Awaaz Qaum Di

ਜਾਮਿਆ ਦੇ ਟੀਚਰਾਂ ਦਾ ਵਫ਼ਦ ਪਹੁੰਚਿਆ ਦਿੱਲੀ ਕਮੇਟੀ


ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਜਾਮਿਆ ਮਿਲਿਆ ਯੂਨਿਵਰਸਿਟੀ ਦੇ ਟੀਚਰਾਂ ਦੇ ਇੱਕ ਵਫ਼ਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਪਹੁੰਚ ਕੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਹਮਲੇ ਦੀ ਨਿੰਦਾ ਮਗਰੋਂ ਪਾਕਿ ਹਾਈ ਕਮੀਸ਼ਨ ਨੂੰ ਸੌਂਪੇ ਗਏ ਮੰਗ ਪੱਤਰ ਦੀ ਕਾਪੀ ਦਿੱਤੀ।
ਟੀਚਰਾਂ ਦੇ ਵਫ਼ਦ ਜਿਸ ਵਿਚ ਡਾ ਸ਼ਰਨਜੀਤ ਭਸੀਨ, ਪ੍ਰੋਫ਼ੈਸਰ ਸਾਜਿਦ ਜਮੀਲ, ਡਾ. ਹਰਪ੍ਰੀਤ ਕੌਰ, ਪ੍ਰੋ. ਸਿਰਜੁਦੀਨ ਸ਼ਾਮਲ ਸਨ ਨੇ ਦਿੱਲੀ ਕਮੇਟੀ ਅਹੁਦੇਦਾਰਾਂ ਨੂੰ ਦੱਸਿਆ ਕਿ ਨਨਕਾਣਾ ਸਾਹਿਬ ਹਮਲੇ ਦੀ ਜਾਣਕਾਰੀ ਮਿਲਣ ‘ਤੇ ਸਾਰੇ ਟੀਚਰਾਂ ਵੱਲੋਂ ਰੋਸ਼ ਪ੍ਰਕਟ ਕੀਤਾ ਗਿਆ ਅਤੇ ਇਸ ਦੁਖਦਾਈ ਘਟਨਾ ਲਈ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਮਿਲ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਮ ‘ਤੇ ਮੰਗ ਪੱਤਰ ਸੌਂਪਿਆ ਜਿਸ ਵਿਚ ਉਨ੍ਹਾਂ ਲੋਕਾਂ ਖਿਲਾਫ਼ ਸਖਤ ਕਾਰਵਾਈ ਦੀ ਗੱਲ ਕਹੀ ਗਈ ਸੀ ਜਿਨ੍ਹਾਂ ਨੇ ਪਵਿੱਤਰ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹਮਲਾ ਕਰਨ ਦੀ ਕੋਝੀ ਹਰਕਤ ਕੀਤੀ ਸੀ। ਟੀਚਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਕੇਵਲ ਸਿੱਖਾਂ ਦੇ ਗਰੂ ਨਹੀਂ ਹਨ ਉਹ ਸਮੁੱਚੀ ਮਾਨਵਤਾ ਦੇ ਗੁਰੂ ਹਨ।
ਗੁਰੂ ਨਾਨਕ ਸਾਹਿਬ ਲਈ ਸਾਰਿਆਂ ਦੇ ਦਿਲਾਂ ਵਿਚ ਪੂਰਾ ਸਤਿਕਾਰ ਹੈ। ਉਨ੍ਹਾਂ ਦੱਸਿਆ ਕਿ ਜਾਮਿਆ ਮਿਲਿਆ ਕਾਲਜ ਵਿਚ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਹਨ ਅਤੇ ਸਾਰੇ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਰਹਿੰਦੇ ਹੋਏ ਸਾਰੇ ਧਰਮਾਂ ਦਾ ਸਤਿਕਾਰ ਵੀ ਕਰਦੇ ਹਨ।  GM

 

 

Follow me on Twitter

Contact Us