Awaaz Qaum Di

‘ਸਰਧਾਂਜਲੀ’

ਇੱਕ ਆਰਜੂ ਸੰਗ ਹੰਝੂਆਂ ਦੇ ਦੀਵੇ ਬਾਲ ਕੇ

ਸਰਹੰਦ ਦੀ ਮੁਕੱਦਸ ਜਗ੍ਹਾ ਤੇ ਮਰਸੀਆ ਪੜ੍ਹਨ ਦਾ 

ਤਸੱਵਰ ਕਰਦਾਂ, ਤਾਂ ਸ਼ਬਦ

ਜੀਭ ‘ਤੇ ਆਉਣ ਤੋਂ ਪਹਿਲਾਂ ਹੀ ਲੜਖੜਾ ਜਾਂਦੇ ਨੇ।

ਫੁੱਲਾਂ ਤੋਂ ਕੋਮਲ ਜਿੰਦਾਂ ਦੀ,ਸ਼ਹਾਦਤ ਦੇ ਗਮਗੀਨ ਮੰਜਰ ‘ਤੇ 

ਜਦੋਂ ਬੇਲੋੜੇ ਪਕਵਾਨਾਂ ਦੀਆਂ,ਸਜਾਵਟੀ ਪੇਸ਼ਗੀਆਂ ਵੇਖਦਾਂਂ

ਤਾਂ ਲਾਜੀਜ ਵਸਤਾਂ ਦੀ ਮਹਿਕ ਨਾਲ

 ਸਿਰ ਚਕਰਾਉਣ ਲੱਗ ਪੈਂਦੈ ਅਤੇ

 ਸ਼ੋਕ ਸਭਾ ਦੇ ਰੂਪ ‘ਚ ਸੰਗਤ ਜਦੋਂ

ਆਪ ਹੁਦਰੇ ਰਾਜਸੀ-ਤੰਤਰ ਦੀ ਕਠਪੁਤਲੀ ਬਣ

ਮੰਚ ਤੋਂ ਬੇਗੈਰਤ ਅਖੌਤੀ ਆਗੂਆਂ ਦੀਆਂ ਤਕਰੀਰਾਂ ਸੁਣ

ਬੇਹੂਦਾ ਨਾਹਰਿਆਂ ਅਤੇ ਜੈਕਾਰਿਆਂ ਨਾਲ

ਮਾਤਮੀ ਮਹੌਲ ਨੂੰ ਗੰਧਲਾ ਕਰਦੀ ਹੈ

ਤਾਂ ਸ਼ਰਧਾ ਚ ਲਬਰੇਜ਼ ਅਕੀਦਤ ਦਾ

ਭੀੜ ਤੰਤਰ ਦੇ ਪੈਰਾਂ ਚ ਕੁਚਲਿਆ ਜਾਣਾ ਸੁਭਾਵਿਕ ਹੈ

ਭਾਵੁਕਤਾ ਦੇ ਸ਼ਬਦ ਅਲੋਪ ਹੋ ਜਾਂਦੇ ਨੇ

ਅਤੇ ਸ਼ਰਧਾ ਪਥਰਾ ਜਾਂਦੀ ਹੈ
ਗੈਰਤ ਅਤੇ ਸਬਰ ਦੇ ਰਹਿਬਰਾਂ ਨੂੰ, ਸ਼ਰਧਾਂਜਲੀ ਦਾ ਅਰਥ

ਉਹਨਾਂ ਦੀਆਂ ਲੀਹਾਂ ਤੇ ਤੁਰਨ ਦੀ ਬਜਾਇ

ਸ਼ੋਰ ਸ਼ਰਾਬੇ ਅਤੇ ਬੇਸਮਝੀ ਦੀਆਂ ਅਖੌਤੀ ਰਸਮਾਂ ਚ ਗੁੰਮ ਹੋ ਜਾਂਦੈ।

ਕੌਮ ਦੇ ਰਹਿਨੁਮਾਵਾਂ ਦਾ ਕਿਰਦਾਰ,ਸਿਰਫ 

ਸਿਆਸੀ ਰੋਟੀਆਂ ਸੇਕਣ ਤੱਕ ਮਹਿਦੂਦ ਹੋ ਜਾਂਦੈ।
ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ,ਜਦੋਂ ਮੇਲੇ ‘ਚ ਸੁੰਗੜਦਾ ਵੇਖਦਾਂ,

ਤਾਂ ਹੰਝੂਆਂ ਦੇ ਦੀਵੇ,ਮੁਕੱਦਸ ਜਗ੍ਹਾ ਤੇ ਜਾਣ ਤੋਂ ਪਹਿਲਾਂ ਹੀ

ਲਾਸਾਨੀ ਸ਼ਹੀਦੀ ਸਾਕੇ ਦਾ,ਅਰਥ ਪੁੱਛਦਿਆਂ ਡੋਲ ਜਾਂਦੇ ਨੇ

ਅਤੇ ਆਹ ਭਰੇ ਸ਼ਬਦਾਂ ਦਾ 

ਬੁੱਲ੍ਹਾਂ ਤੇ ਆਕੇ ਲੜਖੜਾਉਣਾ ਸੁਭਾਵਿਕ ਹੈ।

ਸਿਸਕੀਆਂ ਅਤੇ ਹਟਕੋਰਿਆਂ ਨਾਲ ਸ਼ਰਧਾਂਜਲੀ ਦੇ 

ਜ਼ਖਮੀ ਸ਼ਬਦਾਂ ਨੂੰ ਜਿਹਨ ‘ਚ ਦਫਨ ਕਰ 

ਵਾਪਿਸ ਪਰਤ ਆਉਂਦਾ ਹਾਂ ਹਰ ਸਾਲ ਦੀ ਤਰ੍ਹਾਂ।

ਚਮਕੌਰ ਸਿੰਘ ਚਹਿਲ

ਪਟਿਆਲਾ

9876414430 GM

 

 

Follow me on Twitter

Contact Us