Awaaz Qaum Di

‘ਸਿੱਖ ਕਤਲੇਆਮ ਵੇਲੇ ਸਿੱਧਾ PMO ਨੂੰ ਰਿਪੋਰਟ ਕਰ ਰਹੇ ਸਨ ਦਿੱਲੀ ਦੇ ਥਾਣੇ’

ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੱਡਾ ਬਿਆਨ ਇਸ ਵੇਲੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ, ਜੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ’ਤੇ ਅਮਲ ਕੀਤਾ ਹੁੰਦਾ।

1984 ਦੀਆਂ ਉਹ ਖ਼ੌਫ਼ਨਾਕ ਤੇ ਦਰਦਨਾਕ ਘਟਨਾਵਾਂ ਮੁੜ ਮੀਡੀਆ ਦੀਆਂ ਸੁਰਖ਼ੀਆਂ ’ਚ ਹਨ। ਪਰ ਨਰਸਿਮਹਾ ਰਾਓ ਦੇ ਜੀਵਨ ਤੇ ਸਿਆਸੀ ਮਾਮਲਿਆਂ ਬਾਰੇ ਲੇਖਕ ਵਿਨੇ ਸੀਤਾਪਤੀ ਵੱਲੋਂ ਲਿਖੀ ਗਈ ਕਿਤਾਬ ‘ਹਾਫ਼ ਲਾੱਇਨ: ਹਾਓ ਪੀਵੀ ਨਰਸਿਮਹਾ ਰਾਓ ਟ੍ਰਾਂਸਫ਼ਾਰਮਡ ਇੰਡੀਆ’ (ਅੱਧਾ ਸ਼ੇਰ: ਪੀਵੀ ਨਰਸਿਮਹਾ ਰਾਓ ਨੇ ਭਾਰਤ ਨੂੰ ਕਿਵੇਂ ਬਦਲਿਆ) ਮੁਤਾਬਕ ਸਿੱਖ ਕਤਲੇਆਮ ਵੇਲੇ ਦਿੱਲੀ ਦੇ ਸਾਰੇ ਥਾਣੇ ਗ੍ਰਹਿ ਮੰਤਰੀ ਨੂੰ ਨਹੀਂ, ਸਗੋਂ ਸਿੱਧਾ ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਹੀ ਰਿਪੋਰਟ ਕਰ ਰਹੇ ਸਨ।

ਕਿਤਾਬ ਮੁਤਾਬਕ 31 ਅਕਤੂਬਰ, 1984 ਨੂੰ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ, ਤਦ ਸ੍ਰੀ ਨਰਸਿਮਹਾ ਰਾਓ ਆਂਧਰਾ ਪ੍ਰਦੇਸ਼ ਦੇ ਵਾਰੰਗਲ ਦਾ ਦੌਰਾ ਕਰ ਰਹੇ ਸਨ; ਉਨ੍ਹਾਂ ਨੂੰ ਸਵੇਰੇ 10:15 ਵਜੇ ਖ਼ਬਰ ਮਿਲੀ ਕਿ ਸ੍ਰੀਮਤੀ ਇੰਦਰਾ ਗਾਂਧੀ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ।

ਇਹ ਖ਼ਬਰ ਮਿਲਦਿਆਂ ਹੀ ਸ੍ਰੀ ਰਾਓ 1:00 ਵਜੇ ਬੀਐੱਸਐੱਫ਼ ਦੇ ਸਪੈਸ਼ਲ ਹਵਾਈ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ। ਸ੍ਰੀ ਰਾਓ ਸ਼ਾਮੀਂ ਲਗਭਗ 5:00 ਵਜੇ ਦਿੱਲੀ ਪੁੱਜੇ ਤੇ ਸਿੱਧੇ ਏਮਸ (AIIMS) ਗਏ।

ਕਿਤਾਬ ’ਚ ਅੱਗੇ ਲਿਖਿਆ ਹੈ ਕਿ ਦਿੱਲੀ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਤੇ ਪੁਲਿਸ ਸਿੱਧਾ ਕੇਂਦਰੀ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਦੀ ਹੈ। ਉਸ ਸ਼ਾਮ ਨੂੰ ਜਦੋਂ ਪੁਲਿਸ ਨੇ ਸਿੱਖਾਂ ’ਤੇ ਹਮਲਿਆਂ ਦੀ ਰਿਪੋਰਟ ਕਰਨੀ ਸ਼ੁਰੂ ਕੀਤੀ; ਤਦ ਸ੍ਰੀ ਰਾਓ ਰਾਏਸਿਨਾ ਹਿਲ ਉੱਤੇ ਨੌਰਥ ਬਲਾਕ ਸਥਿਤ ਆਪਣੇ ਦਫ਼ਤਰ ਵਿੱਚ ਇੱਕ ਨੌਕਰਸ਼ਾਹ ਨਾਲ ਗੱਲਬਾਤ ਕਰ ਰਹੇ ਸਨ। ਉਹੀ ਨੌਕਰਸ਼ਾਹ (ਉੱਚ ਸਰਕਾਰੀ ਅਧਿਕਾਰੀ) ਅੱਗੇ ਦੱਸਦੇ ਹਨ ਕਿ ਅੱਗੇ ਕੀ ਵਾਪਰਿਆ।

ਉਸ ਅਧਿਕਾਰੀ ਮੁਤਾਬਕ ਸ਼ਾਮੀਂ ਲਗਭਗ 6 ਵਜੇ ਟੈਲੀਫ਼ੋਨ ਆਇਆ ਸੀ। ਲਾਈਨ ’ਤੇ ਇੱਕ ਨੌਜਵਾਨ ਕਾਂਗਰਸੀ ਸੀ, ਜੋ ਰਾਜੀਵ ਗਾਂਧੀ ਦੇ ਬਹੁਤ ਨੇੜੇ ਮੰਨਿਆ ਜਾਂਦਾ ਸੀ। ਉਸ ਨੇ ਨਰਸਿਮਹਾ ਰਾਓ ਨੂੰ ਦਿੱਲੀ ’ਚ ਰਹਿਣ ਵਾਲੇ ਸਿੱਖਾਂ ਉੱਤੇ ਹਮਲਿਆਂ ਬਾਰੇ ਦੱਸਿਆ ਤੇ ਹਿੰਸਾ ਨੂੰ ਲੈ ਕੇ ਹਰ ਤਰ੍ਹਾਂ ਦੇ ਪ੍ਰਤੀਕਰਮ ਬਾਰੇ ਤਾਲਮੇਲ ਰੱਖਣ ਦੀ ਗੱਲ ਆਖੀ। ਇਸ ਤੋਂ ਬਾਅਦ ਹਿੰਸਾ ਬਾਰੇ ਸਾਰੀ ਜਾਣਕਾਰੀ PMO ਨੂੰ ਭੇਜੀ ਜਾਣ ਲੱਗੀ। ਦਿੱਲੀ ਦੇ ਥਾਣੇ ਆਪੋ–ਆਪਣੀ ਰਿਪੋਰਟ ਸਿੱਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਹੀ ਭੇਜ ਰਹੇ ਸਨ। ਇੰਝ ਗ੍ਰਹਿ ਮੰਤਰੀ ਸ੍ਰੀ ਪੀ.ਵੀ. ਨਰਸਿਮਹਾ ਰਾਓ ਨੂੰ ਲਗਭਗ ਅੱਖੋਂ ਪ੍ਰੋਖੇ ਹੀ ਕਰ ਦਿੱਤਾ ਗਿਆ ਸੀ।

 

 

Follow me on Twitter

Contact Us