Awaaz Qaum Di

ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ

ਕੱਲ੍ਹ ਨਿਰਭਯਾ ਤੇ ਆਸਿਫ਼ਾ ਅੱਜ ਹੈ ਪ੍ਰਿਯੰਕਾ,

ਕਦੋਂ ਵੱਜੂ ਸਰਕਾਰੇ ਤੇਰੇ ਇਨਸਾਫ਼ ਵਾਲ਼ਾ ਡੰਕਾ।

ਮਿਲ਼ ਜਾਂਦਾ ਏਥੇ ਬਲਾਤਕਾਰੀ ਨੂੰ ਵਕੀਲ ਹੈ,

ਅਬਲਾ ਗਰੀਬ ਦੀ ਨਾ ਸੁਣੀਂਦੀ ਅਪੀਲ ਹੈ।

ਮਹਿਲਾਂ ਵਿੱਚ ਬੈਠ ਤੂੰ ਖਾਵੇਂ ਰੋਟੀਆਂ ਤੱਤੀਆਂ,

ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ।

ਹਵਸ਼ ਦਾ ਫੂਕਿਆ ਅੱਜ ਹੋਇਆ ਇਨਸਾਨ ਹੈ,

ਰੱਬ ਵੀ ਵੇਖ ਬੰਦਿਆ ਤੈਨੂੰ ਹੋ ਰਿਹਾ ਹੈਰਾਨ ਹੈ।

ਹਰ ਗਲ਼ੀ ਸੜਕ ਦਾ ਬਣ ਗਿਆ ਸ਼ਮਸ਼ਾਨ ਹੈ,

ਹੋ ਰਹੇ ਬਲਾਤਕਾਰ ਤੇ ਸਰਕਾਰਾਂ ਬੇਈਮਾਨ ਹੈ।

ਮਾਰੀਆਂ ਜਾ ਰਹੀਆਂ ਨੇ ਧੀਆਂ ਚਹੇਤੀਆਂ,

ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ।

ਜਦੋਂ ਮਾਂਵਾਂ ਜੰਮਣੋ ਹੀ ਹਟੀਆਂ ਜੀ ਬੰਦਿਆਂ ਨੂੰ,

ਕੌਣ ਦਊਗੀ ਜਨਮ ਏਹੋ ਜਹੇ ਦਰਿੰਦਿਆ ਨੂੰ।

ਵੇਖ ‘ਕੱਲ੍ਹੀ ਨੂੰ ਜਿਹੜੇ ਬਣ ਜਾਂਦੇ ਏਥੇ ਦਲੇਰ ਨੇ,

ਬੰਦਿਆਂ ਨੂੰ ਖਹਿੰਦੇ ਬਣ ਜਾਂਦੇ ਮਿੱਟੀ ਢੇਰ ਨੇ।

ਦਿੰਦਾ ਕੌਣ ਇਹਨਾਂ ਨੂੰ ਏ ਭੈੜੀਆਂ ਮੱਤੀਆਂ,

ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ।

ਬੰਦਗੀ ਵਿੱਚ ਰਹਿ ਬੰਦਿਆ ਤਾਂ ਤੂੰ ਬੰਦਾ ਏਂ,

ਕਰੇ ਭੈੜੇ ਕਾਰੇ ਤੂੰ ਤਾਂ ਪਸ਼ੂਆਂ ਤੋਂ ਵੀ ਗੰਦਾ ਏਂ।

ਕੁਝ ਤਾਂ ਸੋਚ ਲੈ ਜੇ ਦੁਨੀਆਂ ‘ਤੇ ਆਇਆ ਏਂ,

ਭੈਣ ਹੈ ਤੇਰੀ ਵੀ ਕਿਸੇ ਮਾਂ ਦਾ ਹੀ ਜਾਇਆਂ ਏਂ।

ਸਰਕਾਰੇ ਤੂੰ ਵੀ ਸ਼ਰਮ ਕਰ ਮਾਸਾਂ ਰੱਤੀਆਂ,

ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ।

ਇਨਸਾਫ਼ ਲੈਣ ਲਈ ਜੇ ਚੁੱਕ ਲਈਆਂ ਸਮਸ਼ੀਰਾਂ,

ਨਾ ਕਿਹੋ ਫੇਰ ਤੁਸੀਂ ਕਨੂੰਨ ਕੀਤਾ ਲੀਰੋ-ਲੀਰਾਂ।

‘ਦੀਪ’ ਜਿਸਦੀ ਲੋੜ ਓਹ ਮਕਾਨ ਨ੍ਹੀ ਢਾਹੀਦਾ,

ਬਲਾਤਕਾਰੀਆਂ ਨੂੰ ਫਾਹੇ ਟੰਗਣਾ ਹੀ ਚਾਹੀਦਾ।

ਇਹ ਕੁਝ ਚੱਲਿਆ ਤੇਗਾਂ ਉਠੱਣਗੀਆਂ ਛੱਤੀਆਂ,

ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ।

  • ਗਿਆਨੀ ਦੀਪ ਸਿੰਘ ਪਾਉਂਟਾ ਸਾਹਿਬ

(ਵਿਦਿਆਰਥੀ ਦਮਦਮੀ ਟਕਸਾਲ) GM

 

 

Follow me on Twitter

Contact Us