ਸੀ ਰਹਿ ਸਕਦਾ ਜਿਹੜੇ ਅੱਜ ਦੇ ਵੇਲ਼ਿਆਂ ਦੀਆਂ ਪੰਥ-ਵਿਰੋਧੀ ਹਨੇਰੀਆਂ ਵਿੱਚ ਘਿਰ ਕੇ ਵਾ-ਵਰੋਲਿਆਂ ਵਿੱਚ ਉਲ਼ਝ ਕੇ ਘਾਹ-ਫੂਸ ਵਾਂਗ ਉੱਡਦੇ ਫਿਰਦੇ ਨੇ। ਬੜੇ ਲੋਕ ਨੇ ਜਿਹੜੇ ਲਿਫਾਫਿਆਂ ਵਾਂਗ ਜਿੱਧਰ ਨੂੰ ਹਵਾ ਹੁੰਦੀ ਹੈ, ਓਧਰ ਨੂੰ ਤੁਰ ਜਾਂਦੇ ਨੇ ਪਰ ਭਾਈ ਰਣਜੀਤ ਸਿੰਘ ਉੱਪਰ ਪਾਤਸ਼ਾਹ ਨੇ ਇਹ ਜ਼ਿੰਮੇਵਾਰੀ ਬਖਸ਼ੀ ਹੈ ਕਿ “ਸਿੰਘਾਂ! ਤੂੰ ਪੰਥ ਦੀ ਸੇਵਾ ਕਰਨੀ ਹੈ।”

ਸੋ, ਉਹ ਉਹਨਾਂ ਵਿੱਚੋਂ ਹੈ ਜਿਹੜੇ ਪੰਥ ਦੀ ਸੇਵਾ ਕਰਦੇ ਨੇ। ਘਰ-ਪਰਿਵਾਰ, ਰਿਸ਼ਤੇਦਾਰ, ਦੋਸਤ-ਮਿੱਤਰ ਸਭ ਪਿੱਛੇ ਪਰ ਹਰ ਵੇਲ਼ੇ ਪੰਥ ਪਹਿਲਾਂ! ਯਕੀਨਨ ਇਹੋ ਜਿਹੀ ਬਿਰਤੀ ਵਾਲ਼ਿਆਂ ਦੇ ਕਈ ਹੋਰ ਥਾਂ ਜਾਣੋਂ ਰਹਿ ਜਾਂਦੇ ਨੇ। ਕਿਸੇ ਘਰੇਲੂ ਸਮਾਗਮ ਨਾਲ਼ੋਂ ਪੰਥਕ ਸਮਾਗਮ ਨੂੰ ਤਰਜੀਹ ਦਿੰਦੇ ਨੇ। ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਵੀ ਸੁਣਦੇ ਨੇ ਪਰ ਕੋਈ ਵੀ ਔਂਕੜ, ਕੋਈ ਵੀ ਤਕਲੀਫ਼ ਉਹਨਾਂ ਨੂੰ ਇਸ ਰਾਹ ਤੋਂ ਮੋੜ ਨਹੀਂ ਸਕਦੀ।

ਮੇਰੀਆਂ ਸ਼ੁੱਭ-ਇਛਾਵਾਂ ਸਦਾ ਭਾਈ ਰਣਜੀਤ ਸਿੰਘ ਦੇ ਨਾਲ਼ ਨੇ। ਜਿਹੜੇ ਉਸ ਨੂੰ ਤੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਪਰ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਹਰ ਦੁੱਖ-ਸੁੱਖ ਮੌਕੇ ਮੈਂ ਸਦਾ ਉਸ ਦੇ ਨਾਲ਼ ਹਾਂ। ਹਰ ਸਮੱਸਿਆ, ਹਰ ਸੰਕਟ ਮੌਕੇ ਉਹਦਾ ਸਭ ਤੋਂ ਪਹਿਲਾਂ ਫੋਨ ਮੈਨੂੰ ਹੀ ਆਉਂਦਾ ਹੈ। ਜਦ ਕੋਈ ਉਸ ਨੂੰ ਕਹਿ ਵੀ ਦੇਵੇ ਕਿ ਇਹ ਗੱਲ ਕਿਸੇ ਹੋਰ ਨਾਲ਼ ਨਹੀਂ ਕਰਨੀ ਤਾਂ ਉਹ ਬੇਝਿਜਕ ਹੋ ਕੇ ਕਹਿ ਦਿੰਦਾ ਹੈ ਕਿ ‘ਘੁਮਾਣ ਭਾਜੀ’ ਨੂੰ ਤਾਂ ਜ਼ਰੂਰ ਦੱਸਣੀ ਪੈਣੀ ਹੈ। ਤੇ ਹਦਾਇਤ ਦੇਣ ਵਾਲ਼ਾ ਵੀ ਬਗੈਰ ਕਹੇ ਕਹਿ ਜਾਂਦਾ ਹੈ ਕਿ ਇਹ ਤਾਂ ਮੈਨੂੰ ਵੈਸੇ ਵੀ ਪਤੈ। ਉਸ ਦੇ ਖ਼ਿਲਾਫ਼ ਜਾਂਦੀਆਂ ਤੱਤੀਆਂ ਹਵਾਵਾਂ ਸਾਹਮਣੇ ਡੱਟ ਕੇ ਖੜ੍ਹਨਾ ਮੇਰਾ ਫ਼ਰਜ਼ ਹੈ।

ਸਤਿਗੁਰੂ ਅੱਗੇ ਅਰਦਾਸ-ਬੇਨਤੀ ਹੈ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਸਫ਼ਲਤਾ ਨਾਲ਼ ਨਿਭਾ ਸਕਾਂ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ) ਨੂੰ ਸੱਚੇ ਪਾਤਸ਼ਾਹ ਹੋਰ ਤਰੱਕੀਆਂ ਬਖਸ਼ਣ!

  • ਸਰਬਜੀਤ ਸਿੰਘ ਘੁਮਾਣ

(ਦਲ ਖ਼ਾਲਸਾ) GM

 

 

Follow me on Twitter

Contact Us