Awaaz Qaum Di

“ਲੱਖਾਂ ਸੰਗਤਾਂ ਹੁੰਦੀਆਂ ਨੇ ਨਤਮਸਤਕ“

ਮਾਘੀ ਤੇ ਲੱਗਣ ਵਾਲੇ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ…


ਦੇਸੀ ਮਹੀਨੇ ਪੋਹ ਦੇ ਆਖਰੀ ਦਿਨ ਭਾਵ ਲੋਹੜੀ ਦੇ ਅਗਲੇ ਦਿਨ ਚੜ੍ਹਨ ਵਾਲੇ ਮਾਘ ਮਹੀਨੇ ਦੀ ਸੰਗਰਾਂਦ ਨੂੰ ਲੱਗਣ ਵਾਲੇ ਪਵਿੱਤਰ ਸ਼ਹੀਦੀ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵਿੱਚ ਖਾਸ ਮਹੱਤਵ ਹੈ। ਇਹ ਇਤਿਹਾਸਕ ਜੋੜ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਤੋੜ ਵਿਛੋੜਾ ਕਰਕੇ ਆਏ ਓਨਾਂ ਚਾਲੀ ਸਿੰਘਾਂ ਦੀ ਦਾਸਤਾਨ ਕਰਕੇ ਤੇ ਓਹਨਾਂ ਮਹਾਨ ਸੂਰਮਿਆਂ ਦੀ ਅਦੁੱਤੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਹੀ ਮਨਾਇਆ ਜਾਂਦਾ ਹੈ।
  ਬੇਸ਼ੱਕ ਲੋਹੜੀ ਦੇ ਤਿਉਹਾਰ ਦਾ ਵੀ ਆਪਣਾ ਮਹੱਤਵ ਹੈ ਨਵੇਂ ਵਿਆਹੇ ਜੋੜੇ, ਨਵੇਂ ਜਨਮੇ ਪੁੱਤਰਾਂ ਦੀ ਲੋਹੜੀ ਵੀ ਖੁਸ਼ੀ ਵਿੱਚ ਅਥਾਹ ਵਾਧਾ ਕਰਦੀ ਹੈ।ਪਰ ਮਾਘੀ ਦੇ ਸ਼ਹੀਦੀ ਜੋੜ ਮੇਲੇ ਤੇ ਲੱਗਣ ਵਾਲਾ ਮੇਲਾ ਪੰਦਰਾਂ ਵੀਹ ਦਿਨ ਪੂਰੇ ਜਾਹੋ ਜਲਾਲ ਤੇ ਰਹਿੰਦਾ ਹੈ।
   ਇਸ ਦਿਨ ਦੇਸ਼ ਵਿਦੇਸ਼ਾਂ ਵਿਚੋਂ ਸੰਗਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਓਹਨਾਂ ਚਾਲੀ ਸਿੰਘਾਂ ਦੀ ਦਿੱਤੀ ਅਨੋਖੀ ਕੁਰਬਾਨੀ ਨੂੰ ਸਿਜਦਾ ਕਰਦੀਆਂ ਹਨ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜਨਮ ਸਫਲਾ ਕਰਦੀਆਂ ਹਨ। ਇਥੇ ਸ੍ਰੀ ਮੁਕਤਸਰ ਸਾਹਿਬ ਵਿਖੇ ਛੇ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਜਿਵੇਂ ਕਿ ਮਾਤਾ ਭਾਗ ਕੌਰ ਜੀ, ਗੁਰਦੁਆਰਾ ਅੰਗੀਠਾ ਸਾਹਿਬ ਜੀ, ਗੁਰਦੁਆਰਾ ਤਰਨਤਾਰਨ ਸਾਹਿਬ ਜੀ, ਗੁਰਦੁਆਰਾ ਰਕਾਬ ਗੰਜ ਸਾਹਿਬ ਜੀ, ਗੁਰਦੁਆਰਾ ਦਾਤਨ ਸਰ ਸਾਹਿਬ ਜੀ, ਗੁਰਦੁਆਰਾ ਤੰਬੂ ਸਾਹਿਬ ਜੀ ਅਤੇ ਗੁਰਦੁਆਰਾ ਟਿੱਬੀ ਸਾਹਿਬ ਜੀ। ਇਨਾਂ ਗੁਰਦੁਆਰਾ ਸਾਹਿਬ ਜੀ ਦੇ ਵੀ ਸੰਗਤਾਂ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲਾ ਕਰਦੀਆਂ ਹਨ।
   ਕਰੀਬ ਪੰਦਰਾਂ ਦਿਨ ਭਰਨ ਵਾਲੇ ਇਸ ਸ਼ਹੀਦੀ ਜੋੜ ਮੇਲੇ ਤੇ ਬੱਚਿਆਂ ਦੇ ਮਨੋਰੰਜਨ ਲਈ ਸਰਕਸ, ਝੂਲੇ, ਅਤੇ ਹੋਰ ਵੀ ਬਹੁਤ ਕਿਸਮ ਦੀਆਂ ਮਨੋਰੰਜਨ ਦੀਆਂ ਦੁਕਾਨਾਂ ਸਜਦੀਆਂ ਹਨ। ਮਾਘੀ ਦੇ ਪਵਿੱਤਰ ਦਿਹਾੜੇ ਤੇ ਰਾਤ ਦੇ ਬਾਰਾਂ ਵਜੇ ਤੋਂ ਹੀ ਪਵਿੱਤਰ ਨਹਾਉਣ ਸ਼ੁਰੂ ਹੋ ਜਾਂਦਾ ਹੈ ਤੇ ਸ਼ਾਮ ਤੱਕ ਜਾਰੀ ਰਹਿੰਦਾ ਹੈ। ਲੋਕਾਂ ਦੇ ਭਾਰੀ ਇਕੱਠ ਤੋਂ ਸਿਆਸੀ ਲੋਕ ਵੀ ਆਪਣਾ ਲਾਹਾ ਲੈਣ ਤੋਂ ਪਿੱਛੇ ਨਹੀਂ ਹਟਦੇ,ਭਾਵ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਅਕਾਲੀ ਦਲ ਅੰਮ੍ਰਿਤਸਰ,ਆਪ ਪਾਰਟੀ,ਕਿਸਾਨ ਯੂਨੀਅਨ, ਵਾਲੇ ਆਪੋ-ਆਪਣੀਆਂ ਕਾਨਫਰੰਸਾਂ ਕਰਦੇ ਹਨ ਤੇ ਇੱਕ ਦੂਜੇ ਤੇ ਸ਼ਬਦੀ ਹਮਲਿਆਂ ਦੇ ਵਾਰ ਕਰਦੇ ਹਨ। ਇਨਾਂ ਕਾਨਫਰੰਸਾਂ ਵਿਚ ਪਹੁੰਚਣ ਵਾਲੇ ਪੰਜਾਬ ਦੇ ਤੇ ਜਾਂ ਫਿਰ ਸੈਂਟਰ ਦੇ ਮਨਿਸਟਰ ਬਹੁਤ ਵਾਰ ਕਾਨਫਰੰਸਾਂ ਵਿੱਚ ਹੀ ਸਿੱਧੇ ਪਹੁੰਚਦੇ ਹਨ ਇਥੋਂ ਹੀ ਸਮੇਂ ਦਾ ਵਾਸਤਾ ਪਾਕੇ ਵਾਪਸ ਚਲੇ ਜਾਂਦੇ ਹਨ,ਇਹ ਓਹਨਾਂ ਮਹਾਨ ਸ਼ਹੀਦੀਆਂ ਦਾ ਬਹੁਤ ਵੱਡਾ ਅਪਮਾਨ ਹੈ।ਇਸ ਵਾਰ ਚੌਦਾਂ ਜਨਵਰੀ ਭਾਵ ਮਾਘੀ ਦੇ ਸ਼ਹੀਦੀ ਜੋੜ ਮੇਲੇ ਤੇ ਸ੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਖ਼ਸਖ਼ਸ ਦੀ ਖੇਤੀ ਦੀ ਗੱਲ ਕਰਨ ਵਾਲਿਆਂ ਦੀਆਂ ਕਾਨਫਰੰਸਾਂ ਹੋਣ ਦੀ ਉਮੀਦ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਇਸ ਵਾਰ ਆਪਣੀ ਕਾਨਫਰੰਸ ਨਹੀਂ ਕਰੇਗੀ।
   ਇਸ ਸ਼ਹੀਦੀ ਜੋੜ ਮੇਲੇ ਤੇ ਪ੍ਰਸ਼ਾਸਨ ਵੱਲੋਂ ਸਾਰੇ ਸੁਚਾਰੂ ਇੰਤਜ਼ਾਮ ਕੀਤੇ ਜਾਂਦੇ ਹਨ,ਪਰ ਫਿਰ ਵੀ ਹਰ ਵਾਰ ਥੋੜ੍ਹੇ ਰਹਿ ਜਾਂਦੇ ਹਨ।ਇਸ ਵਾਰ ਆਵਾਰਾ ਪਸ਼ੂਆਂ ਦੀ ਬਹੁਤ ਜ਼ਿਆਦਾ ਭਰਮਾਰ ਕਰਕੇ ਤੌਖਲਾ ਜਤਾਇਆ ਜਾ ਰਿਹਾ ਹੈ ਕਿ ਅਵਾਰਾ ਘੁੰਮਦੇ ਪਸ਼ੂ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਹਨ।ਸੋ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਇਸ ਬਾਬਤ ਯੋਗ ਪ੍ਰਬੰਧ ਕਰਨ ਦੀ ਅਤਿਅੰਤ ਲੋੜ ਹੈ।
  ਇਸ ਸ਼ਹੀਦੀ ਜੋੜ ਮੇਲੇ ਤੇ ਬਹੁਤ ਦੂਰੋਂ ਦੂਰੋਂ ਆ ਕੇ ਸ਼ਰਧਾਵਾਨ ਅਨੇਕਾਂ ਕਿਸਮ ਦੇ ਲੰਗਰ ਸ਼ਰਧਾਲੂਆਂ ਦੀ ਸੁਵਿਧਾ ਲਈ ਲਗਾਉਂਦੇ ਹਨ। ਤੇ ਲਾਉਂਦੇ ਸਿਰਫ਼ ਇੱਕ ਦਿਨ ਜਾਂ ਦੋ ਦਿਨ ਭਾਵ ਲੋਹੜੀ ਵਾਲੇ ਤੇ ਮਾਘੀ ਵਾਲੇ ਦਿਨ ਹੀ ਹਨ।ਜਿਸ ਕਰਕੇ ਬਹੁਤ ਲੰਗਰ ਬੇਅਰਥ ਹੀ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਇਹੀ ਸ਼ਰਧਾਵਾਨ ਲੰਗਰਾਂ ਦੀ ਸੇਵਾ ਕੲੀ ਦਿਨ ਪਹਿਲਾਂ ਤੇ ਕੲੀ ਦਿਨ ਬਾਅਦ ਵੀ ਲਗਾਇਆ ਕਰਨ। ਤਾਂ ਕਿ ਬਹੁਤ ਦਿਨ ਭਰਨ ਵਾਲੇ ਇਸ ਸ਼ਹੀਦੀ ਜੋੜ ਮੇਲੇ ਤੇ ਸਾਰੇ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਵਿਧਾ ਪ੍ਰਦਾਨ ਹੋ ਸਕੇ।
   ਇੱਕ ਬਹੁਤ ਹੀ ਜ਼ਰੂਰੀ ਗੱਲ ਕਿ ਇਸ ਸ਼ਹੀਦੀ ਜੋੜ ਮੇਲੇ ਤੇ ਲੱਗਣ ਵਾਲੀਆਂ ਦੁਕਾਨਾਂ ਤੇ ਲੋਕਾਂ ਦੀ ਅੰਨ੍ਹੀ ਲੁੱਟ ਵੀ ਟਿਕਟਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਲੋਕਾਂ ਨਾਲ ਅਨਿਆਂ ਅਤੇ ਧੱਕਾ ਹੈ। ਬੇਲੋੜਾ ਲੋਕਾਂ ਤੇ ਬੋਝ ਪਾਇਆ ਜਾਂਦਾ ਹੈ। ਕਿਸੇ ਕਿਸਮ ਦੇ ਮੇਲੇ ਤੇ ਇਹ ਬੋਝ ਨਹੀਂ ਪੈਣਾ ਚਾਹੀਦਾ।ਇਹ ਵੀ ਹਰ ਵਾਰ ਵੇਖਣ ਵਿਚ ਆਉਂਦਾ ਹੈ ਕਿ ਮਾਘੀ ਵਾਲੇ ਦਿਨ ਤੇ ਜਾਂ ਫਿਰ ਲੋਹੜੀ ਵਾਲੇ ਦਿਨ ਥੋੜ੍ਹਾ ਬਹੁਤਾ ਮੀਂਹ ਵੀ ਜ਼ਰੂਰ ਪੈਂਦਾ ਹੈ।ਇਸ ਵਾਰ ਤਾਂ ਪਹਿਲਾਂ ਹੀ ਠੰਡ ਨੇ ਪਹਿਲਾਂ ਦੇ ਕੲੀ ਰਿਕਾਰਡ ਤੋੜ ਦਿੰਤੇ ਹਨ,ਭਾਵ ਬਹੁਤ ਜ਼ਿਆਦਾ ਠੰਢ ਦਾ ਪ੍ਰਕੋਪ ਜਾਰੀ ਹੈ।
    ਇਸ ਇਤਹਾਸਕ ਮੇਲੇ ਦੇ ਮੱਦੇਨਜ਼ਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸ਼ਹਿਰ ਨੂੰ ਸਾਫ ਸੁੱਥਰਾ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਬਠਿੰਡਾ ਰੋਡ ਦਾ ਗੋਲ ਚੌਕ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਸਵਾਰਿਆ ਗਿਆ ਹੈ। ਰੇਲਵੇ ਸਟੇਸ਼ਨ ਦੇ ਅੰਦਰ ਬਣੇ ਪਾਰਕ ਨੂੰ ਵੀ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ। ਹੋਰ ਵੀ ਬਹੁਤ ਥਾਵਾਂ ਨੂੰ ਸੰਵਾਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਤਾਂ ਕਿ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਸ਼ਹਿਰ ਦੀ ਪਵਿੱਤਰਤਾ ਵਧੀਆ ਲੱਗੇ।
   ਅੰਤ ਵਿੱਚ ਕੁਲ ਲੁਕਾਈ ਨੂੰ ਇਸ ਪਵਿੱਤਰ ਸ਼ਹੀਦੀ ਜੋੜ ਮੇਲੇ, ਲੋਹੜੀ ਤਿਉਹਾਰ ਅਤੇ ਆ ਰਹੇ ਗੁਰਪੁਰਬ ਦੀਆਂ ਅਤੇ ਨਵੇਂ ਸਾਲ ਦੋ ਹਜ਼ਾਰ ਵੀਹ ਦੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਜੋਦੜੀ ਹੈ ਕਿ ਇਹ ਸ਼ਹੀਦੀ ਜੋੜ ਮੇਲਾ ਸੁੱਖ ਸ਼ਾਂਤੀ ਨਾਲ ਲੰਘੇ, ਕਿਸੇ ਵੀ ਕਿਸਮ ਦੀ ਅਨਹੋਣੀ ਘਟਨਾ ਨਾ ਵਾਪਰੇ।

-ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556 GM

 

 

Follow me on Twitter

Contact Us