Awaaz Qaum Di

ਸਿੱਖਾਂ ਨੇ ਮੁਸਲਿਮ ਭਾਈਚਾਰੇ ਤੇ ਵਿਦਿਆਰਥੀਆਂ ਦੇ ਹੱਕ ‘ਚ ਖੜ੍ਹ ਕੇ ਮੋਦੀ ਦੀ ਫਾਸੀਵਾਦੀ ਹਕੂਮਤ ਨੂੰ ਵੰਗਾਰਿਆ


ਅਸੀਂ ਲੈ ਕੇ ਰਹਾਂਗੇ ਆਜ਼ਾਦੀ, ਇਹ ਹੱਕ ਹੈ ਸਾਡਾ ਆਜ਼ਾਦੀ

ਦਿੱਲੀ ਵਿੱਚ ਤਿੰਨ ਹਫ਼ਤਿਆਂ ਤੋਂ ਨਾਗਰਿਕਤਾ ਸੋਧ ਕਨੂੰਨ ਅਤੇ ਐੱਨ.ਆਰ.ਸੀ. ਤੇ ਐੱਨ.ਆਰ.ਪੀ. ਵਿਰੁੱਧ ਚਲ ਰਹੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਮੁਸਲਿਮ ਭਾਈਚਾਰੇ ਨਾਲ਼ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਦਲ ਖ਼ਾਲਸਾ ਦੇ ਵੀਹ ਕੁ ਸਿੰਘਾਂ ਦਾ ਇੱਕ ਜਥਾ ਸ. ਕੰਵਰਪਾਲ ਸਿੰਘ ਜੀ ਦੀ ਅਗਵਾਈ ‘ਚ ੨ ਜਨਵਰੀ ਦੀ ਦੁਪਹਿਰ ਨੂੰ ਅੰੰਮ੍ਰਿਤਸਰ ਤੋਂ ਦਿੱਲੀ ਨੂੰ ਬੱਸ ‘ਤੇ ਰਵਾਨਾ ਹੋਇਆ, ਜਿਸ ਵਿੱਚ ਦਾਸ (ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ) ਵੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਜਥੇਬੰਦੀ ਵੱਲੋਂ ਸ਼ਾਮਲ ਸੀ।

ਰਾਤ ਬਾਰ੍ਹਾਂ ਕੁ ਵਜੇ ਅਸੀਂ ਦਿੱਲੀ ਪਹੁੰਚ ਗਏ ਤੇ ਗੁ. ਰਕਾਬ ਗੰਜ ਸਾਹਿਬ ਵਿਖੇ ਠਹਿਰੇ। ਅਗਲੇ ਦਿਨ ਸਵੇਰੇ ੩ ਜਨਵਰੀ ੨੦੨੦ ਨੂੰ ਅਸੀਂ ਇਸ਼ਨਾਨ-ਪਾਣੀ, ਨਿਤਨੇਮ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਲੰਗਰ-ਪ੍ਰਸ਼ਾਦਾ ਛਕ ਕੇ ਅਤੇ ਕੁਝ ਸਮਾਂ ਆਪਸੀ ਪੰਥਕ ਵਿਚਾਰਾਂ ਕਰਕੇ ਦੁਪਹਿਰ ੧ ਕੁ ਵਜੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵੱਲ ਚਲ ਪਏ।

ਜਦ ਅਸੀਂ ਓਥੇ ਪਹੁੰਚੇ ਤਾਂ ਯੂਨੀਵਰਸਿਟੀ ਦੇ ਮੁਸਲਿਮ ਵਿਦਿਆਰਥੀਆਂ ਨੇ ਸਾਡਾ ਅਥਾਹ ਮਾਣ-ਸਤਿਕਾਰ ਕੀਤਾ। ਉਹ ਸਾਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਸਨ ਜਿਵੇਂ ਅਸੀਂ ਉਹਨਾਂ ਨੂੰ ਬਹੁਤ ਵੱਡੀ ਮੁਸੀਬਤ ‘ਚੋਂ ਕੱਢਣ ਲਈ ਪਹੁੰਚ ਗਏ ਹੋਈਏ। ਫਿਰ ਯੂਨੀਵਰਸਿਟੀ ਦੀ ਇੱਕ ਸੀਨੀਅਰ ਵਿਦਿਆਰਥਣ ਸਾਡੇ ਜਥੇ ਨੂੰ ਉਸ ਜਗ੍ਹਾ ‘ਤੇ ਲੈ ਗਈ, ਜਿਥੇ ਰੈਲ਼ੀ ਚਲ ਰਹੀ ਸੀ। ਸਾਡੇ ਓਥੇ ਪਹੁੰਚਦਿਆਂ ਸਾਰ ਹੀ ਰੈਲੀ ਦੇ ਪ੍ਰਬੰਧਕਾਂ ‘ਚ ਸਚਮੁੱਚ ਜਾਨ ‘ਚ ਜਾਨ ਆ ਗਈ। ਜਦ ਸਟੇਜ ਸੈਕਟਰੀ ਨੇ ਓਥੇ ਹਾਜ਼ਰ ਵਿਦਿਆਰਥੀਆਂ ਅਤੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਇਹ ਦੱਸਿਆ ਕਿ ਸਾਡੀ ਹਮਾਇਤ ‘ਚ ਪੰਜਾਬ ਤੋਂ ਸਿੱਖਾਂ ਦਾ ਇੱਕ ਜਥਾ ਪਹੁੰਚ ਚੁੱਕਾ ਹੈ ਤਾਂ ਲੋਕਾਂ ਨੇ ਖੁਸ਼ੀ ‘ਚ ਬੇਹੱਦ ਤਾੜੀਆਂ ਵਜਾਈਆਂ ਤੇ ਸਾਨੂੰ ‘ਜੀ ਆਇਆਂ’ ਕਿਹਾ।

ਸਾਡੇ ਸੀਨੀਅਰ ਆਗੂਆਂ ਸ. ਕੰਵਰਪਾਲ ਸਿੰਘ ਅਤੇ ਪ੍ਰੋ. ਜਗਮੋਹਣ ਸਿੰਘ ਨੂੰ ਉਹਨਾਂ ਨੇ ਸਟੇਜ ‘ਤੇ ਬਿਰਾਜਮਾਨ ਕੀਤਾ ਤੇ ਬਾਕੀ ਅਸੀਂ ਸਾਰੇ ਸਿੱਖ ਨੌਜਵਾਨ ਤਖ਼ਤੀਆਂ, ਬੈਨਰ ਫੜ ਕੇ ਖੜ੍ਹ ਗਏ। ਸਾਡੇ ਹੱਥਾਂ ‘ਚ ਫੜੇ ਬੈਨਰ ਸਭ ਲੋਕਾਂ ਦਾ ਧਿਆਨ ਖਿੱਚ ਰਹੇ ਸਨ ਜਿਸ ‘ਤੇ “ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀ ਸਖ਼ਤ ਸ਼ਬਦਾਂ ‘ਚ ਨਿੰਦਾ” ਲਿਖਿਆ ਹੋਇਆ ਸੀ ਅਤੇ ਇਹ ਵੀ ਲਿਖਿਆ ਸੀ ਕਿ “ਪੰਜਾਬ, ਮੁਸਲਿਮ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕਰਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਫਾਸੀਵਾਦੀ ਨੀਤੀਆਂ ਦਾ ਡਟ ਕੇ ਵਿਰੋਧ ਕਰਦਾ ਹੈ।”

ਵੱਖ-ਵੱਖ ਮੁਸਲਿਮ, ਦਲਿਤ ਅਤੇ ਕਾਮਰੇਡ ਬੁਲਾਰੇ ਤੇ ਹੋਰ ਬੁੱਧੀਜੀਵੀ, ਵਿਦਵਾਨ, ਡਾਕਟਰ, ਵਕੀਲ ਮਾਇਕ ‘ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਹਰ ਕੋਈ ਨਾਗਰਿਕਤਾ ਸੋਧ ਕਨੂੰਨ ਅਤੇ ਐੱਨ.ਆਰ.ਸੀ. ਤੇ ਐੱਨ.ਆਰ.ਪੀ. ਨੂੰ ਹਿੰਦੂਤਵੀ ਸਰਕਾਰ ਦਾ ਬੜਾ ਘਾਤਕ ਕਦਮ ਦਸ ਰਿਹਾ ਸੀ। ਸ਼ਾਮ ਪੈ ਚੁੱਕੀ ਸੀ ਤੇ ਅਖ਼ੀਰ ‘ਚ ਉਹਨਾਂ ਨੇ ਸਿੱਖ ਆਗੂਆਂ ਨੂੰ ਬੋਲਣ ਦਾ ਸਮਾਂ ਦਿੱਤਾ। ਪ੍ਰੋ. ਜਗਮੋਹਣ ਸਿੰਘ, ਸ. ਕੰਵਰਪਾਲ ਸਿੰਘ, ਡਾ. ਸੁਖਪ੍ਰੀਤ ਸਿੰਘ ਉਦੋਕੇ ਅਤੇ ਪ੍ਰੋ. ਪਰਮਜੀਤ ਸਿੰਘ ਮੰਡ ਨੇ ਲੋਕਾਂ ਨੂੰ ਸੰਬੋਧਨ ਕੀਤਾ।

ਉਹਨਾਂ ਕਿਹਾ ਕਿ ਫਾਸੀਵਾਦੀ ਹਕੂਮਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਗਰਿਕਤਾ ਕਨੂੰਨ, ਐੱਨ.ਆਰ.ਸੀ ਤੇ ਐੱਨ.ਆਰ.ਪੀ. ਦਾ ਵਿਰੋਧ ਕਰ ਰਹੇ ਨਾਗਰਿਕਾਂ ਨੂੰ ਧਮਕਾਉਣ ਅਤੇ ਮੁਸਲਮਾਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਰੁੱਧ ਹਿੰਸਾ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਅਮਿਤ ਸ਼ਾਹ ਨੇ ਆਪਣੇ ਬਿਆਨ “ਟੁਕੜੇ-ਟੁਕੜੇ (ਵਿਦਿਆਰਥੀਆਂ) ਗੈਂਗ ਨੂੰ ਸਬਕ ਸਿਖਾਇਆ ਜਾਵੇਗਾ” ਨੂੰ ਏ.ਬੀ.ਵੀ.ਪੀ. ਦੇ ਗੁੰਡਿਆਂ ਰਾਹੀਂ ਸੱਚ ਕਰ ਵਿਖਾਇਆ ਹੈ। ਸਿੱਖ ਆਗੂਆ ਨੇ ਕਿਹਾ ਕਿ ਮੋਦੀ ਦੀ ਫਾਸੀਵਾਦੀ ਸਰਕਾਰ ਜਾਮੀਆ ਯੂਨੀਵਰਸਿਟੀ ਅਤੇ ਜੇ.ਐੱਨ.ਯੂ. ਦੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ਼ ਖਿਲਵਾੜ ਕਰ ਰਹੀ ਹੈ।

ਸਿੱਖ ਆਗੂਆਂ ਦੇ ਸੰਬੋਧਨ ਕਰਨ ਉਪਰੰਤ ਰੈਲ਼ੀ ਦੀ ਸਮਾਪਤੀ ਹੋ ਗਈ ਤੇ ਕੈਂਡਲ ਮਾਰਚ ਦੀ ਤਿਆਰੀ ਹੋ ਗਈ। ਮਾਰਚ ਚੱਲਣ ਤੋਂ ਪਹਿਲਾਂ ਮੁਸਲਿਮ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਸਾਡੇ ਨਾਲ ਤਸਵੀਰਾਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਿੱਖ ਆਗੂਆਂ ਨੇ ਮੀਡੀਆ ਨੂੰ ਵੀ ਸੰਬੋਧਨ ਕੀਤਾ।

ਯੂਨੀਵਰਸਿਟੀ ਤੋਂ ਮਾਰਚ ਤੁਰ ਪਿਆ, ਤਕਰੀਬਨ ਦਸ ਹਜ਼ਾਰ ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ ਇਸ ਮਾਰਚ ‘ਚ ਸ਼ਾਮਲ ਸਨ, ਮੁਸਲਿਮ ਨੌਜਵਾਨਾਂ ਕਾਫ਼ੀ ਵੱਡੀ ਗਿਣਤੀ ‘ਚ ਹਾਜ਼ਰ ਸਨ ਅਤੇ ਮੁਸਲਿਮ ਲੜਕੀਆਂ ਵੀ ਪਿੱਛੇ ਨਹੀਂ ਸਨ ਉਹ ਵੀ ਇਸ ਮਾਰਚ ‘ਚ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਸਨ। ਮਾਰਚ ਦੀ ਕਤਾਰ ਬਹੁਤ ਲੰਬੀ ਸੀ, ਅੱਗੇ-ਪਿੱਛੇ ਦੂਰ-ਦੂਰ ਤਕ ਮਾਰਚ ਹੀ ਨਜ਼ਰ ਆਉਂਦਾ ਸੀ।

“ਮਾਰਚ ‘ਚ ਨੌਜਵਾਨ ਜ਼ਬਰਦਸਤ ਨਾਅਰੇਬਾਜ਼ੀ ਕਰ ਰਹੇ ਸਨ, ਝੰਡੇ ਝੂਲ ਰਹੇ ਸਨ, ਮੋਮਬੱਤੀਆਂ ਜਗ ਰਹੀਆਂ ਸਨ, ਤਖ਼ਤੀਆਂ ਲੋਕਾਂ ਨੂੰ ਸੁਨੇਹੇ ਦੇ ਰਹੀਆਂ ਸਨ, ਹਰ ਪਾਸੇ ਏਹੀ ਆਵਾਜ਼ ਕੰਨਾਂ ‘ਚ ਗੂੰਜ ਰਹੀ ਸੀ “ਬਿਪਰਵਾਦ ਸੇ ਆਜ਼ਾਦੀ, ਬ੍ਰਾਹਮਣਵਾਦ ਸੇ ਆਜ਼ਾਦੀ, ਭ੍ਰਿਸ਼ਟਾਚਾਰੀ ਸੇ ਆਜ਼ਾਦੀ, ਮਨੂੰਵਾਦ ਸੇ ਆਜ਼ਾਦੀ, ਫਾਸੀਵਾਦ ਸੇ ਆਜ਼ਾਦੀ, ਭਾਜਪਾ ਸਰਕਾਰ ਸੇ ਆਜ਼ਾਦੀ, ਹਮ ਛੀਨ ਕੇ ਲੇਂਗੇ।” ਸਿੱਖ ਨੌਜਵਾਨਾਂ ਨੇ ਵੀ ਆਪਣੀ ਪੰਥਕ ਵਿਚਾਰਧਾਰਾ ਅਨੁਸਾਰ ਪੰਜਾਬ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ ਲਾਏ।

ਰਾਤ ਨੌਂ ਕੁ ਵਜੇ ਦੇ ਕਰੀਬ ਮਾਰਚ ਸ਼ਾਹੀਨ ਬਾਗ ਵਿਖੇ ਪਹੁੰਚ ਗਿਆ। ਇਕੱਠ ਏਨਾ ਵੱਡਾ ਸੀ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ। ਓਥੇ ਬਹੁਗਿਤਣੀ ‘ਚ ਜਵਾਨ ਅਤੇ ਬਜ਼ੁਰਗ ਮੁਸਲਿਮ ਔਰਤਾਂ ਦੀ ਭਰਮਾਰ ਸੀ। ਮੁਸਲਿਮ ਵਿਦਿਆਰਥੀਆਂ ਨੇ ਓਥੇ ਸਟੇਜ ਸਿੱਖ ਆਗੂਆਂ ਦੇ ਹਵਾਲੇ ਕਰ ਦਿੱਤੀ ਤੇ ਸਭ ਲੋਕਾਂ ਦੀਆਂ ਨਜ਼ਰਾਂ ਸਾਡੇ ‘ਤੇ ਟਿਕ ਗਈਆਂ। ਫਿਰ ਸ਼ਾਹੀਨ ਬਾਗ ਵਿਖੇ ਵੀ ਸਿੱਖ ਆਗੂ ਪ੍ਰੋ. ਜਗਮੋਹਣ ਸਿੰਘ, ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਅਤੇ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਲੋਕਾਂ ਨੂੰ ਸੰਬੋਧਨ ਕੀਤਾ। ਜਦ ਸਿੱਖ ਆਗੂ, ਮੁਸਲਿਮਾਂ ਦੇ ਹੱਕਾਂ ਦੀ ਗੱਲ ਅਤੇ ਉਹਨਾਂ ਉੱਤੇ ਹੋ ਰਹੇ ਜ਼ਬਰ-ਜ਼ੁਲਮ ਦਾ ਵਿਰੋਧ ਕਰ ਰਹੇ ਸਨ ਤਾਂ ਲੋਕ ਲਗਾਤਾਰ ਤਾੜੀਆਂ ਵਜਾ ਕੇ ਭਰਵਾਂ ਹੁੰਗਾਰਾ ਭਰ ਰਹੇ ਸਨ।

ਤਕਰੀਰ ਦੌਰਾਨ ਸਿੱਖ ਆਗੂਆਂ ਨੇ ਕਿਹਾ ਕਿ ਮੁੱਢ ਤੋਂ ਹੀ ਭਾਰਤੀ ਨੀਤੀ-ਘਾੜਾਂ ਦੀ ਇਹ ਸੋਚ ਰਹੀ ਹੈ ਕਿ ਜਦੋਂ ਇੱਕ ਘੱਟ-ਗਿਣਤੀ ਕੌਮ ਨੂੰ ਕੁਚਲਣਾ ਹੋਵੇ ਤਾਂ ਦੂਜੀ ਘੱਟ-ਗਿਣਤੀ ਕੌਮ ਨੂੰ ਭਰਮਾਇਆ ਤੇ ਫੁਸਲਾਇਆ ਜਾਵੇ। ਪਿਛਲੇ ਪੰਜ-ਛੇ ਮਹੀਨਿਆਂ ਤੋਂ ਲਗਾਤਾਰ ਮੋਦੀ ਸਰਕਾਰ ਵੱਲੋਂ ਕਸ਼ਮੀਰੀ ਮੁਸਲਮਾਨ ਰਗੜੇ ਜਾ ਰਹੇ ਹਨ, ਉਹਨਾਂ ਦੇ ਹੱਕ-ਹਕੂਕ ਦਬਾਏ ਜਾ ਰਹੇ ਹਨ ਤੇ ਦੂਜੇ ਪਾਸੇ ਸਿੱਖਾਂ ਨੂੰ ਖੁਸ਼ ਕਰਨ ਲਈ ਨਵੇਂ-ਨਵੇਂ ਢੰਗ ਤਰੀਕੇ-ਅਪਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ੧੯੮੪ ਤੋਂ ਲੈ ਕੇ ੧੯੯੫ ਤਕ ਨਿਸ਼ਾਨਾ ਬਣਾਇਆ, ਫਿਰ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਤੇ ਹੁਣ ਹਿੰਦੁਸਤਾਨ ਦੇ ਬਾਕੀ ਮੁਸਲਮਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਾਗਰਿਕਤਾ ਸੋਧ ਕਨੂੰਨ ਰਾਹੀਂ ਮੁਸਲਮਾਨਾਂ ਨਾਲ਼ ਖੁੰਦਕ ਕੱਢੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੋਨਾਂ ਦਾ ਰਵੱਈਆ ਤਾਨਾਸ਼ਾਹੀ ਅਤੇ ਹਿਟਲਰ ਦੀ ਤਰ੍ਹਾਂ ਹੈ, ਫਾਸੀਵਾਦੀ ਸਰਕਾਰ ਲੋਕਾਂ ‘ਤੇ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰ ਰਹੀ ਹੈ। ਪੂਰਾ ਭਾਰਤ ਸੜ ਰਿਹਾ ਹੈ, ਥਾਂ-ਥਾਂ ‘ਤੇ ਪ੍ਰਦਰਸ਼ਨ ਹੋ ਰਹੇ ਨੇ, ਜਾਮੀਆ ਇਸਲਾਮੀਆ ਯੂਨੀਵਰਸਿਟੀ ਤੇ ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟੇ ਗਏ ਹਨ। ਇਹ ਸਰਕਾਰ ਦਾ ਇੱਕ ਬੜਾ ਪੁਰਾਣਾ ਤਰੀਕਾ ਹੈ ਕਿ ਜਦੋਂ ਪੁਲਿਸ ਨੇ ਲਾਠੀਚਾਰਜ ਕਰਨਾ ਹੋਵੇ, ਗੋਲ਼ੀ ਚਲਾਉਣੀ ਹੋਵੇ, ਪਹਿਲਾਂ ਆਪਣੇ ਬੰਦਿਆਂ ਰਾਹੀਂ ਮਹੌਲ ਹਿੰਸਕ ਅਤੇ ਖ਼ਰਾਬ ਕੀਤਾ ਜਾਂਦਾ ਹੈ, ਤਾਂ ਜੋ ਪੁਲਿਸ ਕਾਰਵਾਈ ਨੂੰ ਮੀਡੀਆ ‘ਚ ਠੀਕ ਦਰਸਾਇਆ ਜਾ ਸਕੇ।

ਉਹਨਾਂ ਕਿਹਾ ਕਿ ਏਨਾ ਕੁਝ ਹੋਣ ਦੇ ਬਾਵਜੂਦ ਵੀ ਅਮਿਤ ਸ਼ਾਹ ਬੜੀ ਬੇ-ਸ਼ਰਮੀ ਨਾਲ਼ ਕਹਿ ਰਿਹਾ ਹੈ ਕਿ ਮੈਂ ਇਹ ਐਕਟ ਵਾਪਸ ਨਹੀਂ ਲੈਣਾ। ਮੁਸਲਿਮ, ਕਾਮਰੇਡ, ਵਕੀਲ, ਅਧਿਆਪਕ, ਵਿਦਿਆਰਥੀ, ਇਤਿਹਾਸਕਾਰ ਅਤੇ ਸਿੱਖਾਂ ਦਾ ਇੱਕ ਵਰਗ ਵੀ ਸੜਕਾਂ ‘ਤੇ ਹੈ।

ਉਹਨਾਂ ਕਿਹਾ ਕਿ ਹਿੰਦੁਸਤਾਨ ਨੇ ਸਾਡੇ ਨਾਲ਼ ਜੋ ਕੁਝ ਕੀਤਾ ਹੈ, ਜਾਂ ਕਸ਼ਮੀਰੀਆਂ ਨਾਲ਼ ਜੋ ਕੁਝ ਕੀਤਾ ਜਾ ਰਿਹਾ ਹੈ, ਜਾਂ ਹਿੰਦੁਸਤਾਨ ਦੇ ਬਾਕੀ ਮੁਸਲਮਾਨਾਂ ਨਾਲ਼ ਜੋ ਕੁਝ ਹੋਣ ਜਾ ਰਿਹਾ ਹੈ। ਇਹ ਸਟੇਟ ਦਾ ਘੱਟ-ਗਿਣਤੀ ਕੌਮਾਂ ਦੇ ਖ਼ਿਲਾਫ਼ ਇੱਕ ਘਾਤਕ ਕਦਮ ਹੈ, ਤੇ ਹੁਣ ਸਿੱਖਾਂ ਦੀ ਵਾਰੀ ਫਿਰ ਆ ਸਕਦੀ ਹੈ। ਸੋ, ਸਾਨੂੰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨੀ ਪਏਗੀ ਜੇ ਅਸੀਂ ਅਣਖ਼ ਨਾਲ਼ ਜਿਊਣਾ ਹੈ ਤਾਂ ਏਕਤਾ ਅਤੇ ਸੰਘਰਸ਼ ਦੋਨੋਂ ਬਹੁਤ ਜ਼ਰੂਰੀ ਹਨ।

ਉਹਨਾਂ ਕਿਹਾ ਕਿ ਅੱਜ ਇਸ ਇਕੱਠ ਨੂੰ ਵੇਖ ਕੇ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਲੋਕਾਂ ਦੀ ਜ਼ਮੀਰ ਹਾਲੇ ਮਰੀ ਨਹੀਂ, ਲੋਕ ਡਰੇ ਨਹੀਂ, ਲੋਕ ਜਾਗਦੇ ਹਨ ਤੇ ਉਹ ਮੋਦੀ ਅਤੇ ਅਮਿਤ ਸ਼ਾਹ ਦੀਆਂ ਦਮਨਕਾਰੀ ਅਤੇ ਅੱਤਿਆਚਾਰੀ ਨੀਤੀਆਂ ਅੱਗੇ ਅੜਨ ਨੂੰ ਤਿਆਰ ਹਨ ਤੇ ਆਪਣੇ ਹੱਕ ਲੈਣ ਲਈ ਜੂਝ ਰਹੇ ਹਨ।

ਸਿੱਖ ਆਗੂਆਂ ਨੇ ਕਿਹਾ ਕਿ ਅਮਿਤ ਸ਼ਾਹ ਬੜੀ ਸ਼ਰਾਰਤ ਨਾਲ਼ ਹਿੰਦੂਆਂ ਅਤੇ ਮੁਸਲਮਾਨਾਂ ‘ਚ ਇੱਕ ਵਾਰ ਫੇਰ ਬਹੁਤ ਵੱਡਾ ਪਾੜਾ ਪਾ ਰਿਹਾ ਹੈ। ਦੇਸ਼ ‘ਚ ਮੁਸਲਮਾਨਾਂ ਦੇ ਖ਼ਿਲਾਫ਼ ਪੂਰਾ ਮਹੌਲ ਸਿਰਜਿਆ ਜਾ ਰਿਹਾ ਹੈ। ਜਿਵੇਂ ਸਰਕਾਰ ਨੇ ੧੯੮੪ ਤੋਂ ਕੁਝ ਸਮਾਂ ਪਹਿਲਾਂ ਅਤੇ ਬਾਅਦ ‘ਚ ਪੰਜਾਬ ‘ਚ ਹਿੰਦੂਆਂ ਅਤੇ ਸਿੱਖਾਂ ਨੂੰ ਪਾੜਿਆ ਸੀ, ਤੇ ਬੜੀ ਸਾਜਿਸ਼ ਤਹਿਤ ਹਿੰਦੂਆਂ ਦੇ ਮਨਾਂ ‘ਚ ਸਿੱਖਾਂ ਖਿਲਾਫ਼ ਮਹੌਲ ਸਿਰਜਿਆ ਸੀ ਤੇ ਫੇਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਚਾਲੀ ਦੇ ਕਰੀਬ ਗੁਰਧਾਮਾਂ ‘ਤੇ ਹਮਲਾ ਕੀਤਾ ਅਤੇ ਨਵੰਬਰ ੧੯੮੪ ‘ਚ ਸਿੱਖਾਂ ਦੀ ਨਸਲਕੁਸ਼ੀ ਹੋਈ ਅਤੇ ਇੱਕ ਦਹਾਕਾ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏੇ ਸਨ।

ਉਹਨਾਂ ਕਿਹਾ ਕਿ ਅਮਿਤ ਸ਼ਾਹ ਆਪਣੇ ਬਿਆਨਾਂ ‘ਚ ਕਹਿ ਰਿਹਾ ਹੈ ਕਿ ਹਿੰਦੁਸਤਾਨ ‘ਚ ਹਿੰਦੂ, ਸਿੱਖ, ਬੋਧੀ ਤੇ ਈਸਾਈ ਪੂਰੇ ਮਾਣ-ਸਨਮਾਨ ਨਾਲ਼ ਰਹਿਣਗੇ, ਮੁਸਲਮਾਨ ਸ਼ਬਦ ਵਿੱਚੋਂ ਗਾਇਬ ਹੈ। ਮੁਸਲਮਾਨਾਂ ਦੀ ਪੂਰੀ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਖੁਸ਼ੀ ਓਦੋਂ ਹੋਵੇਗੀ ਜਦ ਮੁਸਲਮਾਨਾਂ ਨੂੰ ਵੀ ਇਸ ਦੇਸ਼ ਦੇ ਬਰਾਬਰ ਦੇ ਨਾਗਰਿਕ ਮੰਨਿਆ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਜਿਸ ਦਿਨ ਅਫ਼ਜ਼ਲ ਗੁਰੂ ਨੂੰ ਫਾਂਸੀ ਹੋਈ ਜਾਂ ਜਿਸ ਦਿਨ ਕਸ਼ਮੀਰੀ ਮੁਸਲਮਾਨਾਂ ‘ਤੇ ਜ਼ੁਲਮ ਹੋ ਰਿਹਾ ਸੀ, ਉਸ ਦਿਨ ਹਿੰਦੁਸਤਾਨ ਦਾ ਮੁਸਲਮਾਨ ਚੁੱਪ ਸੀ, ਉਹਨਾਂ ਨੂੰ ਇੰਝ ਲਗਦਾ ਸੀ ਕਿ ਇਹ ਸਾਡੇ ‘ਤੇ ਵਾਰ ਨਹੀਂ, ਇਹ ਤਾਂ ਕਸ਼ਮੀਰੀਆਂ ‘ਤੇ ਹੱਲਾ ਹੈ ਪਰ ਉਹ ਭੁੱਲ ਗਏ ਸੀ ਜਿਸ ਤਰ੍ਹਾਂ ਅੱਜ ਕੁਝ ਸਿੱਖ ਭੁੱਲ ਰਹੇ ਨੇ ਕਿ ਇਹ ਤਾਂ ਸਿਰਫ਼ ਮੁਸਲਮਾਨਾਂ ‘ਤੇ ਵਾਰ ਹੈ। ਉਹਨਾਂ ਕਿਹਾ ਕਿ ਇਹ ਵਾਰੀ ਸਿੱਖਾਂ, ਦਲਿਤਾਂ ਅਤੇ ਈਸਾਈਆਂ ਦੀ ਵੀ ਆਉਣੀ ਹੈ। ਉਹਨਾਂ ਕਿਹਾ ਕਿ ਜੇਕਰ ਧਾਰਮਿਕ ਅਤੇ ਨਸਲੀ ਘੱਟ-ਗਿਣਤੀ ਕੌਮਾਂ ਨੇ ਆਪਣਾ ਭਵਿੱਖ ਬਚਾਉਣਾ ਹੈ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ।

ਸਿੱਖ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਕਦੇ ਵੀ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ ਤੇ ਕਸ਼ਮੀਰ ਅਤੇ ਜਾਮੀਆ ਤੇ ਸ਼ਾਹੀਨ ਬਾਗ ਵੀ ਕਦੇ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ। ਇਹ ਸੁਣ ਕੇ ਲੋਕ ਝੂਮ ਉੱਠੇ ਤੇ ਤਾੜੀਆਂ ਦੀ ਵਰਖਾ ਹੋ ਗਈ।

ਸਿੱਖ ਆਗੂਆਂ ਦੇ ਸੰਬੋਧਨ ਸਮੇਂ ਮੁਸਲਿਮ ਭਾਈਚਾਰੇ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਕਿਹਾ ਕਿ ਜਿੰਨਾ ਚਿਰ ਤਕ ਸਿੱਖ ਭਾਈਚਾਰਾ ਸਾਡੇ ਨਾਲ਼ ਹੈ, ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਕਸ਼ਮੀਰ ਦੇ ਸਿੱਖ ਨੌਜਵਾਨ ਆਗੂ ਭਾਈ ਅੰਗਦ ਸਿੰਘ ਨੇ ਬੜੀ ਪ੍ਰਭਾਵਸ਼ਾਲੀ ਤਕਰੀਰ ਕੀਤੀ ਤੇ ਅਜ਼ਾਦੀ ਦੇ ਨਾਅਰੇ ਲਾ ਕੇ ਸਭ ਲੋਕਾਂ ਨੂੰ ਕੀਲ ਲਿਆ।

ਮੁਸਲਿਮ ਭਰਾਵਾਂ ਨੇ ਸਾਨੂੰ ਓਥੇ ਅਪਣੱਤ ਦਾ ਅਹਿਸਾਸ ਕਰਵਾਇਆ। ਜਦ ਅਸੀਂ ਵਾਪਸ ਜਾਣ ਲੱਗੇ ਤਾਂ ਹਰ ਮੁਸਲਿਮ ਮਰਦ, ਔਰਤ ਤੇ ਨੌਜਵਾਨ ਸਾਡਾ ਧੰਨਵਾਦ ਕਰ ਰਿਹਾ ਸੀ, ਇਹ ਅਦਭੁੱਤ ਨਜ਼ਾਰਾ ਵੇਖਣ ਹੀ ਵਾਲ਼ਾ ਸੀ। ਨੌਜਵਾਨ ਸਾਡੇ ਗਲ਼ੇ ਲਗ ਰਹੇ ਸਨ, ਸਾਡੇ ਹੱਥ ਚੁੰਮ ਰਹੇ ਸਨ, ਸਾਨੂੰ ਆਪਣੇ ਵੱਡੇ ਭਰਾ ਦਸ ਰਹੇ ਸਨ ਤੇ ਕਹਿ ਰਹੇ ਸਨ ਕਿ ਤੁਸੀਂ ਅੱਲਾਹ-ਤਾਲ਼ਾ, ਖੁਦਾ ਦੇ ਬੰਦੇ ਹੋ ਤੇ ਸਾਡੇ ਲਈ ਫਰਿਸ਼ਤੇ ਬਣ ਕੇ ਉੱਤਰੇ ਹੋ।

ਫਿਰ ਉਹਨਾਂ ਨੇ ਸਾਨੂੰ ਪ੍ਰਸ਼ਾਦਾ-ਪਾਣੀ ਛਕਾਇਆ ਤੇ ਬੜੇ ਸਤਿਕਾਰ ਨਾਲ ਜਿਵੇਂ ਤਾੜੀਆਂ ਦੀ ਗੂੰਜ ‘ਚ ਸਾਡਾ ਸਵਾਗਤ ਕੀਤਾ ਸੀ ਓਵੇਂ ਹੀ ਤਾੜੀਆਂ ਦੀ ਗੂੰਜ ‘ਚ ਸਾਨੂੰ ਵਿਦਾ ਕੀਤਾ। ਇਹ ਇਤਿਹਾਸਕ ਪਲ਼ ਸਾਨੂੰ ਕਦੇ ਵੀ ਨਹੀਂ ਭੁੱਲ ਸਕਦੇ। ਅਸੀਂ ਲੈ ਕੇ ਰਹਾਂਗੇ ਅਜ਼ਾਦੀ, ਇਹ ਹੱਕ ਹੈ ਸਾਡਾ ਅਜ਼ਾਦੀ, ਅਸੀਂ ਖੋਹ ਕੇ ਲਵਾਂਗੇ ਅਜ਼ਾਦੀ, ਅਸੀਂ ਲੜ ਕੇ ਲਵਾਂਗੇ।

– ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883 GM

 

 

Follow me on Twitter

Contact Us