Awaaz Qaum Di

“ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ“ਵਾਲੇ ਗੀਤਕਾਰ ਮੱਖਣ ਬਰਾੜ ਨਾਲ ਮਿਲਾਪ

ਬਹੁਤ ਦੇਰ ਦੀ ਤਮੰਨਾ ਸੀ ਕਿ ਮੱਖਣ ਬਰਾੜ ਨੂੰ ਮਿਲਿਆ ਜਾਵੇ।ਮੇਰਾ ਇੱਕ ਦੋਸਤ ਜਿਸ ਨੂੰ ਕਿ ਵਿਰਸੇ ਨਾਲ ਬਹੁਤ ਪਿਆਰ ਹੈ ਉਸ ਨੇ ਆਪਣੇ ਘਰ ਵਿਚ ਅਨੇਕਾਂ ਹੀ ਵਿਰਸੇ ਨਾਲ ਸਬੰਧਿਤ ਪੁਰਾਤਨ ਚੀਜ਼ਾਂ ਦਿਲੋ ਜਾਨ ਤੋਂ ਵੀ ਵੱਧ ਪਿਆਰ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਹਨ, ਤੇ ਦਾਸ ਨੇ ਉਸ ਤੇ ਇਕ ਲੇਖ ਵੀ ਕਾਫੀ ਸਮਾਂ ਪਹਿਲਾਂ ਲਿਖਕੇ ਅਖ਼ਬਾਰਾਂ ਵਿੱਚ ਲਗਾਇਆ ਸੀ,ਮੇਰਾ ਮਤਲਬ ਜਗਸੀਰ ਸਿੰਘ ਸਰਪੰਚ ਪਿੰਡ ਮਹਿਰਾਜ ਵਾਲਾ ਜੀ ਨੇ ਬਹੁਤ ਵਾਰ ਮੱਖਣ ਬਰਾੜ ਨੂੰ ਮਿਲਣ ਦੀ ਤਮੰਨਾ ਜਾਹਿਰ ਕੀਤੀ ਸੀ। ਬਰਾੜ ਸਾਹਿਬ ਦੀ ਇੱਕ ਪੁਸਤਕ ਸ਼ੇਅਰਾਂ ਦੀੱ “ਮੱਖਣ ਬਰਾੜ ਦੀ ਵਿਰਾਸਤ“ਆਈ ਹੋਈ ਹੈ ਜਿਸ ਵਿਚ ਉਨ੍ਹਾਂ ਨੇ ਇੱਕ ਸੌ ਤਿੰਨ ਸ਼ੇਅਰ ਲਿਖੇ ਨੇ ਜੋ ਕਿ ਓਹ ਅਕਸਰ ਹੀ ਸਟੇਜਾਂ ਤੇ ਸਾਂਝੇ ਵੀ ਕਰਦੇ ਰਹਿੰਦੇ ਨੇ, ਉਸ ਨੂੰ ਵੀ ਲੈਣ ਦੀ ਸਾਡੀ ਦਿਲੀ ਤਮੰਨਾ ਸੀ।ਪਰ ਮਿਲਾਪ ਹੋਣਾ ਔਖਾ ਸੀ ਕਿਉਂਕਿ ਬਰਾੜ ਸਾਹਿਬ ਕਨੇਡਾ ਰਹਿੰਦੇ ਨੇ ਤੇ ਇੱਕ ਸਾਲ ਬਾਅਦ ਓਹ ਅਕਸਰ ਹੀ ਆਪਣੇ ਜੱਦੀ ਪਿੰਡ ਤੇ ਜੱਦੀ ਘਰ ਪਿੰਡ ਮੱਲਕੇ ਜ਼ਿਲ੍ਹਾ ਫ਼ਰੀਦਕੋਟ ਨੇੜੇ ਪੰਜ ਗਰਾਈਂ ਕਲਾਂ ਵਿਖੇ ਆਉਂਦੇ ਰਹਿੰਦੇ ਨੇ, ਇਸੇ ਗੱਲ ਤੋਂ ਹੀ ਪਾਠਕ ਦੋਸਤ ਮਿੱਤਰ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਓਹਨਾਂ ਨੂੰ ਆਪਣੀ ਜਨਮ ਭੂਮੀ ਤੇ ਪੰਜਾਬ ਦੀ ਮਿੱਟੀ ਨਾਲ ਕਿੰਨਾ ਮੋਹ ਹੈ।
   ਇੱਕ ਦੋ ਵਾਰ ਓਨਾਂ ਨੂੰ ਮੈਂਸੇਜਰ ਤੇ ਲਿਖਕੇ ਵੀ ਦਾਸ ਨੇ ਆਉਣ ਦੀ ਬਾਬਤ ਪੁੱਛਿਆ ਤੇ ਓਨਾਂ ਨੇ ਦੱਸਿਆ ਵੀ ਸੀ ਕਿ ਸ਼ਰਮਾਂ ਜੀ ਮੈਂ ਕਰੀਬ ਹਰ ਸਾਲ ਹੀ ਦਸੰਬਰ ਜਨਵਰੀ ਫਰਵਰੀ ਪੰਜਾਬ ਆਉਂਦਾ ਹੀ ਹਾਂ ਸੋ ਦੋਸਤੋ ਓਹ ਸਮਾ ਵੀ ਆ ਗਿਆ ਸੀ। ਮੈਂ ਤੇ ਸਰਪੰਚ ਜਗਸੀਰ ਸਿੰਘ ਜੀ ਪਹਿਲੀ ਦਸੰਬਰ ਨੂੰ ਓਹਨਾਂ ਤੋਂ ਟਾਈਮ ਲੈ ਕੇ ਜਾਂ ਪਹੁੰਚੇ ਪਿੰਡ ਮੱਲਕੇ, ਬਹੁਤ ਹੀ ਮਿਲਣਸਾਰ ਇਨਸਾਨ ਨੇ ਮੱਖਣ ਬਰਾੜ ਜੀ ਤੇ ਇਸ ਗੱਲ ਦਾ ਅਹਿਸਾਸ ਹਰ ਇੱਕ ਇਨਸਾਨ ਇਕ ਛੋਟੀ ਜਿਹੀ ਗੱਲ ਤੋਂ ਹੀ ਭਲੀ-ਭਾਂਤ ਲਾ ਸਕਦਾ ਹੈ ਕਿ ਓਸ ਦਿਨ ਓਹਨਾਂ ਨੇ ਕਿਤੇ ਕਿਸੇ ਅੰਤਿਮ ਅਰਦਾਸ ਤੇ ਭਾਵ ਕਿਸੇ ਮਰਗ ਦੇ ਭੋਗ ਤੇ ਪਹੁੰਚਣਾ ਸੀ ਪਰ ਫਿਰ ਵੀ ਓਨਾ ਨੇ ਸਾਨੂੰ ਅੱਧਾ ਪੌਣਾ ਘੰਟਾ ਸਮਾਂ ਦਿੱਤਾ
   ਬਰਾੜ ਸਾਹਿਬ ਨੇ ਆਪਣੇ ਮਿਲੇ ਮਾਣ ਸਨਮਾਨ ਸਾਨੂੰ ਵਿਖਾਉਂਦਿਆਂ ਕਿਹਾ ਕਿ ਮੈਂ ਸਾਰਿਆਂ ਨੂੰ ਇਸ ਗੱਲ ਤੋਂ ਰੋਕਦਾ ਰਹਿੰਦਾ ਹਾ ਕਿਉਕਿ ਬਹੁਤ ਸਾਰੀ ਜਗ੍ਹਾ ਅਲੱਗ ਤੋਂ ਬਣਾ ਕੇ ਵੀ ਸੈਂਕੜਿਆਂ ਦੇ ਹਿਸਾਬ ਨਾਲ ਸੰਭਾਲ ਕੇ ਰੱਖੇ ਪੲੇ ਹਨ,ਪਰ ਲੋਕਾਂ ਦੇ ਅਥਾਹ ਪਿਆਰ ਦੇ ਮੈਂ ਸਦਕੇ ਜਾਂਦਾ ਹਾਂ। ਉਨ੍ਹਾਂ ਨੇ ਪੁੱਛਣ ਤੇ ਦੱਸਿਆ ਕਿ ਮੇਰੇ ਕੋਈ ਜ਼ਿਆਦਾ ਗੀਤ ਨਹੀਂ ਲਿਖੇ ਮੈਂ ਤਾਂ ਸਿਰਫ਼ ਪੰਜਾਹ ਕੁ ਗੀਤ ਹੀ ਲਿਖੇ ਹਨ ਪਰ ਮੈਨੂੰ ਲੋਕਾਂ ਨੇ ਮਣਾਂ ਮੂੰਹੀਂ ਪਿਆਰ ਦੇ ਨਾਲ ਨਿਵਾਜਿਆ ਹੈ। ਅੱਗੇ ਗੱਲ ਕਰਦਿਆਂ ਓਨਾਂ ਦੱਸਿਆ ਕਿ ਹੁਣ ਤੱਕ ਮੈਂ ਤੇਈ ਦੇਸ਼ਾਂ ਦੇ ਵਿੱਚ ਜਾ ਆਇਆ ਹਾਂ ਤੇ ਕਦੇ ਵੀ ਕਿਸੇ ਤੋਂ ਇੱਕ ਰੁਪਏ ਦੀ ਵੀ ਮੰਗ ਨਹੀਂ ਕੀਤੀ ਹਾਂ ਇੱਕ ਗੱਲ ਜਰੂਰ ਕਹਿੰਦਾ ਹਾਂ ਕਿ ਜੇਕਰ ਮੈਂ ਲੋਕਾਂ/ਪਾਠਕਾਂ ਜਾਂ ਸਰੋਤਿਆਂ ਨੂੰ ਖੁਸ਼ ਕਰ ਲਿਆ ਤਾਂ ਮੇਰਾ ਮਾਣ ਕਰਿਓ ਨਹੀਂ ਤਾਂ ਮੈਨੂੰ ਪੈਸੇ ਦੀ ਕੋਈ ਭੁੱਖ ਨਹੀਂ। ਬਰਾੜ ਸਾਹਿਬ ਪਹਿਲੇ ਪੰਜਾਬੀ ਮਾਂ ਬੋਲੀ ਦੇ ਚਹੇਤੇ ਗੀਤਕਾਰ ਨੇ ਜਿਨ੍ਹਾਂ ਦਾ ਪਹਿਲਾ ਗੀਤ ਲਿਖਿਆ ਹੀ ਪੰਜਾਬੀ ਮਾਂ ਬੋਲੀ ਦੇ ਮਾਨ ਗੁਰਦਾਸ ਮਾਨ ਸਾਹਿਬ ਨੇ ਗਾਇਆ ਹੈ“ਆਪਣਾ ਪੰਜਾਬ ਹੋਵੇ,ਘਰ ਦੀ ਸ਼ਰਾਬ ਹੋਵੇ“ਵੈਸੇ ਸਾਰੇ ਹੀ ਗੀਤਕਾਰ ਥੱਲੇ ਤੋਂ ਉੱਪਰ ਨੂੰ ਜਾਂਦੇ ਨੇ ਪਰ ਬਰਾੜ ਸਾਹਿਬ ਉੱਪਰ ਤੋਂ ਹੀ ਹੋਰ ਉੱਪਰ ਨੂੰ ਜਾਣ ਵਾਲੇ ਪੰਜਾਬੀ ਮਾਂ ਬੋਲੀ ਤੇ ਆਪਣੇ ਵਿਰਸੇ ਨਾਲ ਜੁੜੇ ਪਹਿਲੇ ਗੀਤਕਾਰ ਨੇ ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਗੀਤ ਲਿਖਕੇ ਪੰਜਾਬ ਦੇ ਨਾਮੀਂ ਗੀਤਕਾਰਾਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ।
 ਬਰਾੜ ਸਾਹਿਬ ਨਾਲ ਜਦੋਂ ਮੈਂ ਆਪਣੀ ਗੱਲ ਕੀਤੀ ਕਿ ਬਰਾਤ ਸਾਹਿਬ ਮੈਂ ਵੀ ਵਿਰਸਾ ਹੀ ਲਿਖਦਾ ਹਾਂ ਕਿਉਂਕਿ ਮੇਰੀ ਉਮਰ ਛਿਆਹਠ ਸਾਲ ਦੀ ਹੈ ਤੇ ਮੈਂ ਬਹੁਤ ਕੁੱਝ ਵੇਖਿਆ ਵੀ ਹੈ ਤੇ ਹੰਢਾਇਆ ਵੀ ਤਾਂ ਓਹਨਾ ਨੇ ਕਲਾਵੇ ਚ ਲੈਂਦਿਆਂ ਕਿਹਾ ਕਿ ਸ਼ਰਮਾਂ ਜੀ ਮੇਰਾ ਮਨ ਜਿੱਤ ਲਿਆ ਤੁਸੀਂ ਇਹ ਗੱਲ ਕਰਕੇ ਅਸਲੀ ਇਨਸਾਨ ਮੈਂ ਓਸੇ ਨੂੰ ਹੀ ਮੰਨਦਾ ਹਾਂ ਜੋ ਹਮੇਸ਼ਾ ਆਪਣੀ ਮਾਂ ਬੋਲੀ ਤੇ ਵਿਰਸੇ ਨੂੰ ਪਿਆਰ ਕਰਦਾ ਹੈ।ਤੇ ਮੇਰੀ ਪੁਸਤਕ“ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ“ਵੀ ਓਹਨਾਂ ਨੇ ਬੜੇ ਪਿਆਰ ਸਤਿਕਾਰ ਤੇ ਅਦਬ ਨਾਲ ਮੈਥੋਂ ਪਿਆਰ ਭੇਂਟ ਸਵੀਕਾਰ ਕੀਤੀ।ਤੇ ਆਪਣੀ ਪੁਸਤਕ“ਮੱਖਣ ਬਰਾੜ ਦੀ ਵਿਰਾਸਤ“ਇੱਕ ਸੌ ਤਿੰਨ ਸ਼ੇਅਰਾਂ ਵਾਲੀ ਵੀ ਸਾਨੂੰ ਦੋਹਾਂ ਮੈਨੂੰ ਤੇ ਸਰਪੰਚ ਜਗਸੀਰ ਸਿੰਘ ਜੀ ਆਦਰ ਸਤਿਕਾਰ ਨਾਲ ਪਿਆਰ ਨਿਸ਼ਾਨੀ ਦੇ ਤੌਰ ਤੇ ਦਿੱਤੀ। ਬਹੁਤ ਤਮੰਨਾ ਸੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਪਰ ਸਮੇਂ ਨੇ ਜ਼ਿਆਦਾ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਓਨਾਂ ਨੇ ਪਿੰਡ ਬੱਧਣੀ ਕੋਲ ਪਹੁੰਚਣਾ ਸੀ, ਤੇ ਟਾਈਮ ਸਾਢੇ ਗਿਆਰਾਂ ਹੋ ਚੁੱਕੇ ਸਨ।ਪਰ ਅਸੀਂ ਫਿਰ ਵੀ ਬਹੁਤ ਖੁਸ਼ ਸਾਂ ਕਿ ਆਪਣੇ ਰੁਝੇਵਿਆਂ ਵਿਚੋਂ ਬਰਾੜ ਸਾਹਿਬ ਨੇ ਸਾਨੂੰ ਸਮਾਂ ਦਿੱਤਾ।
   ਅੱਧੇ ਪੌਣੇ ਘੰਟੇ ਦੇ ਵਿੱਚ ਹੀ ਹਾਜਰ ਜਵਾਬ ਮੱਖਣ ਬਰਾੜ ਨੇ ਬਹੁਤ ਐਸੇ ਸ਼ੇਅਰ ਸਾਨੂੰ ਸਮੇਂ ਅਨੁਸਾਰ ਬੈਠੇ ਬੈਠੇ ਭਾਵ ਚਾਹ ਪੀਂਦਿਆਂ ਪੀਂਦਿਆਂ ਹੀ ਸੁਣਾਏ। ਓਨਾਂ ਦੀ ਹਰ ਇੱਕ ਗੱਲ ਚੋਂ ਹੀ ਵਿਰਸੇ ਦੀ ਹੀ ਝਲਕ ਪੈਂਦੀ ਸੀ। ਗੱਲ ਕਰਦਿਆਂ ਹੀ ਓਹਨਾਂ ਨੇ ਦੱਸਿਆ ਕਿ ਇਹ ਜਿਹੜੀ ਫੌਜੀ ਪੈਟਰੋਲ ਗੱਡੀ (ਜੀਪ) ਤੇ ਇਨਫੀਲਡ ਮੋਟਰਸਾਈਕਲ ਖੜ੍ਹਾ ਹੈ ਇਹ ਮੇਰੇ ਬੇਟੇ ਦੀ ਪਸੰਦ ਨੇ। ਹੈਰਾਨੀ ਤਾਂ ਓਦੋਂ ਹੋਈ ਕਿ ਚਾਰ ਜਾਂ ਪੰਜ ਸਾਲ ਦੇ ਵਿੱਚ ਮੋਟਰਸਾਈਕਲ ਤੇ ਫੌਜੀ ਜੀਪ ਸੈਂਕੜਾ ਸੈਂਕੜਾ ਹੀ ਕਿਲੋਮੀਟਰ ਚੱਲੇ ਨੇ ਤੇ ਹਾਲਾਤ ਬਿਲਕੁਲ ਇਸ ਤਰ੍ਹਾਂ ਹੈ ਕਿ ਹੁਣੇ ਹੁਣੇ ਹੀ ਜਿਵੇਂ ਏਜੰਸੀ ਤੋਂ ਲਿਆਂਦੇ ਹੋਣ।
  ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਗੀਤ ਦੀ ਗੱਲ ਕਰਦਿਆਂ ਬਰਾੜ ਸਾਹਿਬ ਨੇ ਦੱਸਿਆ ਕਿ ਮੈਂ ਉਨੀਂ ਸੌ ਸਤੱਨਵੇਂ ਚ ਪਾਕਿਸਤਾਨ ਗਿਆ ਸਾਂ ਓਦੋਂ ਹੀ ਮੈਨੂੰ ਇਹ ਗੀਤ ਲਿਖਣ ਦੀ ਓਹਨਾਂ ਭਾਵ ਦੂਸਰੇ ਦੇਸ਼ ਵਿਚੋਂ ਮਿਲੇ ਅਥਾਹ ਪਿਆਰ ਤੋਂ ਹੀ ਮਿਲੀ ਜਿਸ ਨੂੰ ਕਿ ਆਪਣੇ ਜਾਂ ਆਪਣੀਆਂ ਸਮੇਂ ਦੀਆਂ ਸਰਕਾਰਾਂ ਨੇ ਅਲੱਗ-ਅਲੱਗ ਕੀਤਾ ਹੈ ਵੈਸੇ ਆਪਾਂ ਸਾਰੇ ਹੀ ਇੱਕ ਹਾਂ।ਇਕੋ ਜਿਹਾ ਰਹਿਣ ਸਹਿਣ ਪਹਿਰਾਵਾ ਬੋਲੀ ਫਿਰ ਮਨਾਂ ਚ ਦੂਰੀਆਂ ਕਿਉਂ ਇਹ ਗੱਲ ਕਰਦੇ ਕਰਦੇ ਓਹ ਇੱਕ ਵਾਰ ਰੁਕੇ ਵੀ ਸਨ ਜਿਵੇਂ ਓਹਨਾਂ ਦਾ ਮਨ ਭਰ ਆਇਆ ਹੋਵੇ। ਓਨਾਂ ਦੱਸਿਆ ਕਿ ਮੇਰੇ ਇਸ ਗੀਤ ਨੂੰ ਗਿੱਲ ਹਰਦੀਪ ਜੀ ਨੇ ਗਾਇਆ ਵੀ ਬਹੁਤ ਖੂਬ ਹੈ ਜਿਸ ਨਾਲ ਮੈਨੂੰ ਇੱਕ ਨਿਵੇਕਲੀ ਪਛਾਣ ਮਿਲੀ।
   ਬਰਾੜ ਸਾਹਿਬ ਨੇ ਦੱਸਿਆ ਕਿ ਮੇਰੇ ਲਿਖੇ ਗੀਤਾਂ ਨੂੰ ਗਿੱਲ ਹਰਦੀਪ, ਗੁਰਦਾਸ ਮਾਨ,ਹੰਸ ਰਾਜ ਹੰਸ, ਸਰਬਜੀਤ ਚੀਮਾ,ਮੰਡੇਰ ਬ੍ਰਦਰਜ਼, ਮਲਕੀਤ ਸਿੰਘ, ਸਤਵਿੰਦਰ ਬੁੱਗਾ, ਅੰਗਰੇਜ਼ ਅਲੀ,ਰਾਜ ਬਰਾੜ, ਬਲਵੀਰ ਚੋਟੀਆਂ,ਬੱਬੂ ਗੁਰਪਾਲ, ਲਾਭ ਹੀਰਾ, ਜਗਤਾਰ ਬਰਾੜ, ਗੁਰਤੇਜ ਵਰਗੇ ਬਹੁਤ ਹੀ ਵਧੀਆ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ ਪਰ ਮੇਰੇ ਜ਼ਿਆਦਾ ਗੀਤ ਗਿੱਲ ਹਰਦੀਪ ਨੇ ਗਾਏ ਹਨ।
   ਅੱਗੇ ਗੱਲ ਕਰਦਿਆਂ ਬਰਾੜ ਸਾਹਿਬ ਨੇ ਦੱਸਿਆ ਕਿ ਮੈਂ ਬੇਸ਼ਕ ਦੇਸ਼ ਦੀਆਂ ਮਾੜੀਆਂ ਨੀਤੀਆਂ ਜਾਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੀਆਂ ਗੋਦੀਆਂ ਤੇ ਲੋਕ ਮਾਰੂ ਨੀਤੀਆਂ ਕਰਕੇ ਕਨੇਡਾ ਦੇ ਵਿੱਚ ਰਹਿ ਰਿਹਾ ਹਾਂ ਪਰ ਹਮੇਸ਼ਾ ਆਪਣੀ ਮਿੱਟੀ ਮਾਂ ਬੋਲੀ ਤੇ ਵਿਰਸੇ ਨਾਲ ਜੁੜਿਆ ਰਹਿੰਦਾ ਹਾ। ਤੇ ਮੈਨੂੰ ਭਾਵੇਂ ਕਿੰਨੇ ਵੀ ਰੁਝੇਵੇਂ ਹੋਣ ਪਰ ਸਾਲ ਬਾਅਦ ਆਪਣੀ ਜਨਮ ਭੂਮੀ ਪਿੰਡ ਆਕੇ ਆਪਣਿਆਂ ਨਾਲ ਦੁੱਖ-ਸੁੱਖ ਵੰਡਾਉਣਾ ਕਦੇ ਵੀ ਨਹੀਂ ਭੁੱਲਦਾ ਤੇ ਨਾ ਹੀ ਭੁੱਲਾਂਗਾ।
   ਜਦੋਂ ਬਰਾੜ ਸਾਹਿਬ ਨੂੰ ਕੋਈ ਗਾਇਕਾਂ ਲਈ ਗੀਤਕਾਰਾਂ ਲਈ ਕੋਈ ਸੰਦਸ਼ ਦੀ ਬਾਬਤ ਪੁੱਛਿਆ ਤਾਂ ਉਨ੍ਹਾਂ ਬੜੇ ਭਾਵਪੂਰਤ ਲਹਿਜੇ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਸ਼ਰਮਾਂ ਜੀ ਕੌਣ ਕਿਸੇ ਦਾ ਸੰਦੇਸ਼ ਲੈਂਦਾ ਹੈ ਤੇ ਕਦੋਂ ਕੋਈ ਕਿਸੇ ਦੀ ਮੰਨਦਾ ਹੈ,ਪਰ ਜਦ ਤੁਸੀਂ ਪੁੱਛ ਹੀ ਲਿਆ ਹੈ ਤਾਂ ਮੈਂ ਤਾਂ ਸਮੁੱਚੇ ਗਾਇਕਾਂ ਗੀਤਕਾਰਾਂ ਲੇਖਕਾਂ ਨੂੰ ਇਕੋ ਇੱਕ ਰਾਇ ਦੇ ਸਕਦਾ ਹਾਂ ਕਿ ਚੰਗਾ ਲਿਖੋ ਚੰਗਾ ਗਾਓ ਪੰਜਾਬੀ ਮਾਂ ਬੋਲੀ ਨਾਲ ਤੇ ਵਿਰਸੇ ਨਾਲ ਜੁੜਕੇ ਰਹੋ। ਮੈਂ ਖੁਦ ਆਪਣੀ ਗੱਲ ਕਰਦਾ ਹਾਂ ਕਿ ਮੈਂ ਤੇਰੀ ਦੇਸ਼ਾਂ ਵਿੱਚ ਗਿਆ ਹਾਂ ਹਰ ਇੱਕ ਦੇਸ਼ ਵਿੱਚ ਹੀ ਪੰਜਾਬੀ ਵਸੇ ਹੋਏ ਨੇ ਤੇ ਹਰ ਇੱਕ ਦੇਸ਼ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਮਿਲਦਾ ਹੈ।
   ਸੋ ਸਾਡੀ ਇਸ ਛੋਟੀ ਜਿਹੀ ਮੁਲਾਕਾਤ ਇੱਕ ਯਾਦਗਾਰੀ ਮੁਲਾਕਾਤ ਤਾਂ ਬਣੀ ਹੁ ਬਣੀ ਓਹਨਾਂ ਤੋਂ ਸਿੱਖਣ ਨੂੰ ਬਹੁਤ ਕੁੱਝ ਮਿਲਿਆ।ਮਿੱਠ ਬੋਲੜੇ ਤੇ ਦਰਿਆ ਦਿਲ ਬਰਾੜ ਸਾਹਿਬ ਨੇ ਸਾਡੇ ਨਾਲ ਇਹ ਵਾਅਦਾ ਵੀ ਕੀਤਾ ਕਿ ਮੇਰੀ ਅਗਲੀ ਕਿਤਾਬ ਜਲਦੀ ਆ ਰਹੀਂ ਹੈ ਓਹ ਵੀ ਮੈਂ ਆਪ ਜੀ ਨੂੰ ਜ਼ਰੂਰ ਦੇਵੇਗਾ ਕਿਉਂਕਿ ਵਿਰਸਾ ਲਿਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
956949556 GM

 

 

Follow me on Twitter

Contact Us